ਅਸ਼ੋਕ ਵਰਮਾ
- ਬਰਨਾਲਾ ਮਹਾਂ ਰੈਲੀ ‘ਚ ਵਹੀਰਾਂ ਘੱਤ ਕੇ ਪਹੁੰਚਣ ਦਾ ਦਿੱਤਾ ਸੱਦਾ
ਚੰਡੀਗੜ੍ਹ, 18 ਫਰਵਰੀ 2021 - ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਸੰਘਰਸ਼ ਨੂੰ ਪ੍ਰਚੰਡ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਮੁਲਕ ਭਰ ‘ਚ ਰੇਲ ਜਾਮ ਦੇ ਸੱਦੇ ‘ਤੇ ਅੱਜ 15 ਜਿਲ੍ਹਿਆਂ ਵਿੱਚ 22 ਥਾਂਵਾਂ ‘ਤੇ ਰੇਲਾਂ ਜਾਮ ਕੀਤੀਆਂ ਗਈਆਂ। ਜਥੇਬੰਦੀ ਦੇ ਸੂਬਾਈ ਪ੍ਰੈਸ ਰਿਲੀਜ਼ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਵਿੱਚ ਨਾਭਾ; ਸੰਗਰੂਰ ਵਿੱਚ ਸੁਨਾਮ; ਮਾਨਸਾ ਖਾਸ; ਬਰਨਾਲਾ ‘ਚ ਖੁੱਡੀ ਖੁਰਦ; ਬਠਿੰਡਾ ‘ਚ ਭਾਈ ਬਖਤੌਰ, ਭੁੱਚੋ ਮੰਡੀ, ਸੰਗਤ ਤੇ ਗੋਨਿਆਣਾ; ਫਰੀਦਕੋਟ ‘ਚ ਕੋਟਕਪੂਰਾ; ਮੁਕਤਸਰ ‘ਚ ਗਿੱਦੜਬਾਹਾ; ਫਾਜ਼ਿਲਕਾ ‘ਚ ਅਬੋਹਰ ਤੇ ਜਲਾਲਾਬਾਦ; ਫਿਰੋਜ਼ਪੁਰ ਖਾਸ; ਮੋਗਾ ‘ਚ ਅਜੀਤਵਾਲ; ਲੁਧਿਆਣਾ ਖਾਸ ਤੇ ਦੋਰਾਹਾ; ਜਲੰਧਰ ‘ਚ ਸ਼ਾਹਕੋਟ, ਤਰਨਤਾਰਨ ਖਾਸ, ਅੰਮ੍ਰਿਤਸਰ ‘ਚ ਫਤਹਿਗੜ੍ਹ ਚੂੜੀਆਂ, ਗੁਰਦਾਸਪੁਰ ‘ਚ ਕਾਦੀਆਂ, ਜੈਂਤੀਪੁਰ ਤੇ ਕਲੇਰ ਖੁਰਦ ਵਿਖੇ 12 ਤੋਂ 4 ਵਜੇ ਤੱਕ ਰੇਲ ਮਾਰਗ ਜਾਮ ਕੀਤੇ ਗਏ।
ਇਹਨਾਂ ਜਾਮਾਂ ਦੌਰਾਨ ਤਿੰਨੇ ਕਾਲੇ ਖੇਤੀ ਕਾਨੂੰਨਾਂ ਸਮੇਤ ਬਿਜਲੀ ਸੋਧ ਬਿੱਲ 2020 ਅਤੇ ਪਰਾਲ਼ੀ ਆਰਡੀਨੈਂਸ ਰੱਦ ਕਰਨ, ਸਾਰੀਆਂ ਫਸਲਾਂ ਦੇ ਲਾਭਕਾਰੀ ਐਮ ਐਸ ਪੀ ਮਿਥਣ ਤੇ ਮੁਕੰਮਲ ਖਰੀਦ ਦੀ ਕਾਨੂੰਨੀ ਗਰੰਟੀ ਕਰਨ; ਸਰਵਜਨਕ ਵੰਡ ਪ੍ਰਣਾਲੀ ਸਾਰੇ ਗਰੀਬਾਂ ਲਈ ਲਾਗੂ ਕਰਨ ਤੋਂ ਇਲਾਵਾ ਦਿੱਲੀ ਮੋਰਚਿਆਂ ਵਿੱਚ ਡਟੇ ਕਿਸਾਨਾਂ ਤੇ ਕਿਸਾਨ ਆਗੂਆਂ ਸਿਰ ਮੜ੍ਹੇ ਝੂਠੇ ਦੇਸ਼ਧ੍ਰੋਹੀ ਕੇਸ ਰੱਦ ਕਰਕੇ ਨਜ਼ਰਬੰਦਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਤੇ ਟ੍ਰੈਕਟਰ ਵਾਪਸ ਕਰਨ ਦੀਆਂ ਮੰਗਾਂ ਉੱਤੇ ਜ਼ੋਰ ਦਿੱਤਾ ਗਿਆ। ਅੱਜ ਦੇ ਰੇਲਜਾਮ ਇਕੱਠਾਂ ਨੂੰ ਕਿਸਾਨਾਂ ਮਜਦੂਰਾਂ ਦਾ ਹੁੰਗਾਰਾ ਬਹੁਤ ਜ਼ਬਰਦਸਤ ਸੀ ਅਤੇ 6 ਫਰਵਰੀ ਦੇ ਮੁਲਕ ਪੱਧਰੇ ਚੱਕਾ ਜਾਮ ਵਾਂਗ ਹੀ ਅੱਜ ਦਾ ਮੁਲਕ ਪੱਧਰਾ ਰੇਲ ਜਾਮ ਵੀ ਮੋਦੀ ਹਕੂਮਤ ਦੇ ਉਸ ਝੂਠੇ ਦਾਅਵੇ ਦੇ ਤੂੰਬੇ ਉਡਾਵੇਗਾ ਜਿਸ ਵਿੱਚ ਕਿਸਾਨ ਘੋਲ਼ ਨੂੰ ਸਿਰਫ਼ ਦੋ ਤਿੰਨ ਸੂਬਿਆਂ ਤੱਕ ਸੀਮਿਤ ਦੱਸਿਆ ਜਾ ਰਿਹਾ ਹੈ।
ਵੱਖ ਵੱਖ ਥਾਂਈਂ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਖੂਦ ਕੋਕਰੀ ਕਲਾਂ ਤੋਂ ਇਲਾਵਾ ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਜਸਵਿੰਦਰ ਸਿੰਘ ਬਰਾਸ, ਹਰਦੀਪ ਸਿੰਘ ਟੱਲੇਵਾਲ, ਸੁਖਜੀਤ ਸਿੰਘ ਕੋਠਾਗੁਰੂ, ਸੁਨੀਲ ਕੁਮਾਰ ਭੋਡੀਪੁਰਾ, ਸਰੋਜ ਕੁਮਾਰੀ ਦਿਆਲਪੁਰਾ ਅਤੇ ਜਿਲ੍ਹਿਆਂ-ਬਲਾਕਾਂ ਦੇ ਆਗੂ ਸ਼ਾਮਲ ਸਨ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਵੀ ਸੰਬੋਧਨ ਕੀਤਾ।ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਭਾਜਪਾ ਸਰਕਾਰ ਸਿਰਫ਼ ਅਡਾਨੀ ਅੰਬਾਨੀ ਤੇ ਹੋਰ ਦੇਸੀ ਵਿਦੇਸ਼ੀ ਸਾਮਰਾਜੀ ਕੰਪਨੀਆਂ ਦੇ ਸੁਪਰ ਮੁਨਾਫਿਆਂ ਦੀ ਗਰੰਟੀ ਖਾਤਰ ਕਿਸਾਨ ਮਜ਼ਦੂਰ ਮਾਰੂ ਕਾਲੇ ਖੇਤੀ ਕਾਨੂੰਨ ਰੱਦ ਨਾ ਕਰਨ ਦੀ ਅੜੀ ਫੜੀ ਬੈਠੀ ਹੈ। ਅੜੀ ਪੁਗਾਉਣ ਲਈ ਕਿਸਾਨਾਂ ਉੱਤੇ ਦੇਸ਼ਧ੍ਰੋਹੀ ਦੇ ਝੂਠੇ ਮੁਕੱਦਮੇ ਮੜ੍ਹੇ ਜਾ ਰਹੇ ਹਨ ਅਤੇ ਜੇਲ੍ਹੀਂ ਡੱਕਿਆ ਜਾ ਰਿਹਾ ਹੈ। ਫਿਰਕੂ ਅਤੇ ਜਾਤਪਾਤੀ ਜਨੂੰਨ ਭੜਕਾਉਣ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।
ਉਹਨਾਂ ਦਾਅਵਾ ਕੀਤਾ ਕਿ ਮੋਦੀ ਭਾਜਪਾ ਸਰਕਾਰ ਦੇ ਇਸ ਕਿਸਾਨ-ਦੁਸ਼ਮਣ ਫਾਸ਼ੀ ਕਿਰਦਾਰ ਦਾ ਭਾਂਡਾ ਚੌਰਾਹੇ ਭੰਨਿਆ ਜਾਵੇਗਾ ਅਤੇ ਹਰ ਸਾਜਿਸ਼ ਨੂੰ 26 ਜਨਵਰੀ ਦੀ ਲਾਲ ਕਿਲ੍ਹਾ ਸਾਜਿਸ਼ ਵਾਂਗ ਹੀ ਪੈਰਾਂ ਹੇਠਾਂ ਮਸਲਿਆ ਜਾਵੇਗਾ। ਇਸੇ ਮਕਸਦ ਲਈ ਜਥੇਬੰਦੀ ਵੱਲੋਂ 21 ਫਰਵਰੀ ਨੂੰ ਬਰਨਾਲਾ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨਾਲ ਸਾਂਝੀ ਮਜ਼ਦੂਰ ਕਿਸਾਨ ਮਹਾਂ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਮਜ਼ਦੂਰਾਂ ਕਿਸਾਨਾਂ ਦੀ ਇਕਜੁੱਟਤਾ ਦੀ ਮਹੱਤਤਾ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਇਸ ਰੈਲੀ ਦੀਆਂ ਤਿਆਰੀਆਂ ਲਈ ਮੀਟਿੰਗਾਂ ਰੈਲੀਆਂ ਤੇ ਝੰਡਾ ਮਾਰਚਾਂ, ਹੋਕਾ ਮਾਰਚਾਂ ਦਾ ਤਾਂਤਾ ਬੰਨ੍ਹਣ , ਘੋਲ਼ ਦੀਆਂ ਮੰਗਾਂ ਬਾਰੇ ਇੱਕ ਲੱਖ ਦੀ ਗਿਣਤੀ ਵਿੱਚ ਛਪਵਾਇਆ ਗਿਆ ਹੱਥ ਪੋਸਟਰ ਤੁਰੰਤ ਘਰ ਘਰ ਵੰਡਣ ਅਤੇ ਪੰਜਾਬ ਵਿੱਚ42 ਥਾਂਈਂ ਅਤੇ ਦਿੱਲੀ ਟਿਕਰੀ ਬਾਰਡਰ ‘ਤੇ ਦਿਨੇ ਰਾਤ ਚੱਲ ਰਹੇ ਵਿਸ਼ਾਲ ਧਰਨਿਆਂ ਵਿੱਚ ਮਜਦੂਰਾਂ ਕਿਸਾਨਾਂ ਦੀ ਗਿਣਤੀ ਨੂੰ ਜ਼ਰ੍ਹਬਾਂ ਦੇਣ ਦਾ ਸੱਦਾ ਦਿੱਤਾ ਗਿਆ।