ਅਸ਼ੋਕ ਵਰਮਾ
ਬਠਿੰਡਾ,5ਫਰਵਰੀ2021:ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 17 ਫਰਵਰੀ ਨੂੰ ਰਾਮਪੁਰਾ ਸ਼ਹਿਰ ਵਿਚ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ,ਦਲਿਤਾਂ ‘ਤੇ ਹੁੰਦੇ ਜਬਰ ਅਤੇ ਕਿਸਾਨ ਮੋਰਚਿਆਂ ’ਤੇ ਕੀਤੇ ਹੱਲੇ ਵਿਰੁੱਧ ਕੀਤੀ ਜਾ ਰਹੀ ਜਿਲਾ ਪੱਧਰੀ ਕਾਨਫਰੰਸ ’ਚ ਖੇਤ ਮਜਦੂਰ ਪ੍ਰੀਵਾਰਾਂ ਸਮੇਤ ਸ਼ਾਮਲ ਹੋਣਗੇ। ਪਿੰਡ ਰਾਮਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਮਜਦੂਰ ਆਗੂ ਰਮਜ਼ਾਨ ਖਾਨ ਦੀ ਪ੍ਰਧਾਨਗੀ ਹੇਠ ਹੋਈ ਖੇਤ ਮਜ਼ਦੂਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਖੇਤ ਮਜ਼ਦੂਰਾਂ ਨੂੰ ਜੱਥੇਬੰਦ ਤੇ ਚੇਤਨ ਕਰਕੇ ਕਿਸਾਨ ਸੰਘਰਸ਼ ਨੂੰ ਵਿਸ਼ਾਲ ਤੇ ਮਜਬੂਤ ਕਰਨ ਦੇ ਮਕਸਦ ਨਾਲ ਇਹ ਕਾਨਫਰੰਸ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਦੀ ਜਿੰਦਗੀ ਨੂੰ ਤਬਾਹ ਕਰਨ ਵਾਲੇ ਕਾਲੇ ਕਾਨੂੰਨਾਂ ਵਿਰੁੱਧ ਚਲਦੇ ਸੰਘਰਸ਼ ਨੂੰ ਮੋਦੀ ਹਕੂਮਤ ਵੱਲੋਂ ਫਿਰਕੂ ਚਾਲਾਂ ਚੱਲਣ ਅਤੇ ਤਿੱਖੇ ਜਾਬਰ ਹੱਲੇ ਰਾਹੀਂ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਉਹਨਾਂ ਆਖਿਆ ਕਿ ਇਸ ਤੋਂ ਇਲਾਵਾ ਮੋਦੀ ਸਰਕਾਰ ਨੇ ਆਪਣੀ ਮੰਨੂੰਵਾਦੀ ਵਿਚਾਰਧਾਰਾ ਤਹਿਤ ਮਜ਼ਦੂਰਾਂ ‘ਤੇ ਅਣ- ਮਨੁੱਖੀ ਜਬਰ ਜੁਲਮ ਨੂੰ ਵੀ ਹੋਰ ਤੇਜ ਕੀਤਾ ਹੈ। ਔਰਤਾਂ ਦੀਆਂ ਬੇਪਤੀਆਂ ਤੇ ਬਲਾਤਕਾਰ ਕਰਕੇ ਜਲੀਲ ਕਰਨ ਅਤੇ ਕਤਲ ਦੀਆਂ ਘਟਨਾਵਾਂ ਵਧੀਆਂ ਹਨ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਹਰ ਤਬਕੇ ਦਾ ਕਚੰੂਬਰ ਕੱਢਣ ਲਈ ਬਲ ਤੇ ਛਲ ਦੀ ਨੀਤੀ ਦੇ ਹਥਿਆਰਾਂ ਦੀ ਵਰਤੋਂ ਕਰਕੇ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ‘ਤੇ ਤੁਲੀ ਹੋਈ ਹੈ। ਉਹਨਾਂ ਕੇਂਦਰੀ ਬੱਜਟ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੇ ਖੇਤ ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਨੂੰ ਹੋਰ ਵੀ ਹਾਸ਼ੀਏ ‘ਤੇ ਧੱਕਣ ਲਈ ਉਹਨਾਂ ਨੂੰ ਬਿਲਕੁਲ ਵਿਸਾਰਕੇ ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ ’ਚ ਹੋਰ ਵੀ ਵਾਧਾ ਕਰਨ ਦੀ ਨੀਤੀ ਨੂੰ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਇਸ ਦੇ ਨਾਲ ਹੀ ਜਨਤਕ ਵੰਡ ਪ੍ਰਣਾਲੀ ਨੂੰ ਖਤਮ ਕਰਨ ਦੀ ਤਿਆਰੀ ਕੀਤੀ ਜਾ ਰਾਹੀ ਹੈ ਜੋ ਬਰਦਾਸ਼ਤਯੋਗ ਨਹੀਂ ।
ਉਹਨਾਂ ਕਿਹਾ ਕਿ ਐਫ ਸੀ ਆਈ ਲਈ ਬੱਜਟ ਵਿੱਚ ਪੈਸਾ ਨਾ ਰੱਖਣਾ ਅਤੇ ਫਸਲਾਂ ਦੀ ਸਰਕਾਰੀ ਖਰੀਦ ਬਾਰੇ ਚੁੱਪ ਵੱਟਣ ਨਾਲ ਜਨਤਕ ਵੰਡ ਪ੍ਰਣਾਲੀ ਨੂੰ ਖਤਮ ਕਰਨ ਦੀ ਸਰਕਾਰੀ ਨੀਤੀ ਜੱਗ ਜਾਹਰ ਹੋਈ ਹੈ। ਉਹਨਾਂ ਕਿਹਾ ਕਿ ਮਨਰੇਗਾ ਲਈ ਪਿਛਲੇ ਸਾਲ ਨਾਲੋਂ 35 ਫੀ ਸਦੀ ਘੱਟ ਕੀਤੀ ਬੱਜਟ ਰਾਸ਼ੀ ਖੇਤ ਮਜ਼ਦੂਰਾਂ ਨੂੰ ਬੇਰੁਜ਼ਗਾਰੀ ਦੀ ਚੱਕੀ ਵਿਚ ਪਿਸਣ ਅਤੇ ਸਸਤੀਆਂ ਦਰਾਂ ‘ਤੇ ਮਜਦੂਰੀ ਕਰਨ ਲਈ ਮਜਬੂਰ ਕਰੇਗੀ। ਉਹਨਾਂ ਖੇਤ ਮਜ਼ਦੂਰਾਂ ਨੂੰ ਭਾਜਪਾ ਹਕੂਮਤ ਦੀਆਂ ਇਹਨਾਂ ਲੋਕ ਵਿਰੋਧੀ ਨੀਤੀਆਂ ਅਤੇ ਜਾਬਰ ਹੱਲੇ ਵਿਰੁੱਧ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਮੀਟਿੰਗ ਵਿਚ ਸ਼ਾਮਲ ਖੇਤ ਮਜ਼ਦੂਰਾਂ ਨੇ 6 ਫਰਵਰੀ ਨੂੰ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਚੱਕਾ ਜਾਮ ਦੀ ਡਟਵੀ ਹਮਾਇਤ ਕਰਦਿਆਂ ਇਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਵੀ ਕੀਤਾ ਗਿਆ। ਮੀਟਿੰਗ ਵਿਚ ਗੁਰਨਾਮ ਸਿੰਘ ਜਿਉਦ ,ਗੁਰਨੈਬ ਸਿੰਘ ਚਨਾਰਥਲ ,ਕੇਵਲ ਸਿੰਘ ਬੱਲੋ, ਮੱਖਣ ਸਿੰਘ ਮੰਡੀ ਕਲਾਂ ਅਤੇ ਗੁਲਾਬ ਸਿੰਘ ਮਾਈਸਰਖਾਨਾ ਆਦਿ ਆਗੂ ਵੀ ਹਾਜਰ ਸਨ।