ਮੋਦੀ ਦੇ ਕਾਨੂੰਨ ਵਾਪਸ ਲੈਣ ਦੇ ਐਲਾਨ ਨਾਲ ਹੋਈ ਮਲਿਕ ਭਾਗੋਆਂ ਦੀ ਹਾਰ ਅਤੇ ਭਾਈ ਲਾਲੋਆਂ ਦੀ ਜਿੱਤ ਹੋਈ : ਬੁਰਜ਼ਗਿੱਲ/ਜਗਮੋਹਨ
ਚੰਡੀਗੜ੍ਹ, 19 ਨਵੰਬਰ, 2021: ਅੱਜ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਮੋਦੀ ਸਰਕਾਰ ਵੱਲੋਂ 3 ਕਾਲੇ ਕਾਨੂੰਨ ਵਾਪਸ ਲੈਣ ਦੇ ਐਲਾਨ ਨੂੰ ਬੀਕੇਯੂ-ਡਕੌਂਦਾ ਨੇ ਮਲਿਕ ਭਾਗੋਆਂ ਦੀ ਹਾਰ ਅਤੇ ਭਾਈ ਲਾਲੋਆਂ ਦੀ ਜਿੱਤ ਕਰਾਰ ਦਿੱਤਾ ਹੈ।
ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਅੱਜ ਦੇ ਦਿਨ ਤਿੰਨ ਪਾਸ ਕੀਤੇ ਕਾਲੇ ਕਾਨੂੰਨ ਵਾਪਸ ਲੈਣ ਦੇ ਐਲਾਨ ਨੂੰ ਕਿਰਤੀ ਕਿਸਾਨਾਂ ਦੀ ਜਿੱਤ ਕਿਹਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਇਸ ਜਿੱਤ ਨਾਲ ਮਲਕ ਭਾਗੋਆਂ ਦੇ ਵਾਰਸ ਕਾਰਪੋਰੇਟ ਘਰਾਣਿਆਂ ਨੂੰ ਸ਼ਰਮਨਾਕ ਹਾਰ ਦਾ ਮੂੰਹ ਦੇਖਣਾ ਪਿਆ ਹੈ ਅਤੇ ਭਾਈ ਲਾਲੋਆਂ ਦੇ ਵਾਰਿਸਾਂ ਦੀ ਸ਼ਾਨਦਾਰ ਜਿੱਤ ਹੋਈ ਹੈ।
ਕਿਸਾਨ-ਆਗੂਆਂ ਨੇ ਇਸ ਐਲਾਨ ਦਾ ਸਵਾਗਤ ਕੀਤਾ, ਉਥੇ ਦੂਸਰੀ ਤਰਫ ਇਸ ਨੂੰ ਆਪਣੀ ਅੰਸ਼ਕ ਜਿੱਤ ਕਰਾਰ ਦਿੰਦਿਆਂ ਕਾਨੂੰਨਾਂ ਦੇ ਤਕਨੀਕੀ ਤੌਰ 'ਤੇ ਵਾਪਸ ਹੋਣ ਤੱਕ ਅੰਦੋਲਨ ਨੂੰ ਜਾਰੀ ਰੱਖਣ ਦਾ ਅਹਿਦ ਦੁਹਰਾਇਆ।
ਆਗੂਆਂ ਨੇ ਕਿਹਾ ਕਿ ਇਹ ਐਲਾਨ ਲੋਕਾਂ ਦੀ ਏਕਤਾ ਤੇ ਸੰਘਰਸ਼ ਦਾ ਸਿੱਟਾ ਹੈ। ਖੇਤੀ ਕਾਨੂੰਨਾਂ ਦੀ ਰਸਮੀ ਤੌਰ 'ਤੇ ਵਾਪਸੀ ਹੋਣ ਤੱਕ ਅਸੀਂ ਅਵੇਸਲੇ ਨਹੀਂ ਹੋਣਾ। ਸਥਾਨਕ ਧਰਨਿਆਂ ਵਿੱਚ ਆਉਣ ਅਤੇ ਦਿੱਲੀ ਮੋਰਚੇ ਦੀ ਪਹਿਲੀ ਵਰੇਗੰਢ ਲਈ ਦਿੱਲੀ ਵੱਲ ਕੂਚ ਕਰਨ ਦੇ ਪ੍ਰੋਗਰਾਮ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹਿਣਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਐੱਮਐੱਸਪੀ ਦੇ ਕਾਨੂੰਨ ਬਾਰੇ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ। ਅਸੀਂ ਸਾਰੀਆਂ ਫਸਲਾਂ ਲਈ ਅਤੇ ਦੇਸ਼ ਦੇ ਸਾਰੇ ਕਿਸਾਨਾਂ ਲਈ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਕਾਨੂੰਨ ਬਣਾਏ ਜਾਣ ਸਬੰਧੀ ਮੰਗ ਕਰ ਰਹੇ ਹਾਂ।