ਸੈਂਕੜੇ ਕਿਸਾਨਾਂ ਦੀਆਂ ਸ਼ਹੀਦੀਆਂ ਅਤੇ ਐਨ.ਆਰ.ਆਈ. ਭਰਾਵਾਂ ਦੇ ਦਬਾਅ ਕਾਰਨ ਤਿੰਨੇ ਖੇਤੀ ਕਾਲੇ ਕਾਨੂੰਨ ਰੱਦ ਹੋਏ - ਝੰਡੂਕੇ
ਮਾਨਸਾ 21 ਨਵੰਬਰ 2021 - ਭਾਰਤੀ ਕਿਸਾਨ ਯੂਨੀਅਨ ਲੱਖੋਵਾਲ (ਟਿਕੈਤ) ਦੀ ਸਪੈਸ਼ਲ ਮੀਟਿੰਗ ਗੁਰਦੁਆਰਾ, ਸਿਰਸਾ ਰੋਡ, ਨੇੜੇ ਅਨਾਜ਼ ਮੰਡੀ, ਮਾਨਸਾ ਵਿਖੇ ਰਾਜਿੰਦਰ ਸਿੰਘ ਹੀਰਕੇ ਜਿਲ੍ਹਾ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਝੰਡੂਕੇ ਨੇ ਕਿਹਾ ਕਿ ਤਿੰਨੇ ਕਾਲੇ ਕਾਨੂੰਨ ਦੇਸ਼ਵਾਸੀਆਂ ਅਤੇ ਐਨ.ਆਰ.ਆਈ. ਭਰਾਵਾਂ ਦੇ ਦਬਾਅ ਸਦਕਾ ਰੱਦ ਹੋਏ ਹਨ।
ਬੀ.ਜੇ.ਪੀ. ਵਾਧੂ ਸ਼ਿਫ਼ਤਾਂ ਕਰ ਰਹੀ ਹੈ ਪਰ ਇੱਕ ਸਾਲ ਮੋਰਚੇ ਵਿੱਚ ਸੈਂਕੜੇ ਕਿਸਾਨਾਂ ਨੇ ਸ਼ਹੀਦੀਆਂ ਪਾ ਕੇ ਬਿੱਲਾਂ ਨੂੰ ਰੱਦ ਕਰਵਾਇਆ ਹੈ। ਜੋ ਪ੍ਰੋਗਰਾਮ ਐਸ.ਕੇ.ਐਮ. ਵੱਲੋਂ ਉਲੀਕੇ ਗਏ ਹਨ, ਉਹਨਾਂ ਦੀ ਤਿਆਰੀ ਪੂਰੀ ਹੋ ਚੁੱਕੀ ਹੈ ਜਿਵੇਂ ਕਿ 25 ਨਵੰਬਰ 2021 ਨੂੰ ਸਾਲ ਪੂਰਾ ਹੋਣ ਤੇ ਟਰੈਕਟਰਾਂ ਦੇ ਵੱਡੇ ਕਾਫਲੇ ਬੋਹਾ ਮੰਡੀ ਤੋਂ ਟਿੱਕਰੀ ਬਾਰਡਰ ਤੇ ਰਵਾਨਾ ਹੋਣਗੇ ਅਤੇ 26 ਨਵੰਬਰ 2021 ਨੂੰ ਉੱਥੇ ਪਹੁੰਚ ਕੇ ਵਰ੍ਹੇਗੰਢ ਮਨਾਉਣਗੇ।
ਦੂਸਰੇ ਮਤੇ ਰਾਹੀਂ ਪ੍ਰਿਤਪਾਲ ਸਿੰਘ ਮਾਖਾ ਨੂੰ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਬਲਾਕ ਝੁਨੀਰ ਦਾ ਕਾਰਜਕਾਰੀ ਪ੍ਰਧਾਨ ਥਾਪਿਆ ਗਿਆ ਹੈ। ਅੱਜ ਦੀ ਮੀਟਿੰਗ ਵਿੱਚ ਜਸਕਰਨ ਸਿੰਘ ਸ਼ੇਰਖਾਂ, ਤੋਤਾ ਸਿੰਘ ਹੀਰਕੇ ਜਿਲ੍ਹਾ ਧਾਰਮਿਕ ਵਿੰਗ, ਤਾਰਾ ਸਿੰਘ ਰੱਲਾ, ਬਲਵੰਤ ਸਿੰਘ ਦਲੀਏਵਾਲੀ, ਲੀਲਾ ਸਿੰਘ ਔਲਖ, ਮੱਖਣ ਸ਼ਰਮਾ ਮਾਨਸਾ, ਦਰਸ਼ਨ ਸਿੰਘ ਤਾਲਬਵਾਲਾ, ਜੀਤ ਸਿੰਘ ਮੌਜੀਆ, ਮਲੂਕ ਸਿੰਘ ਮੌਜੀਆ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ।