ਅਸ਼ੋਕ ਵਰਮਾ
ਬਰਨਾਲਾ, 7 ਫਰਵਰੀ 2021 - ਮੋਦੀ ਹਕੂਮਤ ਦੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਜਮਾਤੀ ਸਾਂਝ ਦੀਆਂ ਤੰਦਾਂ ਨੂੰ ਮਜਬੂਤ ਕਰਦਿਆਂ ਅੱਜ ਨਾਨੂ ਗੌਰੀ ,ਨਆ ਪੱਤਰਿਕਾ, ਅਤੇ ਅੰਗਰੇਜੀ ਦੀ ਵੈਬਪੋਰਟਲ ਗੌਰੀ ਲੰਕੇਸ਼ ਨਿਊਜ਼ ਦੀਆਂ ਪ੍ਰਤੀਨਿਧ ਮਮਤਾ ਅਤੇ ਸਵਾਤੀ ਨੇ ਪੰਜਾਬ ਦੇ ਕਿਸਾਨਾਂ ਵੱਲੋਂ ਚਾਰ ਮਹੀਨੇ ਤੋਂ ਵੱਧ ਸਮੇਂ ਤੋਂ ਚਲਾਏ ਜਾ ਰਹੇ ਲਗਤਾਰ ਸੰਘਰਸ਼ ਨੂੰ ਜਾਨਣ ਲਈ ਔਰਤ ਕਿਸਾਨ ਆਗੂਆਂ,ਜੁਝਾਰੂ ਕਿਸਾਨ ਕਾਫਲਿਆਂ ਨਾਲ ਪੂਰਾ ਦਿਨ ਖੇਤੀ ਸੰਕਟ ਬਾਰੇ ਗੰਭੀਰ ਵਿਚਾਰ ਵਟਾਂਦਰਾ ਕੀਤਾ। ਉਹਨਾਂ ਅੱਜ ਕਿਸਾਨ ਆਗੂਆਂ, ਸੰਘਰਸ਼ਾਂ ਵਿੱਚ ਸ਼ਾਮਲ ਔਰਤ ਕਾਰਕੁਨਾਂ ਤੋਂ ਵੀ ਕਿਸਾਨ ਘੋਲ ਬਾਰੇ ਜਾਣਕਾਰੀ ਹਾਸਲ ਕੀਤੀ। ਉਹਨਾਂ ਸਿੰਘੂ, ਟਿਕਰੀ ਬਾਰਡਰ ਤੇ ਕਿਸਾਨ ਕਾਫਲਿਆਂ ਨਾਲ ਬਿਤਾਏ ਪਲ ਵੀ ਸਾਂਝੇ ਕੀਤੇ। ਇਸ ਮੌਕੇ ਉਹਨਾਂ ਕਿਹਾ ਕਿ ਕਰਨਾਟਕ ਭਲੇ ਹੀ ਪੰਜਾਬ ਦੇ ਕਿਸਾਨਾਂ ਕੋਲੋਂ ਸੈਂਕੜੇ ਕਿਲੋਮੀਟਰ ਦੂਰ ਹੈ, ਪਰ ਖੇਤੀ ਸੰਕਟ ਦੀਆਂ ਜੜਾਂ ਇੱਕੋ ਜਿਹੀਆਂ ਹਨ।
ਉਹਨਾਂ ਕਿਹਾ ਕਿ ਇਸ ਖਿੱਤੇ ’ਚ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ ਜਿਹੀਆਂ ਲੁਟੇਰੀਆਂ ਸਾਮਰਾਜੀ ਸੰਸਥਾਵਾਂ ਦੇ ਦਬਾਅ ਤਹਿਤ ਲਾਗੂ ਕੀਤੀਆਂ ਜਾ ਰਹੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਸਾਡੇ ਲਹਿਰਾਉਂਦੇ ਖੇਤਾਂ ਨੂੰ ਸੌਪਣ ਲਈ ਬਾਜ ਅੱਖ ਰੱਖੀ ਹੋਈ ਹੈ। ਉਹਨਾਂ ਦੱਸਿਆ ਕਿ ਇਸੇ ਹੀ ਤਰਾਂ ਕਰਨਾਟਕਾ ਅੰਦਰ ਪੈਦਾ ਕੀਤੀ ਜਾਂਦੀ ਕੌਫੀ ਵਰਗੀ ਖੇਤੀ ਨੂੰ ਵੀ ਦੇਸੀ-ਬਦੇਸ਼ੀ ਬਹੁਕੌਮੀ ਕੰਪਨੀਆਂ ਨੂੰ ਸੌਂਪਣ ਲਈ ਤਿਆਰੀਆਂ ਵਿੱਢੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੇ ਇਹਨਾਂ ਕਦਮਾਂ ਨੇ ਮੁਲਕ ਦੀ ਕਿਸਾਨੀ ਕਿੱਤਾ ਅਤੇ ਪੇਂਡੂ ਸੱਭਿਅਤਾ ਸੰਕਟ ਦੇ ਮੂੰਹ ਧੱਕ ਦਿੱਤੀ ਹੈ। ਉਹਨਾਂ ਕਿਹਾ ਕਿ ਖੁਦਕਸ਼ੀਆਂ ਦਾ ਦੌਰ ਵੀ ਅਖੌਤੀ ਹਰੇ ਇਨਕਲਾਬ ਦੇ ਖਿੱਤਿਆਂ ਤੋਂ ਅੱਗੇ ਕਰਨਾਟਕਾ ਵਰਗੇ ਰਾਜਾਂ ਅੰਦਰ ਪੈਰ ਪਸਾਰ ਰਿਹਾ ਹੈ।
ਮਮਤਾ ਅਤੇ ਸਵਾਤੀ ਨੇ ਕਿਹਾ ਕਿ ਸਾਡੇ ਵਾਸਤੇ ਮਾਣ ਕਰਦਿਆਂ ਸਿੱਖਣ ਵਾਲੀ ਗੱਲ ਹੈ ਕਿ ਕਿਵੇਂ ਪੰਜਾਬ ਦੇ ਜੁਝਾਰੂ ਕਿਸਾਨ ਕਾਫਲੇ ਸਿਰੜੀ ਸੰਘਰਸ਼ ਵਿੱਚ ਬੱਚਿਆਂ ਤੋਂ ਬਜ਼ੁਰਗਾਂ ਤੱਕ ਸਾਂਝੀ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। ਆਪਣੀ ਠਹਿਰ ਦੌਰਾਨ ਉਹਾਔਰਤ ਕਿਸਾਨ ਆਗੂਆਂ ਅਮਰਜੀਤ ਕੌਰ, ਪ੍ਰੇਮਪਾਲ ਕੌਰ, ਜਸਪਾਲ ਕੌਰ, ਮਨਜੀਤ ਕੌਰ, ਪਰਮਜੀਤ ਕੌਰ ਤੋਂ ਇਲਾਵਾ ਬਲਵੰਤ ਉੱਪਲੀ, ਗੁਰਦੇਵ ਮਾਂਗੇਵਾਲ, ਬਾਬੂ ਸਿੰਘ ਖੁੱਡੀਕਲਾਂ, ਮਲਕੀਤ ਸਿੰਘ ਈਨਾ, ਹਰਚਰਨ ਚਹਿਲ ,ਹਰਚਰਨ ਚੰਨਾ ਅਤੇ ਗੁਰਮੇਲ ਠੁੱਲੀਵਾਲ ਨਾਲ ਵੀ ਕਿਸਾਨੀ ਸੰਕਟ ਪ੍ਰਤੀ ਵਿਚਾਰਾਂ ਕੀਤੀਆਂ। ਮਮਤਾ ਅਤੇ ਸਵਾਤੀ ਨੇ ਕਿਹਾ ਕਿ ਸਾਡੇ ਲਈ ਇਹ ਬੇਸ਼ਕੀਮਤੀ ਸਾਂਝੇ ਸੰਘਰਸ਼ਾਂ ਦਾ ਤਜਰਬਾ ਭਵਿੱਖ ਦੇ ਸੰਕਟ ਦੇ ਸਨਮੁੱਖ ਉੱਠਣ ਵਾਲੇ ਜਨ ਅੰਦੋਲਨਾਂ ਲਈ ਬਹੁਤ ਸਹਾਈ ਹੋਵੇਗਾ।