- ਭਾਰਤ ਖੇਤੀ ਪ੍ਰਧਾਨ ਦੇਸ਼ ਤੇ ਕਿਸਾਨ ਇਸ ਦੀ ਜਿੰਦ ਜਾਨ
- ਕਿਸਾਨ ਲੋਕਾਈ ਦੇ ਅੰਨਦਾਤਾ ਨੇ
ਨਵੀਂ ਦਿੱਲੀ, 4 ਫਰਵਰੀ 2021 - ਸਾਡਾ ਦੇਸ਼ 1947 ਚ ਆਜ਼ਾਦੀ ਵੇਲੇ ਬਾਹਰੋਂ ਅਨਾਜ ਮੰਗਵਾਉਂਦਾ ਸੀ, ਇੱਥੇ ਫ਼ਸਲ ਘੱਟ ਹੁੰਦੀ ਸੀ। ਦੇਸ਼ ਠੂਠਾ ਫੜ ਕੇ ਫਿਰਦਾ। ਕਣਕ ਬਦਲੇ ਦੇਸ਼ ਦੀ ਅਣਖ਼ ਰੁਲਦੀ। ਦੂਰ ਅੰਦੇਸ਼ ਯੋਜਨਾਕਾਰਾਂ ਨੇ ਸਿਰੜੀ ਵਿਗਿਆਨੀਆਂ,ਮਿਹਨਤਕਸ਼ ਕਿਸਾਨਾਂ, ਕਿਰਤੀਆਂ ਤੇ ਕਾਰੀਗਰਾਂ ਦੀ ਮਦਦ ਨਾਲ ਨੇ ਹਰੇ ਇਨਕਲਾਬ ਰਾਹੀਂ ਖੇਤੀ ਪੈਦਾਵਾਰ ਵਿੱਚ ਵਾਧਾ ਕੀਤਾ। ਮੁਲਕ ਦੀ ਸੱਤਰ ਪ੍ਰਤੀਸ਼ਤ ਜਨਸੰਖਿਆ ਕਿਸਾਨੀ ਤੇ ਨਿਰਭਰ ਹੈ।
ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਦੀ ਸਾਰ ਨਹੀਂ ਲਈ, ਬਾਤ ਨਹੀਂ ਪੁੱਛੀ ਤੇ ਇਹ ਕਿਸਾਨੀ ਗ਼ਰੀਬੀ ਅਤੇ ਅਸੰਤੋਸ਼ ਵੱਲ ਚਲੀ ਗਈ। ਆਰਥਿਕ ਤੰਗੀ ਕਾਰਨ ਕਿਸਾਨ ਖੁਦਕੁਸ਼ੀ ਕਰਨ ਤੱਕ ਪਹੁੰਚੇ।ਫੇਰ ਹੁਣ ਦੇ ਹਾਕਮਾਂ ਨੇ ਤਿੰਨ ਖੇਤੀ ਕਾਨੂੰਨ ਲੈ ਆਂਦੇ,ਕਿਸਾਨਾਂ ਨੇ ਮਹਿਸੂਸ ਕੀਤਾ ਕਿ ਇਹ ਅਜਾਰੇਦਾਰ ਦੇ ਹੱਕ ਚ ਭੁਗਤ ਕੇ ਸਾਨੂੰ ਮੁਕਾ ਦੇਣਗੇ। ਇਸ ਮੁੱਦੇ ਤੇ ਉਹ ਸੰਘਰਸ਼ ਦੇ ਰਾਹ ਤੁਰੇ। ਇਨ੍ਹਾਂ ਕਾਨੂੰਨਾਂ ਦਾ ਮੁੱਢ ਤੋਂ ਹੀ ਵਿਰੋਧ ਸ਼ੁਰੂ ਹੋ ਗਿਆ।
ਅੰਦੋਲਨ ਪੰਜਾਬ ਦੀ ਇਨਕਲਾਬੀ ਧਰਤੀ ਤੋਂ ਸ਼ੁਰੂ ਹੋ ਕੇ ਪੂਰੇ ਮੁਲਕ ਵਿੱਚ ਫੈਲ ਗਿਆ ਤੇ ਛੱਬੀ ਨਵੰਬਰ ਨੂੰ ਕਿਸਾਨਾਂ ਨੇ ਦਿੱਲੀ ਆ ਕੇ ਬਾਰਡਰਾਂ ਤੇ ਆਪਣੇ ਰੋਸ ਧਰਨੇ ਜਮਾ ਲਏ।
