ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਤਿੰਨ ਖੇਤੀ ਕਾਨੂੰਨ ਦਾ ਐਲਾਨ ਸਵਾਗਤ ਯੋਗ - ਡਾ: ਧਰਮਵੀਰ ਗਾਂਧੀ
ਜਗਤਾਰ ਸਿੰਘ
ਪਟਿਆਲਾ 19 ਨਵੰਬਰ 2021: ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਸ਼ੁੱਭ ਦਿਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਦੇ ਨਾਮ ਇੱਕ ਸੰਦੇਸ਼ ਰਾਹੀਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਸਵਾਗ਼ਤਯੋਗ ਹੈ। ਇੱਕ ਸਾਲ 'ਤੋਂ ਉਪਰ ਦੇ ਕਾਨੂੰਨੀ ਜ਼ਾਬਤੇ ਅੰਦਰ ਰਹਿ ਕੇ, ਸਬਰ ਭਰਪੂਰ ਅਤੇ ਜ਼ਬਰਦਸਤ ਜਨ ਅੰਦੋਲਨ ਦਾ ਇੱਕ ਸ਼ਾਨਦਾਰ ਪੜਾਅ ਸਫ਼ਲ ਹੋ ਗਿਆ ਹੈ। ਸਾਬਕਾ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਕਿਸਾਨੀ ਦੇ ਇਸ ਲਾਮਿਸਾਲ ਸੰਘਰਸ਼ ਦੀ ਇਸ ਕਾਮਯਾਬੀ 'ਤੇ ਮੈ ਸੰਯੁਕਤ ਕਿਸਾਨ ਮੋਰਚੇ ਨੂੰ ਮੁਬਾਰਕਬਾਦ ਦਿੰਦਾ ਹਾਂ। ਸੱਤ ਸੌ 'ਤੋਂ ਉਪਰ ਕੀਮਤੀ ਜਾਨਾਂ ਦੀਆਂ ਸ਼ਹੀਦੀਆਂ ਦਾ ਭਾਰੀ ਸਦਮਾ ਵੀ ਹੈ। ਮੈਂ ਉਨ੍ਹਾਂ ਦੇ ਪਰਿਵਾਰਾਂ ਨਾਲ ਸੰਵੇਦਨਾਂ ਪਰਗਟ ਕਰਦਾ ਹਾਂ।
ਇਸੇ ਦੇ ਨਾਲ ਹੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਖੇਤੀ ਨੂੰ ਲਾਹੇਵੰਦਾ ਬਨਾਉਣ ਅਤੇ ਕਿਸਾਨਾਂ ਦੀ ਦਸ਼ਾ ਸੁਧਾਰਨ ਲਈ 'ਘੱਟੋ ਘੱਟ ਸਮਰਥਨ ਮੁੱਲ' ਦੇ ਕਾਨੂੰਨੀ ਜਾਮਾ ਪਹਿਨਾਉਣ ਦੀ ਮੰਗ ਪੂਰੀ ਕਰਨ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਏ।
ਕਿਸਾਨ ਸੰਘਰਸ਼ ਦੀ ਇਹ ਸਫ਼ਲਤਾ ਭਾਰਤ ਲਈ ਹੀ ਨਹੀਂ ਪੂਰੇ ਸੰਸਾਰ ਦੇ ਲੋਕਾਂ ਵਾਸਤੇ ਚਾਨਣ ਮੁਨਾਰਾ ਬਣੇਗਾ। ਸਾਬਕਾ ਐਮ ਪੀ ਨੇ ਕਿਹਾ ਭਾਰਤੀ ਕਾਰਪੋਰੇਟ ਦੀ ਦੇਸ਼ ਨੂੰ ਆਪਣੀਆਂ ਲੋੜਾਂ ਅਤੇ ਨੀਤੀਆਂ ਮੁਤਾਬਕ ਚਲਾਉਣ ਦੀ ਸਾਜਿਸ਼ ਨੂੰ ਕਰਾਰਾ ਜਵਾਬ ਦਿੱਤਾ ਗਿਆ ਹੈ ਅਤੇ ਕਿਸਾਨ ਸੰਘਰਸ਼ ਇਸ ਗੱਲ ਦਾ ਲਖਾਇਕ ਹੋਵੇਗਾ ਕਿ ਦੇਸ਼ ਲੋਕਾਂ ਦਾ ਹੈ ਅਤੇ ਕਾਨੂੰਨ ਲੋਕਾਂ ਲਈ ਬਣਨੇ ਚਾਹੀਦੇ ਹਨ।
ਡਾ ਗਾਂਧੀ ਨੇ ਆਸ ਪਰਗਟ ਕੀਤੀ ਕਿ ਕਿਸਾਨੀ ਦੀਆਂ ਬਕਾਇਆ ਮੰਗਾਂ ਨੂੰ ਵੀ ਜਲਦ ਗੱਲਬਾਤ ਰਾਹੀਂ ਹੱਲ ਕਰ ਲਿਆ ਜਾਵੇਗਾ।