ਅਸ਼ੋਕ ਵਰਮਾ
ਬਠਿੰਡਾ, 7 ਫਰਵਰੀ 2021 - ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ 17 ਜਨਵਰੀ ਨੂੰ ਰਾਮਪੁਰਾ ਸ਼ਹਿਰ ਵਿਚ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ,ਦਲਿਤਾਂ ‘ਤੇ ਹੁੰਦੇ ਜਬਰ ਅਤੇ ਕਿਸਾਨ ਮੋਰਚਿਆਂ ’ਤੇ ਕੀਤੇ ਹੱਲੇ ਵਿਰੁੱਧ ਕੀਤੀ ਜਾ ਰਹੀ ਕਾਨਫਰੰਸ ਦੀ ਸਫਲਤਾ ਲਈ ਪਿੰਡ ਮਾਈਸਰਖਾਨਾ ’ਚ ਮਜਦੁਰ ਆਗੂ ਗੁਲਾਬ ਸਿੰਘ ਮਾਈਸਰਖਾਨਾ ਦੀ ਅਗਵਾਈ ਹੇਠ ਲਾਮਬੰਦੀ ਮੀਟਿੰਗਾਂ ਕੀਤੀਆਂ । ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਖੇਤ ਮਜ਼ਦੂਰਾਂ ਨੂੰ ਚੇਤਨ ਤੇ ਜੱਥੇਬੰਦ ਕਰਕੇ ਚਲ ਰਹੇ ਕਿਸਾਨ ਸੰਘਰਸ਼ ਨੂੰ ਵਿਸ਼ਾਲ ਤੇ ਮਜਬੂਤ ਕਰਨ ਦੇ ਮਕਸਦ ਨਾਲ ਇਹ ਕਾਨਫਰੰਸ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਦੀ ਜਿੰਦਗੀ ਨੂੰ ਤਬਾਹ ਕਰਨ ਵਾਲੇ ਕਾਲੇ ਕਾਨੂੰਨਾਂ ਵਿਰੁੱਧ ਚਲਦੇ ਸੰਘਰਸ਼ ਨੂੰ ਮੋਦੀ ਹਕੂਮਤ ਵੱਲੋਂ ਫਿਰਕੂ ਚਾਲਾਂ ਚੱਲਣ ਅਤੇ ਤਿੱਖੇ ਜਾਬਰ ਹੱਲੇ ਰਾਹੀਂ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਮੋਦੀ ਸਰਕਾਰ ਨੇ ਆਪਣੀ ਮੰਨੂੰਵਾਦੀ ਵਿਚਾਰਧਾਰਾ ਤਹਿਤ ਮਜ਼ਦੂਰਾਂ ‘ਤੇ ਅਣ- ਮਨੁੱਖੀ ਜਬਰ ਜੁਲਮ ਨੂੰ ਵੀ ਹੋਰ ਕੀਤਾ ਹੈ। ਔਰਤਾਂ ਦੀਆਂ ਬੇਪਤੀਆ ਤੇ ਬਲਾਤਕਾਰ ਕਰਕੇ ਜਲੀਲ ਅਤੇ ਕਤਲ ਕੀਤਾ ਜਾ ਰਿਹਾ ਹੈ ਤਾਂ ਕਿ ਮਜਦੁਰਾਂ ਨੂੰ ਜਾਤ-ਪਾਤ ਦੇ ਬੰਧਨਾਂ ਵਿੱਚ ਜਕੜ ਕੇ ਉਹਨਾਂ ‘ਤੇ ਅਣ-ਮਨੁੱਖੀ ਜੀਵਨ ਜਿਉਣ ਲਈ ਮਜਬੂਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਹਰ ਤਬਕੇ ਦਾ ਕਚੂਬਰ ਕੱਢਣ ਲਈ ਬਲ ਤੇ ਛਲ ਦੀ ਨੀਤੀ ਦੇ ਹਥਿਆਰਾਂ ਦੀ ਵਰਤੋਂ ਕਰਕੇ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ‘ਤੇ ਤੁਲੀ ਹੈ। ਉਹਨਾਂ ਕੇਂਦਰੀ ਬੱਜਟ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੇ ਨਵੇ ਬਜਟ ਵਿੱਚ ਮਨਰੇਗਾ, ਸਿਹਤ ਸਹੂਲਤਾਂ ਅਤੇ ਵਿੱਦਿਆ ਆਦਿ ਲਈ ਰਾਸ਼ੀ ਪਹਿਲਾਂ ਘੱਟ ਕੀਤੀ ਰਾਹੀਂ ਮਜ਼ਦੂਰਾਂ ਨੂੰ ਹੋਰ ਵੀ ਭੁੱਖੇ ਮਰਨ ਲਈ ਮਜ਼ਬੂਰ ਕਰੇਗੀ ।
ਉਹਨਾਂ ਕਿਹਾ ਕਿ ਐਫ ਸੀ ਆਈ ਲਈ ਬੱਜਟ ਵਿੱਚ ਪੈਸਾ ਨਾ ਰੱਖਣਾ ਅਤੇ ਫਸਲਾਂ ਦੀ ਸਰਕਾਰੀ ਖਰੀਦ ਬਾਰੇ ਚੁੱਪ ਵੱਟਕੇ ਜਨਤਕ ਵੰਡ ਪ੍ਰਣਾਲੀ ਨੂੰ ਖਤਮ ਕਰਨ ਦੀ ਸਰਕਾਰੀ ਨੀਤੀ ਜੱਗ ਜਾਹਰ ਕਰ ਦਿੱਤਾ ਹੈ। ਉਹਨਾਂ ਖੇਤ ਮਜ਼ਦੂਰਾਂ ਨੂੰ ਭਾਜਪਾ ਹਕੂਮਤ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਜਾਬਰ ਹੱਲੇ ਵਿਰੁੱਧ ਸੰਘਰਸ਼ ਕਰਨ ਦਾ ਸੱਦਾ ਦਿੱਤਾ ਉਹਨਾਂ ਦਿੱਲੀ ’ਚ ਫੜੇ ਕਿਸਾਨਾਂ ਨੂੰ ਰਿਹਾ ਅਤੇ ਜਬਤ ਕੀਤੀਆਂ ਗੱਡੀਆਂ ਵਾਪਸ ਕਰਨ ਦੀ ਮੰਗ ਕੀਤੀ । ਇਸ ਮੌਕੇ ਦਰਸ਼ਨ ਸਿੰਘ ,ਲਛਮਣ ਸਿੰਘ, ਮਿੱਠੂ ਸਿੰਘ, ਗਾਂਧੀ ਖਾਨ , ਲੀਲਾ ਖਾਨ, ਅਮਰੀਕ ਸਿੰਘ,ਤੇਜ ਕੌਰ,ਹੰਸ ਕੌਰ,ਭੱਟੀ ਕੌਰ ਤੇ ਮੂਰਤੀ ਕੌਰ ਆਦਿ ਆਗੂ ਵੀ ਸ਼ਾਮਲ ਸਨ।