ਸਰਕਾਰ ਨੇ ਇਨ੍ਹਾਂ ਸਾਦ ਮੁਰਾਦੇ ਕਿਸਾਨਾਂ ਨੂੰ ਦਬਾਉਣ ਲਈ ਕਦੇ ਅਤਿਵਾਦੀ ਕਿਹਾ ਕਦੇ ਵੱਖਵਾਦੀ ਕਿਹਾ, ਕਦੇ ਇਸ ਨੂੰ ਪੰਜਾਬ ਹਰਿਆਣੇ ਦਾ ਅੰਦੋਲਨ ਕਹਿ ਕੇ ਨਕਾਰਿਆ।
ਤਸਵੀਰਾਂ ਬੇਜਾਨ ਨਹੀਂ ਹੁੰਦੀਆਂ ,ਬਹੁਤ ਕੁਝ ਕਹਿ ਜਾਂਦੀਆਂ ਨੇ। ਇਹ ਕਹਾਣੀ ਤਸਵੀਰਾਂ ਦੀ ਕਹਾਣੀ ਹੈ ਇਹ ਜਨ ਅੰਦੋਲਨ ਦੀ ਕਹਾਣੀ ਹੈ। ਇਹ ਉੱਥੇ ਬੈਠੇ ਕਿਸਾਨਾਂ ਦੀ ਕਹਾਣੀ ਹੈ, ਨੌਜਵਾਨਾਂ ਦੀ ਕਹਾਣੀ ਹੈ ਬਜ਼ੁਰਗਾਂ ਦੀ ਕਹਾਣੀ ਹੈ।
ਮਾਈਆਂ ਰੱਬ ਰਜਾਈਆਂ ,ਬੀਬੀਆਂ ਭੈਣਾਂ ਦੀ ਕਹਾਣੀ ਹੈ ਤੇ ਸਾਡੇ ਆਉਣ ਵਾਲੇ ਭਵਿੱਖ ਦੇ ਨਕਸ਼ ਨੇ।
ਇਹ ਉਹ ਚਿਹਰੇ ਨੇ ਜਿਨ੍ਹਾਂ ਵਿਚ ਮਾਸੂਮੀਅਤ ਹੈ ਜਿਨ੍ਹਾਂ ਵਿੱਚ ਰਵਾਨੀ ਹੈ। ਇਹਨਾਂ ਤਸਵੀਰਾਂ ਵਿਚ
ਸਾਡਾ ਇਤਿਹਾਸ ਬੋਲ ਰਿਹਾ ਹੈ ਇਹ ਉਹ ਮਿਹਨਤ ਮੁਸ਼ੱਕਤ ਕਰਨ ਵਾਲੇ ਨੇ ਜਿਨ੍ਹਾਂ ਨੇ ਹੁਣ ਤੀਕ ਸੰਤਾਪ ਭੋਗਿਆ ਏ। ਇਨ੍ਹਾਂ ਦੇ ਚਿਹਰਿਆਂ ਤੇ ਝੁਰੜੀਆਂ ਨੇ , ਉਨ੍ਹਾਂ ਦੇ ਕਰੜੇ ਜਿਸਮ ਗਰਮੀ ਧੁੱਪਾਂ ਸਹਿਣ ਦੀਆਂ ਨਿਸ਼ਾਨੀਆਂ ਨੇ।
ਇਹ ਕਿਸਾਨ ਸਿਰਫ਼ ਪੰਜਾਬ ਹਰਿਆਣੇ ਤੋਂ ਨਹੀਂ ਰਾਜਸਥਾਨ ਉਤਰਾਖੰਡ ਯੂਪੀ ਬਿਹਾਰ ਕਰਨਾਟਕਾ ਕੇਰਲਾ ਤੋਂ ਹੀ ਨਹੀਂ ਪੂਰੇ ਭਾਰਤ ਦੀ ਅਵਾਜ਼ ਨੇ।
ਟਿੱਕਰੀ ਹੋਵੇ ਜਾਂ ਸਿੰਘੂ, ਕੁੰਡਲੀ ਹੋਵੇ ਜਾਂ ਗਾਜ਼ੀਪੁਰ, ਪਲਵਲ ਹੋਵੇ ਜਾਂ ਗਾਜ਼ੀਆਬਾਦ ,ਹਰ ਪਾਸੇ ਇਹੀ ਚਿਹਰੇ ਨਜ਼ਰ ਆਉਂਦੇ ਨੇ
ਇਨ੍ਹਾਂ ਦੀ ਨਜ਼ਰ ਚ ਬੇਬਸੀ ਹੈ। ਇਨ੍ਹਾਂ ਚ ਠਰੰਮਾ ਹੈ। ਇਨ੍ਹਾਂ ਵਿੱਚ ਰੱਬ ਦਾ ਭੈ ਵੀ ਹੈ ਤੇ ਭਾਉ ਵੀ ਹੈ ਜੋ ਛੱਬੀ ਨਵੰਬਰ ਤੋਂ ਲੈ ਕੇ ਹੁਣ ਤਕ ਮੋਰਚਿਆਂ ਤੇ ਡਟੇ ਬੈਠੇ ਨੇ। ਇਨ੍ਹਾਂ ਨੇ ਪੋਹ ਮਾਘ ਦੀ ਕਕਰੀਲੀ ਠੰਢ ਨੰਗੇ ਪਿੰਡੇ ਹੰਢਾਈ ਹੈ। ਝੜੀਆਂ ਝੱਲੀਆਂ ਨੇ। ਜਦੋਂ ਬੇਹੱਦ ਸਰਦੀ ਪੈ ਰਹੀ ਸੀ ਕੋਹਰਾ ਪੈ ਰਿਹਾ ਸੀ
ਇਹ ਉਦੋਂ ਵੀ ਅੰਦਰਲੀ ਅਗਨ ਤੇ ਲਗਨ ਸਹਾਰੇ ਉੱਥੇ ਮੋਰਚੇ ਡਟੇ ਹੋਏ ਸਨ। ਜਿਨ੍ਹਾਂ ਨੇ ਖੇਤਾਂ ਵਿੱਚ ਹਰ ਮੌਸਮ ਚ ਪਾਣੀ ਲਾਉਂਦਿਆਂ ਠੰਢ ਤੇ ਸੇਕ ਸਹਾਰਿਆ ਹੈ ਉਹ ਆਪਣੇ ਹੱਕਾਂ ਲਈ ਇਸ ਲੋਕ ਅੰਦੋਲਨ ਵਿਚ ਪੈਂਤੜਾ ਮੱਲੀ ਬੈਠੇ ਨੇ। ਇਸ ਉਡੀਕ ਵਿੱਚ ਬੈਠੇ ਨੇ
ਕਿ ਕਦੇ ਤਾਂ ਠੰਢੀ ਹਵਾ ਦਾ ਝੌਂਕਾ ਪਰਤੇਗਾ। ਇਹ ਸਾਡੇ ਭਾਰਤ ਦੀ ਵਰਤਮਾਨ ਤਸਵੀਰ ਹੈ। ਇਹ ਸਾਡੇ ਭਾਰਤ ਦੇ ਕਿਸਾਨ ਹਨ। ਇਹ ਆਪਣੇ ਬੱਚਿਆਂ ਦੇ ਭਵਿੱਖ ਲਈ ਚਿੰਤਤ ਹਨ। ਖੇਤਾਂ ਦੀ ਸਲਾਮਤੀ ਲਈ ਜਾਨ ਤਲੀ ਤੇ ਧਰੀ ਬੈਠੇ ਨੇ।
ਹਿੰਦੀ ਸ਼ਾਇਰ ਸ੍ਵ.ਦੁਸ਼ਿਅੰਤ ਕੁਮਾਰ ਆਖਦਾ ਹੈ
ਹੋ ਗਈ ਹੈ ਪੀੜ ਪਰਬਤ ਸੀ
ਪਿਘਲਨੀ ਚਾਹੀਏ।
ਇਸ ਹਿਮਾਲਯ ਸੇ ਕੋਈ
ਗੰਗਾ ਨਿਕਲਨੀ ਚਾਹੀਏ।
ਮੇਰੇ ਸੀਨੇ ਮੇਂ ਨਹੀਂ ਤੋ
ਤੇਰੇ ਸੀਨੇ ਮੇਂ ਸਹੀ,
ਹੋ ਕਹੀਂ ਭੀ ਆਗ,
ਲੇਕਿਨ ਆਗ ਜਲਨੀ ਚਾਹੀਏ।
ਉਸ ਭਵਿੱਖ ਲਈ, ਜੋ ਆਪਣੇ ਬੱਚਿਆਂ ਲਈ ਮੰਗ ਕਰ ਰਹੇ ਨੇ ਕਿ ਸਾਡਾ ਭਵਿੱਖ ਉਜਵਲ ਹੋਵੇ ਸਾਡਾ ਦੇਸ਼ ਖੁਸ਼ਹਾਲ ਹੋਵੇ
