ਅੰਮ੍ਰਿਤਸਰ, 05 ਫਰਵਰੀ 2021 - ਕਿਸਾਨ ਅੰਦੋਲਨ ਦੇ ਆਗੂਆਂ ਵਲੋਂ ਦੇਸ਼ ਭਰ ਵਿੱਚ ਚੱਕਾ ਜਾਮ ਦੇ ਦਿੱਤੇ ਸੱਦੇ ਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਪੂਰਨ ਹਮਾਇਤ ਕੀਤੀ ਹੈ ਅਤੇ ਕਿਸਾਨ ਵੀਰਾਂ ਨੂੰ ਹਰ ਤਰਾਂ ਦੇ ਸਹਿਯੋਗ ਦਾ ਪੂਰਨ ਭਰੋਸਾ ਦਿੱਤਾ ਹੈ ਅਤੇ ਨਾਲ ਹੀ ਉਨ੍ਹਾਂ ਸਾਰੇ ਹੀ ਵਰਗਾਂ ਨੂੰ ਇਸ ਜਾਮ ਵਿੱਚ ਆਪਣਾ ਸਹਿਯੋਗਮਈ ਹਿੱਸਾ ਪਾਉਣ ਦੀ ਅਪੀਲ ਵੀ ਕੀਤੀ ਹੈ।
ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵਲੋਂ ਇੱਕ ਜਾਰੀ ਕੀਤੇ ਗਏ ਬਿਆਨ ਵਿੱਚ ਨਿਹੰਗ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤਾ ਜਾ ਰਿਹਾ ਸੰਘਰਸ਼ ਬਿਲਕੁਲ ਜਾਇਜ਼ ਅਤੇ ਹੱਕਾਂ ਅਧਾਰਤ ਹੈ।ਸਰਕਾਰ ਇਸ ਨੂੰ ਕੁਚਲਣ ਦਾ ਇਰਾਦਾ ਮੂਲ਼ੋਂ ਤਿਆਗ ਦੇਵੇ।ਦੇਸ਼ ਦੀ ਰੀੜ ਦੀ ਹੱਡੀ ਅਖਵਾਉਣ ਵਾਲੀ ਸ਼੍ਰੇਣੀ ਕਿਸਾਨੀ ਨਾਲ ਜੇਕਰ ਸਰਕਾਰ ਜਬਰ, ਜ਼ੁਲਮ, ਧੱਕੇਸ਼ਾਹੀ ਕਰਦੀ ਹੈ ਤਾਂ ਇਹ ਕੰਧ ਤੇ ਲਿਖੇ ਵਾਂਗ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਸਰਕਾਰ ਦੇ ਆਪਣੇ ਰਾਜ ਤਖ਼ਤੇ ਵਿੱਚ ਜਲਦ ਹੀ ਕਿੱਲ ਠੁਕ ਜਾਣਗੇ।ਅਜਿਹੀਆਂ ਸਰਕਾਰਾਂ ਲੋਕਤੰਤਰੀ ਸਰਕਾਰਾਂ ਨਹੀਂ ਅਖਵਾ ਸਕਣਗੀਆਂ।
ਸੰਸਦ ਅੰਦਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਕਿਸਾਨ ਮੰਗਾਂ ਬਾਰੇ ਜ਼ੋਰਦਾਰ ਤਰੀਕੇ ਨਾਲ ਅਵਾਜ਼ ਉਠਾਈ ਹੈ ਦੀ ਨਿਹੰਗ ਮੁਖੀ ਨੇ ਪ੍ਰਸੰਸਾ ਕਰਦਿਆਂ ਕਿਹਾ ਕੀ ਹਾਕਮ ਏਨਾ ਗੂੰਗਾ ਬੋਲਾ ਹੋ ਗਿਆ ਕਿ ਉਸ ਨੂੰ ਸਹੀ ਅਵਾਜ਼ ਵੀ ਸੁਣ ਨਹੀਂ ਰਹੀ।ਉਨ੍ਹਾਂ ਕਿਸਾਨ ਆਗੂਆਂ ਨੂੰ ਵੀ ਅਪੀਲ ਕੀਤੀ ਹੈ ਕਿ ਸਰਕਾਰ ਦੀਆਂ ਲੂੰਬੜਚਾਲਾਂ ਤੋਂ ਸੁਚੇਤ ਰਹਿਣ, ਆਪਣੇ ਅੰਦੋਲਨ ਵਿੱਚ ਕਿਸੇ ਅਜਿਹੇ ਆਗੂ, ਅਨਸਰ ਨੂੰ ਦਾਖਲ ਨਾ ਹੋਣ ਦੇਣ ਜੋ ਅੰਦੋਲਨ ਨੂੰ ਢਾਹ ਲਾਉਣ ਵਾਲਾ ਜਾਂ ਮਾਰੂ ਅਸਰ ਪਾਉਣ ਵਾਲਾ ਹੋਵੇ।ਉਨ੍ਹਾਂ ਕਿਹਾ ਕਿ ਭਾਵੇਂ ਅਜਿਹੇ ਬੰਦ ਜਾਮਾਂ ਨਾਲ ਆਰਥਿਕ ਨੁਕਸਾਨ ਤਾਂ ਹੁੰਦਾ ਹੈ ਪਰ ਜਦ ਅੰਨੇ ਬੋਲੇ ਹਾਕਮ ਇਨਸਾਫ ਨਾ ਦੇਣ ਤਾਂ ਅਜਿਹੇ ਰਾਹ ਹੀ ਅਪਨਾਉਂਣੇ ਪੈਂਦੇ ਹਨ, ਉਨ੍ਹਾਂ ਚੱਕਾ ਜਾਮ ਦੀ ਪੂਰਨ ਹਮਾਇਤ ਕਰਦਿਆਂ ਸਭ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।