- ਲੰਗੜੋਆ ਦੇ ਜਾਮ ਲਈ ਤਿਆਰੀਆਂ ਮੁਕੰਮਲ
ਨਵਾਂ ਸ਼ਹਿਰ 5 ਫਰਵਰੀ 2021 - ਕਿਰਤੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚਾ ਦਿੱਲੀ ਦਾ ਸੱਦਾ 6 ਫਰਵਰੀ ਨੂੰ 12 ਵਜੇ ਤੋਂ 3 ਵਜੇ ਤੱਕ ਲੰਗੜੋਆ ਬਾਈਪਾਸ ਉੱਤੇ ਜਾਮ ਲਾਕੇ ਲਾਗੂ ਕਰੇਗੀ।ਜਾਣਕਾਰੀ ਦਿੰਦਿਆਂ ਯੂਨੀਅਨ ਦੇ ਆਗੂਆਂ ਭੁਪਿੰਦਰ ਸਿੰਘ ਵੜੈਚ, ਕੁਲਵਿੰਦਰ ਸਿੰਘ ਵੜੈਚ, ਤਰਸੇਮ ਸਿੰਘ ਬੈਂਸ, ਮੱਖਣ ਸਿੰਘ ਭਾਨਮਜਾਰਾ, ਪਾਖਰ ਸਿੰਘ ਅਸਮਾਨ ਪੁਰ ਨੇ ਦੱਸਿਆ ਕਿ ਜਾਮ ਲਾਉਣ ਲਈ ਲੰਗੜੋਆ ਬਾਈਪਾਸ ਬਹੁਤ ਹੀ ਢੁਕਵੀਂ ਅਤੇ ਸਥਾਪਤ ਜਗਾਹ ਹੈ।ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਇਸ ਥਾਂ ਕਾਫਲੇ ਬੰਨ੍ਹ ਕੇ ਪਹੁੰਚਣ।
ਉਹਨਾਂ ਦੱਸਿਆ ਕਿ ਇਸ ਜਾਮ ਦੇ ਸਮਰਥਨ ਵਿਚ ਕਿਸਾਨਾਂ ਦੇ ਨਾਲ ਮਜਦੂਰ ,ਔਰਤਾਂ, ਵਿਦਿਆਰਥੀ, ਡਾਕਟਰ,ਨੌਜਵਾਨ,ਮੁਲਾਜ਼ਮ, ਟਰਾਂਸਪੋਰਟਰ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਡੀ ਪੱਧਰ ਉੱਤੇ ਸ਼ਮੂਲੀਅਤ ਕਰ ਰਹੀਆਂ ਹਨ।ਰੇਹੜੀ ਵਰਕਰਜ਼ ਯੂਨੀਅਨ, ਟਰੱਕ ਯੂਨੀਅਨ, ਆਟੋ ਵਰਕਰਜ਼ ਯੂਨੀਅਨ,ਪੰਜਾਬ ਸਟੂਡੈਂਟਸ ਯੂਨੀਅਨ, ਪੇਂਡੂ ਮਜਦੂਰ ਯੂਨੀਅਨ, ਭੱਠਾ ਵਰਕਰਜ਼ ਯੂਨੀਅਨ,ਇਸਤਰੀ ਜਾਗ੍ਰਿਤੀ ਮੰਚ ਆਦਿ ਜਥੇਬੰਦੀਆਂ ਵੱਡੀ ਪੱਧਰ ਉੱਤੇ ਆਪਣੇ ਵਰਕਰ ਲੈਕੇ ਪੁੱਜ ਰਹੀਆਂ ਹਨ।ਉਹਨਾਂ ਕਿਹਾ ਕਿ ਇਹ ਇਕੱਠ ਲਾਮਿਸਾਲ ਇਕੱਠ ਹੋਵੇਗਾ।ਸਾਰਿਆਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ 26ਜਨਵਰੀ ਨੂੰ ਦਿੱਲੀ ਵਿਚ ਆਪਣੇ ਖੁਫੀਆ ਤੰਤਰ, ਆਰ.ਐਸ. ਐਸ ਦੇ ਕਾਰਕੁਨਾਂ, ਸਰਕਾਰ ਦੇ ਹੱਥਠੋਕਿਆਂ ਕਿਸਾਨੀ ਘੋਲ ਦੇ ਗੱਦਾਰਾਂ ਰਾਹੀਂ ਕਿਸਾਨੀ ਘੋਲ ਨੂੰ ਭਾਰੀ ਸੱਟ ਮਾਰੀ ਸੀ ਪਰ ਲੋਕਾਂ ਨੇ ਸਭ ਸਰਕਾਰੀ ਸਾਜਿਸ਼ਾਂ ਨੂੰ ਦਰਕਿਨਾਰ ਕਰਦਿਆਂ ਇਸ ਘੋਲ ਵਿਚ ਨਵੀਂ ਰੂਹ ਪਾ ਦਿੱਤੀ ਹੈ।ਇਹ ਘੋਲ ਹੁਣ ਦਿੱਲੀ ਦੀ ਹਕੂਮਤ ਅਤੇ ਸਮੁੱਚੇ ਦੇਸ਼ ਵਾਸੀਆਂ ਦਾ ਘੋਲ ਬਣ ਚੁੱਕਾ ਹੈ।ਇਸ ਘੋਲ ਨੂੰ ਕੌਮਾਂਤਰੀ ਹਸਤੀਆਂ ਨੇ ਆਪਣਾ ਸਮਰਥਨ ਦੇਕੇ ਵਸ਼ਵ ਭਰ ਵਿਚ ਇਸਦੀ ਵਾਜਵੀਅਤ ਅਤੇ ਸਰਕਾਰ ਦੀਆਂ ਘਟੀਆ ਨੀਤੀਆਂ ਨੂੰ ਦੁਨੀਆਂ ਦੇ ਸਾਹਮਣੇ ਲਿਆਂਦਾ ਹੈ।ਇਸ ਘੋਲ ਵਿਚ ਲੋਕਾਂ ਦਾ ਜੋਸ਼ ਹੋਰ ਵੀ ਤਿੱਖਾ ਹੋਇਆ ਹੈ।ਹੁਣ ਮੋਦੀ ਸਰਕਾਰ ਹੱਥ ਪੈਰ ਮਾਰਦਿਆਂ ਹਾਰੀ ਜਾ ਚੁੱਕੀ ਲੜਾਈ ਲੜ ਰਹੀ ਹੈ।