ਨਵਾਂਸ਼ਹਿਰ 9 ਫਰਵਰੀ 2021 - ਬੀਤੇ ਕੱਲ੍ਹ ਨਵਾਂਸ਼ਹਿਰ ਪੁਲਿਸ ਵਲੋਂ ਕਿਸਾਨਾਂ ਉੱਤੇ ਕੀਤੇ ਗਏ ਲਾਠੀਚਾਰਜ ਦੀ ਚੁਫੇਰਿਓਂ ਸਖਤ ਨਿੰਦਾ ਹੋ ਰਹੀ ਹੈ।ਅੱਜ ਇੱਥੇ ਡੈਮੋਕ੍ਰੇਟਿਕ ਲਾਇਰਜ਼ ਐਸੋਸੀਏਸ਼ਨ ਦੇ ਸੂਬਾ ਕਨਵੀਨਰ ਦਲਜੀਤ ਸਿੰਘ ਐਡਵੋਕੇਟ, ਜਮਹੂਰੀ ਅਧਿਕਾਰ ਸਭਾ ਦੇ ਜਿਲਾ ਸਕੱਤਰ ਜਸਬੀਰ ਦੀਪ,ਡਾਕਟਰ ਚਮਨ ਲਾਲ,ਇਫਟੂ ਦੇ ਜਿਲਾ ਆਗੂਆਂ ਗੁਰਦਿਆਲ ਰੱਕੜ, ਅਸ਼ੋਕ ਕੁਮਾਰ,ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਬਿੱਕਰ ਸਿੰਘ ਅਤੇ ਨਿਰਮਲ ਸਿੰਘ ਬਰਨਾਲਾ ਨੇ ਮੀਟਿੰਗ ਕਰਕੇ ਨਵਾਂਸ਼ਹਿਰ ਪੁਲਸ ਦੀ ਇਸ ਕਾਰਵਾਈ ਨੂੰ ਸਿਰੇ ਦੀ ਜਾਬਰ ਅਤੇ ਵਹਿਸ਼ੀ ਕਾਰਵਾਈ ਕਰਾਰ ਦਿੱਤਾ ਹੈ।
ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੀ ਮੋਦੀ ਸਰਕਾਰ ਵਾਗੂੰ ਕਿਸਾਨਾਂ ਨਾਲ ਹੋਛੇ ਹੱਥਕੰਡਿਆਂ ਉੱਤੇ ਉਤਰ ਆਈ ਹੈ।ਇਸ ਸਰਕਾਰ ਵੱਲੋਂ ਕਿਸਾਨਾਂ ਨੂੰ ਉਹਨਾਂ ਦੇ ਰੋਸ ਪ੍ਰਦਰਸ਼ਨ ਅਤੇ ਘਿਰਾਓ ਕਰਨ ਦੇ ਜਮਹੂਰੀ ਅਤੇ ਸੰਵਿਧਾਨਕ ਹੱਕਾਂ ਨੂੰ ਕੁਚਲਣ ਦੇ ਯਤਨ ਕੀਤੇ ਗਏ ਹਨ ਜਿਸਨੂੰ ਸਹਿਣ ਨਹੀਂ ਕੀਤਾ ਜਾ ਸਕਦਾ।ਉਹਨਾਂ ਕਿਹਾ ਕਿ ਦਿੱਲੀ ਵਿਚ ਕਿਸਾਨਾਂ ਦੇ ਰਾਹਾਂ ਵਿਚ ਕਿੱਲ ਗੱਡਣ ਅਤੇ ਕੰਕਰੀਟ ਦੀਆਂ ਦੀਵਾਰਾਂ ਖੜੀਆਂ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਪੰਜਾਬ ਅੰਦਰ ਚੈਨ ਅਤੇ ਆਰਾਮ ਨਾਲ ਨਹੀੰ ਵਿਚਰਨ ਦਿੱਤਾ ਜਾਵੇਗਾ।
ਪੰਜਾਬ ਸਰਕਾਰ ਭਾਜਪਾ ਆਗੂਆਂ ਦੇ ਕੁਕਰਮਾਂ ਵਿਚ ਉਹਨਾਂ ਨੂੰ ਸੁਰੱਖਿਆ ਦੇ ਕੇ ਖੁਦ ਵੀ ਪਾਪਾਂ ਦੀ ਭਾਗੀ ਬਣ ਰਹੀ ਹੈ।ਅਜਿਹਾ ਕਰਕੇ ਪੰਜਾਬ ਸਰਕਾਰ ਆਪਣੇ ਚਿਹਰੇ ਉੱਤੋਂ ਕਿਸਾਨ ਹਿੱਤੂ ਹੋਣ ਦਾ ਨਕਾਬ ਖੁਦ ਹੀ ਉਤਾਰ ਰਹੀ ਹੈ।ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਨਾਲ ਹੋਰ ਵਰਗਾਂ ਵਿਚ ਵੀ ਭਾਜਪਾ ਵਿਰੁੱਧ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਲੋਕਾਂ ਦਾ ਇਹ ਗੁੱਸਾ ਵੱਖ ਵੱਖ ਢੰਗ ਤਰੀਕਿਆਂ ਨਾਲ ਪ੍ਰਗਟ ਹੋ ਰਿਹਾ ਹੈ।ਭਾਜਪਾ ਨੂੰ ਇਸਦੇ ਕੀਤੇ ਦਾ ਫਲ ਭੁਗਤਣਾ ਪੈ ਰਿਹਾ ਹੈ।