ਤਿੰਨੋਂ ਕਾਲ਼ੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਿਸਾਨ ਅੰਦੋਲਨ ਦੀ ਇਤਿਹਾਸਕ ਜਿੱਤ ਕਰਾਰ
ਦਲਜੀਤ ਕੌਰ ਭਵਾਨੀਗੜ੍ਹ
- ਕਿਸਾਨਾਂ ਦੇ ਹੱਕ 'ਚ 26ਵਾਂ ਹਫਤਾਵਾਰੀ ਪ੍ਰਦਰਸ਼ਨ
ਲਹਿਰਾਗਾਗਾ, 21 ਨਵੰਬਰ, 2021: ਲੋਕ ਚੇਤਨਾ ਮੰਚ, ਲਹਿਰਾਗਾਗਾ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਬੀਤੀ ਸ਼ਾਮ ਨਹਿਰ ਦੇ ਪੁਲ਼ 'ਤੇ 26ਵਾਂ ਹਫ਼ਤਾਵਾਰੀ ਪ੍ਰਦਰਸ਼ਨ ਜੇਤੂ ਅੰਦਾਜ਼ ਵਿੱਚ ਕੀਤਾ ਗਿਆ।
ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਕਾਲ਼ੇ ਖੇਤੀ ਕਾਨੂੰਨ ਵਾਪਸ ਲੈਣ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਐਲਾਨ ਕਿਸਾਨ ਅੰਦੋਲਨ ਦੀ ਇੱਕ ਇਤਿਹਾਸਕ ਜਿੱਤ ਹੈ।
ਜਥੇਬੰਦੀਆਂ ਦੇ ਬੁਲਾਰਿਆਂ ਗਿਆਨ ਚੰਦ ਸ਼ਰਮਾ, ਮਾਸਟਰ ਹਰਭਗਵਾਨ ਗੁਰਨੇ, ਪੂਰਨ ਸਿੰਘ ਖਾਈ, ਜਗਦੀਸ਼ ਪਾਪੜ, ਅਤੇ ਰਣਦੀਪ ਸੰਗਤਪੁਰਾ ਨੇ ਕਿਹਾ ਕਿ ਇਹ ਪਿਛਲੇ 11 ਮਹੀਨਿਆਂ ਤੋਂ ਚੱਲ ਰਹੇ ਕਿਸਾਨ ਘੋਲ ਦਾ ਸਦਕਾ ਹੀ ਇਹ ਸੰਭਵ ਹੋਇਆ ਹੈ ਕਿ ਪ੍ਰਧਾਨ ਮੰਤਰੀ ਨੂੂੰ ਖੁਦ ਨੂੂੰ ਤਿੰਨੋਂ ਕਾਲ਼ੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਅੰਦੋਲਨ ਨੇ ਦਰਸਾ ਦਿੱਤਾ ਹੈ ਕਿ ਧੱਕੇਸ਼ਾਹੀ ਦੇ ਖਿਲਾਫ਼ ਸੰਘਰਸ਼ ਅਤੇ ਸੰਘਰਸ਼ਾਂ ਵਿੱਚ ਕੀਤੀਆਂ ਕੁਰਬਾਨੀਆਂ ਕਦੇ ਵੀ ਬੇਅਰਥ ਨਹੀਂ ਜਾਂਦੀਆਂ।
ਇਸ ਪ੍ਰਦਰਸ਼ਨ ਦੌਰਾਨ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ 700 ਦੇ ਕਰੀਬ ਕਿਸਾਨਾਂ ਨੂੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਗਿਆ ਕਿ ਇਨ੍ਹਾਂ ਕਿਸਾਨਾਂ-ਮਜ਼ਦੂਰਾਂ ਦੀਆਂ ਸ਼ਹੀਦੀਆਂ ਆਖਿਰ ਰੰਗ ਲਿਆਈਆਂ ਹਨ। ਆਗੂਆਂ ਨੇ ਕਿਹਾ ਮੋਰਚਾ ਹਾਲੇ ਜਾਰੀ ਹੈ ਅਤੇ ਮੋਰਚੇ ਦੀ ਅਗਲੀ ਰੂਪਰੇਖਾ ਸੰਯੁਕਤ ਕਿਸਾਨ ਮੋਰਚਾ ਤੈਅ ਕਰੇਗਾ ਅਤੇ ਮੰਚ ਉਹਦੇ ਅਨੁਸਾਰ ਹੀ ਅੱਗੇ ਚੱਲੇਗਾ। ਉਨ੍ਹਾਂ ਕਿਹਾ ਕਿ ਮੰਚ ਤੇ ਉਸਦੀਆਂ ਸਹਿਯੋਗੀ ਜਥੇਬੰਦੀਆਂ ਉਦੋਂ ਤੱਕ ਆਪਣਾ ਪ੍ਰਦਰਸ਼ਨ ਵੀ ਪਹਿਲਾਂ ਵਾਂਗੂ ਹੀ ਕਰਨਗੀਆਂ।
ਇਸ ਪ੍ਰਦਰਸ਼ਨ ਵਿੱਚ ਸ਼ਮਿੰਦਰ ਸਿੰਘ, ਰਾਮਚੰਦਰ ਸਿੰਘ ਖਾਈ, ਮਹਿੰਦਰ ਸਿੰਘ, ਰਣਜੀਤ ਲਹਿਰਾ, ਮਾਸਟਰ ਕੁਲਵਿੰਦਰ ਸਿੰਘ, ਜੋਰਾ ਸਿੰਘ ਗਾਗਾ, ਸੁਖਜਿੰਦਰ ਲਾਲੀ, ਕਾਮਰੇਡ ਭੀਮ ਆਲਮਪੁਰ, ਤਰਸੇਮ ਭੋਲੂ, ਬਲਦੇਵ ਚੀਮਾ, ਤਰਸੇਮ ਸ਼ਰਮਾ, ਲਾਭ ਸਿੰਘ, ਮੈਂਗਲ ਸਿੰਘ, ਰਾਮ ਸਿੰਘ ਭੱਠਲ, ਹਰਜਿੰਦਰ ਸਿੰਘ, ਮੱਘਰ ਸਿੰਘ ਨੇ ਸ਼ਮੂਲੀਅਤ ਕੀਤੀ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸਾਲ ਭਰ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਕਿਸਾਨਾਂ ਦੇ ਸਬਰ, ਸੰਤੋਖ ਤੇ ਦ੍ਰਿੜ ਨਿਹਚੇ ਦੀ ਜੈ ਜੈ ਕਾਰ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਦੇ ਬਿਜਲੀ ਕਾਮਿਆਂ ਸਮੇਤ ਹੋਰਨਾਂ ਵਰਗਾਂ ਦੇ ਮੁਲਾਜ਼ਮਾਂ ਦੇ ਘੋਲਾਂ ਦਾ ਸਮਰਥਨ ਕੀਤਾ।