ਅਸ਼ੋਕ ਵਰਮਾ
ਬਰਨਾਲਾ, 2 ਫਰਵਰੀ 2021 - ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਤਿੰਨੇ ਖੇਤੀ ਵਿਰੋਧੀ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਰੱਦ ਕਰਵਾਉਣ ਲਈ ਚੱਲ ਰਿਹਾ ਸਾਂਝਾ ਕਿਸਾਨ ਸੰਘਰਸ਼ 125 ਵੇਂ ਦਿਨ ਵਿੱਚ ਦਾਖਲ ਹੋ ਗਿਆ। ਅੱਜ ਬੁਲਾਰੇ ਆਗੂਆਂ ਸਾਹਿਬ ਸਿੰਘ ਬਡਬਰ, ਕੁਲਵਿੰਦਰ ਸਿੰਘ ਉੱਪਲੀ, ਕਰਨੈਲ ਸਿੰਘ ਗਾਂਧੀ ਗੁਰਚਰਨ ਸਿੰਘ ,ਧਰਮਪਾਲਕੌਰ, ਜਸਪਾਲ ਕੌਰ, ਅਮਰਜੀਤ ਕੌਰ,ਜਸਪਾਲ ਚੀਮਾ, ਦਰਸ਼ਨ ਚੀਮਾ, ਹਰਚਰਨ ਚੰਨਾ,ਯਾਦਵਿੰਦਰ ਸਿੰਘ ਚੌਹਾਣਕੇ,ਮਾ. ਨਿਰੰਜਣ ਸਿੰਘ ਠੀਕਰੀਵਾਲ,ਮੇਲਾ ਸਿੰਘ ਕੱਟੂ ਨੇ ਵਿੱਤ ਮੰਤਰੀ ਸੀਤਾਰਮਨ ਵੱਲੋਂ ਪੇਸ਼ ਕੀਤੇ ਬਜਟ ਉੱਪਰ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਇਸ ਨੂੰ ਕਿਸਾਨ ਅਤੇ ਲੋਕ ਵਿਰੋਧੀ ਕਰਾਰ ਦਿੰਦਿਆਂ ਮੋਦੀ ਹਕੂਮਤ ਦੇ ਮਾਰੂ ਹੱਲੇ ਨੂੰ ਪਛਾੜਨ ਲਈ ਕਿਸਾਨਾਂ ਮਜਦੂਰਾਂ ਸਮੇਤ ਹੋਰ ਸੱਭੇ ਮਿਹਨਤਕਸ਼ਾਂ ਨੂੰ ਸਾਂਝੇ ਸੰਘਰਸ਼ ਲਾਮਬੰਦੀ ਲਈ ਅੱਗੇ ਆਉਣ ਦੀ ਲੋੜ ਤੇ ਜੋਰ ਦਿੱਤਾ।
ਉਹਨਾਂ ਆਖਿਆ ਕਿ ਸਮੇਂ ਸਮੇਂ ਦੀਆਂ ਹਕੂਮਤਾਂ ਵੱਲੋਂ ਲਿਆਂਦੀਆਂ ਕਿਸਾਨ ਤੇ ਲੋਕ ਵਿਰੋਧੀ ਨੀਤੀਆਂ ਕਾਰਨ ਸੰਕਟ ਦੇ ਮੂੰਹ ਧੱਕੇ ਕਿਸਾਨ ਪੰਜਾਬ ’ਚ ਰੇਲਵੇ ਸਟੇਸ਼ਨਾਂ, ਰਿਲਾਇੰਸ ਮਾਲ,ਅਡਾਨੀ ਸੋਲੋ ਪਾਲਾਂਟਾਂ ,ਪਟਰੋਲ ਪੰਪਾਂ ਅਤੇ ਭਾਜਪਾ ਆਗੂਆਂ ਦੇ ਦਰ ਮੱਲਣ ਤੋਂ ਬਾਅਦ ਲੱਖਾਂ ਦੀ ਤਾਦਾਦ ਵਿੱਚ ਟਿੱਕਰੀ, ਸਿੰਘ, ਗਾਜੀਪੁਰ ਆਦਿ ਬਾਰਡਰਾਂ ਉੱਪਰ ਦੋ ਮਹੀਨੇ ਤੋਂ ਵੀ ਵਧੇਰੇ ਸਮੇਂ ਤੋਂ ਬੈਠੇ ਹਨ। ਉਹਨਾਂ ਕਿਹਾ ਕਿ ਇੱਕ ਪਾਸੇ ਮੋਦੀ ਹਕੂਮਤ ਅਤੇ ਗੋਦੀ ਮੀਡੀਆ ਸਾਰਾ ਟਿੱਲ ਖੇਤੀ ਕਾਨੂੰਨਾਂ ਨੂੰ ਕਿਸਾਨ ਪੱਖੀ ਦਰਸਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਅਤੇ ਦੂਜੇ ਪਾਸੇ ਕੇਂਦਰੀ ਬਜਟ ਵਿੱਚ ਕਿਸਾਨੀ ਲਈ ਪਿਛਲੇ ਸਾਲ ਦੇ 1.42 ਲੱਖ ਕਰੋੜ ਰੁ. ਦੇ ਮੁਕਾਬਲੇ 1.31 ਲੱਖ ਮੁਕਾਬਲੇ ਰਕਮ ਰੱਖੀ ਗਈ ਹੈ। ਇਸੇ ਤਰਾਂ ਹੀ ਮਗਨਰੇਗਾ ਲਈ ਵੀ 34.52 ਫੀਸਦੀ ਬਜਟ ਘਟਾ ਦਿੱਤਾ ਗਿਆ ਹੈ ਅਤੇ ਇਹੋ ਹਾਲ ਸਿੱਖਿਆ ਖੇਤਰ ਦਾ ਹੈ।
ਬੁਲਾਰਿਆਂ ਕਿਹਾ ਕਿ ਇਸ ਤੋਂ ਸਾਫ ਹੈ ਕਿ ਮੋਦੀ ਹਕੂਮਤ ਨੂੰ ਸਿਰਫ ਚੰਦ ਕੁ ਉੱਚ ਅਮੀਰ ਘਰਾਣਿਆਂ(ਅਡਾਨੀਆਂ-ਅੰਬਾਨੀਆਂ) ਦੇ ਹਿੱਤਾਂ ਦਾ ਫਿਕਰ ਹੈ। ਬਜਟ ਦੀ ਸਮੁੱਚੀ ਤਰਤੀਬ ਵੀ ਉਹਨਾਂ ਦੇ ਅਨੁਸਾਰ ਹੀ ਹੈ।ਬੇਰੁਜਗਾਰੀ ਦੀ ਦਰ ਜੋ 45 ਸਾਲਾਂ ਦੇ ਸਭ ਤੋਂ ਉੱਚੇ ਪੱਧਰ ਤੇ ਚਲੀ ਗਈ ਹੈ, ਬਾਰੇ ਵੀ ਸਮੁੱਚਾ ਬਜਟ ਚੁੱਪ ਹੈ।ਕਰਜੇ ਦੇ ਨਪੀੜੇ ਕਿਸਾਨਾਂ ਨੂੰ ਹੋਰ ਵੱਧ ਕਰਜਈ ਬਨਾਉਣ ਲਈ ਬੈਂਕ ਕਰਜਾ ਵਧਾ ਦਿੱਤਾ ਗਿਆ ਹੈ। ਹਾਲਾਂ ਕਿ ਹਕੀਕਤ ਇਹ ਵੀ ਹੈ ਵੱਡੀ ਕਿਸਾਨੀ ਵਸੋਂ ਬੈਂਕਾਂ ਕੋਲੋਂ ਕਰਜਾ ਹਾਸਲ ਕਰਨ ਦੀ ਪਹੁੰਚ ਹੀ ਨਹੀਂ ਰਖਦੀ। ਵੱਡੀ ਮਾਤਰਾ ਵਿੱਚ ਕਿਸਾਨ ਗੈਰਸੰਸਥਾਗਤ ਸੰਸਥਾਵਾਂ ਕੋਲੋਂ ਕਰਜਾ ਲੈਣ ਲਈ ਮਜਬੂਰ ਹਨ। ਇਸ ਚੁੰਗਲ ਵਿੱਚੋਂ ਕੱਢਣ ਲਈ ਕੇਂਦਰੀ ਬਜਟ ਵਿੱਚ ਇੱਕ ਸ਼ਬਦ ਤੱਕ ਨਹੀਂ ਹੈ। ਤਿੰਨੇ ਖੇਤੀ ਵਿਰੋਧੀ ਕਾਨੂੰਨਾਂ, ਬਿਜਲੀ ਸੋਧ ਬਿੱਲ 2020 ਅਤੇ ਪਰਾਲੀ ਵਾਲੇ ਆਰਡੀਨੈਂਸ ਬਾਰੇ ਪਾਰਲੀਮੈਂਟ ਸ਼ੈਸ਼ਨ ਵਿੱਚ ਕੋਈ ਜਿਕਰ ਨਾਂ ਹੋਣਾ ਮੋਦੀ ਹਕੂਮਤ ਦੇ ਲੋਕ ਸਰੋਕਾਰਾਂ ਨੂੰ ਤਜ ਦੇਣ ਦਾ ਸ਼ੁੱੱਧ ਨਮੂਨਾ ਹੈ।
ਉਹਨਾਂ ਕਿਹਾ ਕਿ ਮੁਲਕ ਦੇ 138 ਕਰੋੜ ਲੋਕ ਬਦ ਤੋਂ ਬਦਤਰ ਜਿੰਦਗੀ ਜਿਉਣ ਲਈ ਮਜਬੂਰ ਕੀਤੇ ਜਾ ਰਹੇ ਹਨ। ਬਜਟ ਵਿੱਚੋਂ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ, ਸੰਸਾਰ ਬੈਂਕ ਸਾਮਰਾਜੀ ਸੰਸਥਾਵਾਂ ਦੇ ਦਬਾਅ ਤਹਿਤ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਦਾ ਸ਼ੁੱਧ ਝਲਕ ਮਿਲਦੀ ਹੈ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਂਝੇ ਸੰਘਰਸ਼ ਨੂੰ ਹੋਰ ਤੇਜ ਕਰਦਿਆਂ 6 ਫਰਵਰੀ ਨੂੰ 12 ਵਜੇ ਤੋਂ 3 ਵਜੇ ਤੱਕ ਸੜਕਾਂ ਅਤੇ ਰੇਲਾਂ ਮੁਕੰਮਲ ਰੂਪ ਵਿੱਚ ਜਾਮ ਕਰਨ ਲਈ ਹੁਣੇ ਤੋਂ ਪਿੰਡਾਂ ਅੰਦਰ ਵੱਡੀ ਲਾਮਬੰਦੀ ਲਈ ਜੁਟ ਜਾਣ ਦਾ ਸੱਦਾ ਦਿੱਤਾ। ਅੱਜ ਦੀ ਭੁੱਖ ਹੜਤਾਲ ਵਿੱਚ ਸੁਖਦੇਵ ਕੌਰ,ਜਰਨੈਲ ਕੌਰ, ਬਲਜੀਤ ਕੌਰ, ਮਨਜੀਤ ਕੌਰ, ਗੁਰਮੇਲ ਕੌਰ,ਪ੍ਰੀਤਮ ਕੌਰ, ਬਲਵੀਰ ਕੌਰ, ਸੁਰਜੀਤ ਕੌਰ, ਹਰਬੰਸ ਕੌਰ ਅਤੇ ਲਾਭ ਕੌਰ ਸ਼ਾਮਿਲ ਹੋਈਆਂ। ਨਰਿੰਦਰਪਾਲ ਸਿੰਗਲਾ, ਬਹਾਦਰ ਸਿੰਘ ਧਨੌਲਾ, ਸਰਦਾਰਾ ਸਿੰਘ ਮੌੜ ਨੇ ਇਨਕਲਾਬੀ ਗੀਤ ਪੇਸ਼ ਕੀਤੇ।
ਇਸੇ ਹੀ ਤਰਾਂ ਰਿਲਾਇੰਸ ਮਾਲ ਉੱਪਰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਬੀਕੇਯੂ ਏਕਤਾ ਡਕੌਂਦਾ ਵੱਲੋਂ ਘਿਰਾਓ ਜਾਰੀ ਰਿਹਾ । ਇਸ ਸਮੇਂ ਰਾਮ ਸਿੰਘ ਕਲੇਰ, ਸੁਖਦੇਵ ਸਿੰਘ, ਅਜਮੇਰ ਸਿੰਘ, ਭੋਲਾ ਸਿੰਘ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ 6 ਫਰਵਰੀ ਦੇ ਸੱਦੇ ਨੂੰ ਸਫਲ ਬਨਾਉਣ ਲਈ ਤਨਦੇਹੀ ਨਾਲ ਜੁਟ ਜਾਣ ਦਾ ਸੱਦਾ ਦਿੱਤਾ। ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿੱਚ ਖੇਤੀ ਖੇਤਰ ਨੂੰ ਕੋਈ ਤਰਜੀਹ ਨਾਂ ਦਿੱਤੇ ਜਾਣ ਤੇ ਬੁਲਾਰਿਆਂ ਨੇ ਕਿਹਾ ਕਿ ਆਉਣ ਵਾਲੇ ਭਿਆਨਕ ਆਰਥਿਕ ਹੱਲੇ ਦੇ ਟਾਕਰੇ ਵਾਸਤੇ ਸੰਘਰਸ਼ ਦੀਆਂ ਤਿਆਰੀਆਂ ਨੂੰ ਜਰਬਾਂ ਦਿੱਤੀਆਂ ਜਾਣ।