ਸਿਰਫ ਐਮ ਐਸ ਪੀ ਦੀ ਹੀ ਨਹੀਂ, ਖਰੀਦ ਲਈ ਵੀ ਕਾਨੂੰਨੀ ਗਾਰੰਟੀ ਦੀ ਵਿਵਸਥਾ ਬਣਾਈ ਜਾਵੇ: ਬਾਕੀ ਮੰਗਾਂ ਲਈ ਸਰਕਾਰ ਗੱਲਬਾਤ ਸ਼ੁਰੂ ਕਰੇ:ਆਗੂ
ਕਮਲਜੀਤ ਸਿੰਘ ਸੰਧੂ
- ਖੇਤੀ ਕਾਨੂੰਨ ਰੱਦ ਕਰਨ ਵਾਲੇ ਡਰਾਵਟ ਬਿੱਲ ਵਿੱਚ ਕਾਨੂੰਨਾਂ ਨੂੰ ਅਜੇ ਵੀ ਠੀਕ ਠਹਿਰਾਉਣ ਦੀ ਨਿਖੇਧੀ; ਰੱਸੀ ਸੜ ਗਈ ਪਰ ਵੱਟ ਨਹੀਂ ਗਿਆ: ਕਿਸਾਨ ਆਗੂ
- ਖੇਤੀ ਮੰਤਰੀ ਤੋਮਰ ਦੇ ਕੱਲ੍ਹ ਵਾਲੇ ਬਿਆਨ ਵਿੱਚ ਕੁੱਝ ਵੀ ਨਵਾਂ ਨਹੀਂ; ਗੋਲ-ਮੋਲ ਗੱਲਾਂ ਦੀ ਬਜਾਏ ਸਰਕਾਰ ਬਾਕੀ ਮੰਗਾਂ ਬਾਰੇ ਸਟੈਂਡ ਸਪੱਸ਼ਟ ਕਰੇ: ਕਿਸਾਨ ਆਗੂ
- ਕੱਲ੍ਹ ਬਰਨਾਲਾ 'ਚ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨੂੰ ਧਮਕੀ ਦੇਣ ਅਤੇ ਉਨ੍ਹਾਂ ਉਪਰ ਪੁਲਿਸ ਜਬਰ ਦੀ ਨਿਖੇਧੀ; ਮੁਲਾਜਮਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ
ਬਰਨਾਲਾ: 28 ਨਵੰਬਰ, 2021 - ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 424 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖੇ ਖੁੱਲ੍ਹੇ ਪੱਤਰ ਵਿੱਚ ਦਰਜ ਛੇ ਮੰਗਾਂ ਬਾਰੇ ਚਰਚਾ ਕੀਤੀ। ਆਗੂਆਂ ਨੇ ਕਿਹਾ ਕਿ ਸਾਨੂੰ ਸਿਰਫ ਐਮਐਸਪੀ ਦੀ ਹੀ ਨਹੀਂ ਸਗੋਂ ਫਸਲਾਂ ਦੀ ਖਰੀਦ ਦੀ ਵੀ ਗਾਰੰਟੀ ਚਾਹੀਦੀ ਹੈ। ਸਰਕਾਰ ਅਜਿਹੀ ਵਿਵਸਥਾ ਬਣਾਵੇ ਕਿ ਮੁਲਕ ਭਰ ਵਿੱਚ ਸਾਰੀਆਂ 23 ਫਸਲਾਂ ਐਮਐਸਪੀ ਤੋਂ ਘੱਟ ਕੀਮਤ 'ਤੇ ਨਾ ਵਿਕਣ। ਜਰੂਰੀ ਨਹੀਂ ਕਿ ਸਾਰੀਆਂ ਫਸਲਾਂ ਸਰਕਾਰ ਹੀ ਖਰੀਦੇ ਸਗੋਂ ਜਿਹੜਾ ਵੀ ਵਪਾਰੀ ਖਰੀਦੇ ਉਹ ਐਮਐਸਪੀ ਤੋਂ ਘੱਟ ਕੀਮਤ 'ਤੇ ਨਾ ਖਰੀਦ ਸਕੇ। ਆਗੂਆਂ ਨੇ ਕਿਹਾ ਕਿ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਸ ਮੰਤਵ ਲਈ 17 ਲੱਖ ਕਰੋੜ ਰੁਪਏ ਦੀ ਜਰੂਰਤ ਹੈ। ਅਸਲ ਵਿੱਚ ਸਿਰਫ 7.7 ਲੱਖ ਰੁਪਏ ਦੀ ਹੀ ਜਰੂਰਤ ਹੈ। ਉਹ ਵੀ ਹਾੜੵੀ-ਸਾਉਣੀ ਦੀਆਂ ਵੱਖ ਵੱਖ ਫਸਲਾਂ ਲਈ।
ਅੱਜ ਬੁਲਾਰਿਆਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਨ ਲਈ ਤਿਆਰ ਕੀਤੇ ਡਰਾਵਟ ਬਿੱਲ ਵਿੱਚ ਅਜੇ ਵੀ ਖੇਤੀ ਕਾਨੂੰਨਾਂ ਨੂੰ ਠੀਕ ਠਹਿਰਾਇਆ ਜਾ ਰਿਹਾ ਹੈ। ਇਸ ਤੋਂ ਸਰਕਾਰ ਦੀ ਬਦਨੀਤੀ ਦੀ ਝਲਕ ਪੈਂਦੀ ਹੈ ਅਤੇ ਇਹ ਭਵਿੱਖ ਵਿੱਚ ਵੀ ਕਿਸੇ ਹੋਰ ਰੂਪ ਵਿਚ ਅਜਿਹੇ ਕਾਨੂੰਨ ਬਣਾ ਸਕਦੀ ਹੈ। ਇਸ ਲਈ ਸਾਨੂੰ ਅਵੇਸਲਾ ਨਹੀਂ ਹੋਣਾ ਚਾਹੀਦਾ। ਸਰਕਾਰ ਦਾ ਸਟੈਂਡ 'ਰੱਸੀ ਸੜ ਗਈ ਪਰ ਵੱਟ ਨਹੀਂ ਗਿਆ' ਵਾਲਾ ਬਣਿਆ ਹੋਇਆ ਹੈ। ਇਹ ਫਿਰ ਹਮਲਾ ਕਰ ਸਕਦੀ ਹੈ।
ਅੱਜ ਬੁਲਾਰਿਆਂ ਨੇ ਖੇਤੀ ਮੰਤਰੀ ਤੋਮਰ ਵੱਲੋਂ ਕੱਲ੍ਹ ਦਿੱਤੇ ਬਿਆਨ ਦੀ ਚੀਰਫਾੜ ਕੀਤੀ। ਆਗੂਆਂ ਨੇ ਕਿਹਾ ਕਿ ਖੇਤੀ ਮੰਤਰੀ ਗੋਲ-ਮੋਲ ਗੱਲਾਂ ਕਰ ਰਿਹਾ ਹੈ ਅਤੇ ਕੁੱਝ ਵੀ ਨਵਾਂ ਨਹੀਂ ਕਹਿ ਰਿਹਾ। ਕਿਸਾਨਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਦਾ ਮਸਲਾ ਗੱਲਬਾਤ ਰਾਹੀਂ ਹੀ ਹੱਲ ਹੋਣਾ ਹੈ। ਸਰਕਾਰ ਸੰਯੁਕਤ ਕਿਸਾਨ ਮੋਰਚੇ ਨਾਲ ਤੁਰੰਤ ਗੱਲਬਾਤ ਸ਼ੁਰੂ ਕਰੇ ਤਾਂ ਜੁ ਦੋਵਾਂ ਧਿਰਾਂ ਦੇ ਸਟੈਂਡ ਇੱਕ ਦੂਜੇ ਨੂੰ ਸਪਸ਼ਟ ਹੋ ਸਕਣ। ਸਿਰਫ ਅਖਬਾਰੀ ਬਿਆਨਾਂ ਨਾਲ ਮਸਲੇ ਹੱਲ ਨਹੀਂ ਹੋਣੇ।
ਅੱਜ ਕਰਨੈਲ ਸਿੰਘ ਗਾਂਧੀ,ਬਾਬੂ ਸਿੰਘ ਖੁੱਡੀ ਕਲਾਂ, ਨਛੱਤਰ ਸਿੰਘ ਸਾਹੌਰ,ਕੁਲਵਿੰਦਰ ਕੌਰ ਖੁੱਡੀ ਕਲਾਂ, ਜਸਪਾਲ ਕੌਰ ਕਰਮਗੜ੍ਹ, ਜਸਪਾਲ ਚੀਮਾ,ਬਲਵੰਤ ਸਿੰਘ ਠੀਕਰੀਵਾਲਾ,ਗੁਰਮੇਲ ਸ਼ਰਮਾ,ਪ੍ਰੇਮਪਾਲ ਕੌਰ, ਰਣਧੀਰ ਸਿੰਘ ਰਾਜਗੜ੍ਹ ਨੇ ਸੰਬੋਧਨ ਕੀਤਾ। ਅੱਜ ਬੁਲਾਰਿਆਂ ਨੇ ਬੀਤੇ ਕੱਲ੍ਹ ਬਰਨਾਲਾ ਵਿਖੇ ਮੁੱਖ ਮੰਤਰੀ ਦੀ ਫੇਰੀ ਦੌਰਾਨ ਸਿਹਤ ਤੇ ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਉਪਰ ਪੁਲਿਸ ਜਬਰ ਕੀਤੇ ਜਾਣ ਦੀ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਬੀ.ਐਡ ( ਟੈਟ-ਪਾਸ) ਅਧਿਆਪਕ ਤੇ ਸਿਹਤ ਮੁਲਾਜ਼ਮ ਲੰਬੇ ਸਮੇਂ ਤੋਂ ਰੁਜਗਾਰ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਦੇ ਕੰਨ 'ਤੇ ਜੂੰਅ ਨਹੀਂ ਸਰਕੀ । ਉਲਟਾ ਮੁੱਖ ਮੰਤਰੀ ਸੰਘਰਸ਼ ਕਰਨ ਵਾਲੇ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ ਜੋ ਬਹੁਤ ਨਿੰਦਣਯੋਗ ਕਾਰਵਾਈ ਹੈ। ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨੇ।
ਅੱਜ ਪ੍ਰੇਮਪਾਲ ਕੌਰ ਵੱਲੋਂ ਗਾਏ ਇਨਕਲਾਬੀ ਗੀਤ ਦੌਰਾਨ ਸਾਰੇ ਧਰਨਾਕਾਰੀਆਂ ਨੂੰ ਸਮੂਹਗਾਣ ਵਜੋਂ ਸਾਥ ਦਿੱਤਾ ਜਿਸ ਕਾਰਨ ਮਾਹੌਲ ਬਹੁਤ ਭਾਵੁਕ ਹੋ ਗਿਆ। ਪਾਠਕ ਭਰਾਵਾਂ ਨੇ ਬੀਰਰਸੀ ਕਵੀਸ਼ਰੀ ਰਾਹੀਂ ਪੰਡਾਲ 'ਚ ਜੋਸ਼ ਭਰਿਆ।