ਇਹ ਰਣਜੋਧ ਸਿੰਘ ਤੇ ਉਸਦੇ ਸਾਥੀਆਂ ਦੀ ਇੱਕ ਕੋਸ਼ਿਸ਼ ਹੈ ਜਿਸ ਨੇ ਤਸਵੀਰਾਂ ਦੀ ਜ਼ੁਬਾਨੀ ਇਹਨਾਂ ਦੀ ਕਹਾਨੀ ਕਹਿਣ ਦਾ ਯਤਨ ਕੀਤਾ ਹੈ।
ਗੁਰਭਜਨ ਗਿੱਲ ਦੇ ਸ਼ਬਦਾਂ ਚ ਇਹ ਚਿਹਰੇ ਕਹਿੰਦੇ ਹਨ।
ਸੂਰਜ ਸਾਡੀ ਪਿੱਠ ਪਿੱਛੇ ਹੈ, ਪਾਰ ਸਮੁੰਦਰ ਕਰ ਜਾਵਾਂਗੇ।
ਖੰਭਾਂ ਤੇ ਵੀ ਮਾਣ ਅਥਾਹ ਹੈ, ਉੱਡ ਕੇ ਅੰਬਰ ਤਰ ਜਾਵਾਂਗੇ।
ਰਲ਼ੇ ਸਾਥ ਦੀ ਸ਼ਕਤੀ ਸਦਕਾ, ਮੰਜ਼ਿਲ ਬਹੁਤੀ ਦੂਰ ਨਹੀਂ ਹੈ,
ਤੁਰੀਏ ਬਣ ਕੇ ਬੰਨ੍ਹ ਕਾਫ਼ਲੇ,ਬੈਠੇ ਰਹੇ ਤਾਂ ਮਰ ਜਾਵਾਂਗੇ।
ਰਣਜੋਧ ਸਿੰਘ ਆਖਦਾ ਹੈ ਕਿ ਇਨ੍ਹਾਂ ਫੋਟੋ ਚਿਤਰਾਂ ਰਾਹੀਂ ਅਸੀਂ ਤੁਹਾਨੂੰ ਇਨ੍ਹਾਂ ਕਿਰਤੀਆਂ ਕਿਸਾਨਾਂ ਦੇ ਸੰਘਰਸ਼ ਦੀ ਅਸਲੀ ਤਸਵੀਰ ਦਿਖਾਈ ਹੈ
ਦੱਸਿਉ! ਕੀ ਇਹ ਵੱਖਵਾਦੀ ਨੇ
ਕੀ ਇਹ ਅੱਤਵਾਦੀ ਨੇ,ਖਾਲਿਸਤਾਨੀ ਨੇ,ਨਕਸਲੀਏ ਨੇ ਜਾਂ ਨਿਰੋਲ ਧਰਤੀ ਪੁੱਤਰ ਨੇ। ਇਹ ਤਾਂ ਸ਼ਾਂਤੀ ਦੇ ਪੁਜਾਰੀ ਨੇ
ਭੁੱਲਿਉ ਨਾ!ਇਹ ਸਾਡੇ ਵਤਨ ਦੇ ਅੰਨਦਾਤਾ ਨੇ।
ਇਨ੍ਹਾਂ ਚਿਤਰਾਂ ਦਾ ਸਲਾਈਡ ਸ਼ੋਅ ਅੱਜ ਰਾਮਗੜੀਆ ਗਰਲਜ਼ ਕਾਲਿਜ ਲੁਧਿਆਣਾ ਵਿਖੇ ਪ੍ਰਦਰਸ਼ਿਤ ਕੀਤਾ ਗਿਆ। ਸਲਾਈਡ ਸ਼ੋਅ ਨੂੰ ਵਾਚਕ ਆਵਾਜ਼ ਡਾ. ਨਰਿੰਦਰ ਕੌਰ ਸੰਧੂ ਨੇ ਦਿੱਤੀ ਹੈ। ਲੋਕ ਅਰਪਿਤ ਕਰਨ ਦੀ ਰਸਮ ਡਾ: ਸਤੀ਼ਸ਼ ਸ਼ਰਮਾ,ਡੀ ਐੱਮ ਸਿੰਘ, ਡਾਂ ਇੰਦਰਜੀਤ ਕੌਰ,ਡਾ: ਨਰਿੰਦਰ ਸੰਧੂ, ਜਸਕਰਨ ਸਿੰਘ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਨਿਭਾਈ।