ਕਾਨੂੰਨਾਂ ਰੱਦ ਦਾ ਨੋਟੀਫਿਕੇਸ਼ਨ ਨਾ ਹੋਣ ਤੱਕ ਬਾਰਡਰਾਂ ਤੋਂ ਨਹੀਂ ਹਿਲਾਂਗੇ- ਕੁਲਵੰਤ ਸਿੰਘ ਸੈਣੀ
ਰੂਪਨਗਰ, 19 ਨਵੰਬਰ 2021 - ਕਿਰਤੀ ਕਿਸਾਨ ਮੋਰਚਾ ਰੋਪੜ ਦੇ ਆਗੂ ਕੁਲਵੰਤ ਸਿੰਘ ਸੈਣੀ ਨੇ ਸਿੰਘੂ ਬਾਰਡਰ ਤੋਂ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਭਾਵੇਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਿੱਲ ਵਾਪਿਸ ਲੈਣ ਦਾ ਬਿਆਨ ਦੇ ਦਿੱਤਾ ਗਿਆ ਹੈ। ਇਸ ਲਈ ਉਹਨਾਂ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਫ਼ੈਸਲਾ ਉਹਨਾਂ ਨੂੰ ਬਹੁਤ ਸਮਾਂ ਪਹਿਲਾਂ ਲੈ ਲੈਣਾ ਚਾਹੀਦਾ ਸੀ। ਪ੍ਰੰਤੂ ਫ਼ੇਰ ਵੀ ਉਹਨਾਂ ਦੇ ਇਸ ਫ਼ੈਸਲੇ ਦੇ ਓਹਨਾਂ ਨੇ ਸ਼ਲਾਘਾ ਕੀਤੀ । ਉਹਨਾਂ ਨੇ ਦੱਸਿਆ ਕਿ ਸਾਲ ਭਰ ਦੇ ਲੰਬੇ ਸੰਘਰਸ਼ ਮਗਰੋਂ ਕਿਸਾਨਾਂ, ਮਜ਼ਦੂਰਾਂ ਤੇ ਕਿਰਤੀਆਂ ਦੀ ਵੱਡੀ ਇਹ ਇਕ ਵੱਡੀ ਜਿੱਤ ਹੈ ਜੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਹੈ।
ਕੇਂਦਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਨੇ ਸਾਬਤ ਕਰ ਦਿੱਤਾ ਕਿ ਜੇ ਅਸੀਂ ਏਕਤਾ ਵਿੱਚ ਰਹੀਏ ਤਾਂ ਕੁੱਝ ਵੀ ਸੰਭਵ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਓਹਨਾਂ ਦਾ ਮਨ ਉਦਾਸ ਹੈ ਕਿ ਇੱਕ ਸਾਲ ਸਾਡੇ ਆਪਣੇ ਸੜਕਾਂ 'ਤੇ ਸੁੱਤੇ ਤੇ ਖੁਸ਼ ਇਸ ਕਰਕੇ ਕਿ ਪੰਜਾਬੀਆਂ ਵੱਲੋਂ ਸ਼ੁਰੂ ਕੀਤਾ ਅੰਦੋਲਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸੁਖਦ ਸੁਨੇਹਾ ਲੈ ਕੇ ਆਇਆ।
ਉਹਨਾਂ ਸਾਰੇ ਭੈਣਾਂ-ਵੀਰਾਂ ਦੇ ਸਿਰੜ ਨੂੰ ਸਲਾਮ, ਜਿਹਨਾਂ ਸਿਆਲ, ਗਰਮੀ, ਮੀਂਹ ਹਨੇਰੀ, ਝੱਖੜਾਂ ਦੀ ਪ੍ਰਵਾਹ ਨਹੀਂ ਕੀਤੀ। ਉਹਨਾਂ ਨੂੰ ਦਿਲੀ ਵੀ ਹੈ ਸ਼ਰਧਾਂਜਲੀ, ਜਿਹੜੇ ਕਿਸਾਨ ਸ਼ਹੀਦ ਹੋ ਗਏ ਹਨ । ਉਹਨਾਂ ਨੂੰ ਬਹੁਤ ਸਾਰਾ ਸਤਿਕਾਰ ਜੋ ਘਰ ਬਾਰ ਛੱਡ ਫੌਜੀਆਂ ਵਾਂਗ ਡਟੇ ਰਹੇ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮਨ ਭਾਵੁਕ ਹੈ, ਕਿਉਂਕਿ ਉਹਨਾਂ ਨੇ ਬਹੁਤ ਵਾਰ ਬਾਰਡਰਾਂ 'ਤੇ ਖੁਦ ਜਾ ਕੇ ਦੁੱਖ ਦਰਦ ਅੱਖੀਂ ਦੇਖੇ ਹਨ। ਕਿਰਤੀਆਂ ਦੇ ਏਕੇ ਨੂੰ ਸਜਦਾ ਤੇ ਕਿਸਾਨ ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਓਹਨਾਂ ਦਾ ਪ੍ਰਣਾਮ ਹੈ।ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੀ ਅਸਲ ਜਿੱਤ ਉਦੋਂ ਹੀ ਹੋਵੇਗੀ ਜਦੋਂ ਤਿੰਨੇ ਕਾਨੂੰਨ ਪਾਰਲੀਮੈਂਟ ਵਿੱਚ ਰੱਦ ਹੋਣਗੇ ਅਤੇ ਐਮ ਐਸ ਪੀ ਦੀ ਵੀ ਗਰੰਟੀ ਦਿੱਤੀ ਜਾਵੇਗੀ ਤਾਂ ਹੀ ਕਿਸਾਨ ਆਪਣੇ ਘਰਾਂ ਨੂੰ ਵਾਪਿਸ ਪਰਤਣਗੇ।