- ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਸਟੇਜ ਤੋਂ ਬੁਲਾਰਿਆਂ ਨੇ ਇੱਕਸੁਰਤਾ ਨਾਲ ਬੋਲਦਿਆਂ ਕਿਹਾ ਕੇ 6 ਫਰਵਰੀ ਨੂੰ ਚੱਕਾ ਜਾਮ ਪ੍ਰੋਗਰਾਮ ਮੋਦੀ ਸਰਕਾਰ ਦੀਆਂ ਜੜ੍ਹਾਂ ਪੁੱਟ ਦੇਵੇੇੇਗਾ
ਸਿੰਘੂ ਬਾਰਡਰ, 5 ਫਰਵਰੀ 2021 - ਕੁੰਡਲੀ ਬਾਰਡਰ/ਪੰਜਗਰਾਈਂ ਕਲਾਂ,5 ਫਰਵਰੀ (ਸੁਖਜਿੰਦਰ ਸਿੰਘ ਪੰਜਗਰਾਈਂ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਸਵਿੰਦਰ ਸਿੰਘ ਚਤਾਲਾ ਨੇ ਪੈ੍ਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਾਈਵੇਟ ਹਿੱਸੇਦਾਰੀ ਰਾਹੀਂ ਖੇਤੀ ਆਮਦਨ ਦੁੱਗਣੀ ਕਰਨ ਵਾਲੀ ਭਾਜਪਾ ਸਰਕਾਰ ਇਹ ਦੱਸੇ ਕਿ ਯੂ.ਪੀ. ਬਿਹਾਰ ਅਤੇ ਮੱਧ ਪ੍ਰਦੇਸ਼ ਜਿੱਥੇ ਉਸਦੀਆਂ ਸੂਬਾਈ ਸਰਕਾਰਾਂ ਹਨ ਉੱਥੇ ਕਣਕ ਝੋਨਾ ਐਮ.ਐਸ.ਪੀ. ਤੋਂ ਸੱਤ,ਅੱਠ ਸੌ ਰੁਪਏ ਤੋਂ ਘੱਟ ਵਪਾਰੀ ਲੁੱਟ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਕਿਉਂ ਵੇਚਦੇ ਹਨ?
ਡੇਅਰੀ ਫਾਰਮ, ਪੋਲਟਰੀ ਫਾਰਮ, ਸ਼ਹਿਦ ਮੱਖੀ ਪਾਲਣ, ਸਬਜ਼ੀ, ਫਲ ਆਦਿ ਪ੍ਰਾਈਵੇਟ ਖੇਤਰ ਵਿਚ ਹਨ- ਕੀ ਪ੍ਰਧਾਨ ਮੰਤਰੀ ਮੋਦੀ ਇਹ ਦੱਸ ਸਕਦੇ ਹਨ ਕਿ ਉਹ ਕਿਸਾਨ ਬਾਦਸ਼ਾਹ ਕਿਉਂ ਨਹੀ ਬਣ ਗਏ? ਉਕਤ ਆਗੂੂੂਆਂ ਨੇ ਖੇਤੀ ਮੰਤਰੀ ਨਰਿੰਦਰ ਤੋਮਰ ਨੂੰ ਸੰਬੋਧਿਤ ਹੁੰਦਿਆਂ ਕਿਹਾ ਕੇ ਖੇਤੀ ਮੰਤਰੀ ਤੋਮਰ ਜੀ ਤੁਹਾਡੀ ਬੀਜੇਪੀ ਸਰਕਾਰ ਵੱਲੋਂ ਆਰ.ਐਸ.ਐਸ. ਤੇ ਬੀ.ਜੇ.ਪੀ. ਦੇ ਦੰਗਾਈਆਂ ਰਾਹੀਂ ਹਮਲਾ ਕਰਕੇ ਖੂਨ ਦੀ ਹੋਲੀ ਖੇਡੀ ਗਈ ਹੈ ਪਰ ਅਜੇ ਤੱਕ ਦੰਗਾਈਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਅਤੇ ਨਾਂ ਹੀ ਤੁਹਾਡੀ ਸਰਕਾਰ ਇਨ੍ਹਾਂ ਸਵਾਲਾਂ ’ਤੇ ਕੁਝ ਬੋਲੀ ਹੈ।
6 ਫਰਵਰੀ ਦਾ ‘‘ਭਾਰਤ ਬੰਦ’’ ਪੰਜਾਬ ਵਿੱਚ ਤਿੰਨ ਘੰਟੇ ਸੜਕ ਆਵਾਜਾਈ ਜਾਮ ਕਰਕੇ ਸਰਕਾਰ ਦੇ ਭਰਮ ਭੁਲੇਖੇ ਦੂਰ ਕਰਕੇ ਇੱਕ ਜਨ-ਅੰਦੋਲਨ ਹੋਣ ਦਾ ਸਬੂਤ ਦੇਵੇਗਾ। ਆਗੂਆਂ ਨੇ ਮੰਗ ਕੀਤੀ ਹੈ ਕਿ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਸੁਬਾਈ ਆਗੂ ਜਸਵੀਰ ਸਿੰਘ ਪਿੱਦੀ, ਸੁਖਵਿੰਦਰ ਸਿੰਘ ਸਭਰਾ ਨੇ ਆਖਿਆ ਕਿ ਕਿਸਾਨ ਕੈਂਪਾ ਦੀ ਤੰਗ ਕੀਤੀ ਗਈ ਬੈਰੀਕੇਡਿੰਗ ਪਿੱਛੇ ਕੀਤੀ ਜਾਵੇ, ਸਾਫ ਸਫਾਈ ਕਰਨ ਵਾਲੇ ਕਰਮਚਾਰੀਆਂ ਦੀ ਸਹੂਲਤ ਬਹਾਲ ਕੀਤੀ ਜਾਵੇ, ਆਮ ਹਾਲਾਤ ਪੈਦਾ ਕੀਤੇ ਜਾਣ ਤਾਂ ਹੀ ਗੱਲਬਾਤ ਸੰਭਵ ਹੋ ਸਕੇਗੀ। ਜਿਹੜੇ ਕਿਸਾਨ ਜੇਲ੍ਹ ਵਿਚ ਬੰਦ ਕੀਤੇ ਗਏ ਹਨ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਕੀਤਾ ਹੈ, ਇਸ ਲਈ ਉਨ੍ਹਾਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ 14 ਦਿਨਾਂ ਬਾਅਦ ਹੀ ਉਹਨਾਂ ਨੂੰ ਮਿਲਿਆ ਜਾਵੇ।
ਜਥੇਬੰਦੀ ਨੇ ਤਾਲਮੇਲ ਕਮੇਟੀ ਨਾਲ ਮਿਲਕੇ ਮਾਪਿਆਂ ਦੇ ਰਹਿਣ ਦਾ ਪ੍ਰਬੰਧ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਵਿਖੇ ਕੀਤਾ ਹੋਇਆ ਹੈ। ਜਿਕਰਯੋਗ ਹੈ ਕੇ ਸਿੰਘੂ ਤੇ ਟਿੱਕਰੀ ਬਾਰਡਰ ਤੇ ਲਗਪਗ ਪਿਛਲੇ ਢਾਈ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਪੰਜਾਬ,ਹਰਿਆਣਾ, ਯੂਪੀ,ਰਾਜਿਸਥਾਨ, ਬਿਹਾਰ, ਉਤਰਾਖੰਡ,ਮੱਧ ਪ੍ਰਦੇਸ਼ ਤੇ ਆਸਾਮ ਦੇ ਕਿਸਾਨਾਂ ਦਾ ਵੱਡੀ ਗਿਣਤੀ ਵਿੱਚ ਪਹੁੰਚਣਾ ਅੱਜ ਵੀ ਜਾਰੀ ਰਿਹਾ। ਹਰਿਆਣਾ ਦੀ ਖੱਟੜ ਸਰਕਾਰ ਵੱਲੋਂ ਬੰਦ ਕੀਤੀਆਂ ਗਈਆਂ ਇੰਟਰਨੈੱਟ ਸੇਵਾਵਾਂ ਕਰਕੇ ਜਿੱਥੇ ਅੰਦੋਲਨ ਵਿੱਚ ਡਟੇ ਕਿਸਾਨਾਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਓਥੇ ਔਨ ਲਾਇਨ ਪੜ੍ਹਾਈ ਕਰਨ ਲਈ ਹਰਿਆਣਾ ਦੇ ਵਿਦਿਆਰਥੀਆਂ ਨੂੰ ਵੱਡੀ ਸਮੱਸਿਆ ਆਉਂਦੀ ਹੈ।
ਉਕਤ ਕਿਸਾਨ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕੇ ਉਹ ਇੰਟਰਨੈੱਟ ਦੀਆਂ ਸੇਵਾਵਾਂ ਤੁਰੰਤ ਬਹਾਲ ਕਰੇ ਤੇ ਖੱਟੜ ਸਰਕਾਰ ਏਦਾਂ ਦੀਆਂ ਘਟੀਆ ਕਾਰਵਾਈਆਂ ਕਰਨ ਤੋਂ ਬਾਜ ਆਵੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ ਤੋਂ ਇਕਸੁਰਤਾ ਨਾਲ ਬੋਲਦਿਆਂ ਸਾਰੇ ਹੀ ਬੁਲਾਰਿਆਂ ਨੇ ਕਿਹਾ ਕੇ ਕੱਲ੍ਹ ਦਾ 'ਭਾਰਤ ਬੰਦ' ਮੋਦੀ ਸਰਕਾਰ ਦੀਆਂ ਜੜ੍ਹਾਂ ਉਖੇੜ ਕੇ ਰੱਖ ਦੇਵੇਗਾ। ਉਹਨਾਂ ਕਿਹਾ ਕੇ ਜਿੱਥੇ ਪੂਰੇ ਭਾਰਤ ਦੇਸ਼ ਦਾ ਕਿਸਾਨ ਖੇਤੀ ਕਾਨੂੰਨਾਂ ਵਿਰੁੱਧ ਉਠ ਖੜਾ ਹੋਇਆ ਹੈ ਓਥੇ ਵਿਦੇਸ਼ਾਂ ਵਿੱਚੋਂ ਵੀ ਕਿਸਾਨ ਅੰਦੋਲਨ ਨੂੰ ਭਾਰੀ ਸਮੱਰਥਨ ਮਿਲ ਰਿਹਾ ਹੈ ਤੇ ਹੁਣ ਤਿੰਨੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾ ਕੇ ਹੀ ਰਹਾਂਗੇ।