ਕਿਸਾਨ ਮੋਰਚੇ ਦੇ ਹੱਕ 'ਚ 27ਵਾਂ ਪ੍ਰਦਰਸ਼ਨ: ਤਿੰਨ ਕਾਲ਼ੇ ਖੇਤੀ ਕਾਨੂੰਨ ਵਾਪਸ ਲੈਣਾ ਚੰਗੀ ਸ਼ੁਰੂਆਤ ਹੈ ਪਰ ਬਾਕੀ ਮੰਗਾਂ ਵੀ ਮੰਨੇ ਮੋਦੀ ਸਰਕਾਰ
ਦਲਜੀਤ ਕੌਰ ਭਵਾਨੀਗੜ੍ਹ
ਲਹਿਰਾਗਾਗਾ, 28 ਨਵੰਬਰ, 2021: ਲੋਕ ਚੇਤਨਾ ਮੰਚ, ਲਹਿਰਾਗਾਗਾ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਬੀਤੀ ਸ਼ਾਮ ਨਹਿਰ ਦੇ ਪੁਲ਼ 'ਤੇ 27ਵਾਂ ਹਫ਼ਤਾਵਾਰੀ ਕੀਤਾ ਗਿਆ। ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਵੱਲੋਂ ਮੋਦੀ ਸਰਕਾਰ ਵੱਲੋਂ ਤਿੰਨ ਕਾਲ਼ੇ ਖੇਤੀ ਕਾਨੂੰਨ ਵਾਪਸ ਲੈਣ ਦੇ ਫੈਸਲੇ ਨੂੂੰ ਚੰਗੀ ਸ਼ੁਰੂਆਤ ਦੱਸਦਿਆਂ ਅੈਮ ਅੈਸ ਪੀ ਦੀ ਗਾਰੰਟੀ ਸਮੇਤ ਕਿਸਾਨ ਅੰਦੋਲਨ ਦੀਅਾਂ ਬਾਕੀ ਮੰਗਾਂ ਵੀ ਤੁਰੰਤ ਪੂਰੀਆਂ ਕਰਨ ਦੀ ਮੰਗ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਇਤਿਹਾਸਕ ਜਿੱਤ ਵੱਲ ਵਧ ਰਿਹਾ ਹੈ। ਜਥੇਬੰਦੀਆਂ ਦੇ ਬੁਲਾਰਿਆਂ ਮਾਸਟਰ ਹਰਭਗਵਾਨ ਗੁਰਨੇ, ਰਣਜੀਤ ਲਹਿਰਾ, ਪੂਰਨ ਸਿੰਘ ਖਾਈ, ਗੁਰਚਰਨ ਸਿੰਘ ਤੇ ਸੁਖਦੇਵ ਚੰਗਾਲੀਵਾਲਾ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ਮੌਕੇ ਦਿੱਲੀ ਦੇ ਬਾਰਡਰਾਂ ਸਮੇਤ ਸਭਨਾਂ ਮੋਰਚਿਆਂ 'ਤੇ ਹੋਏ ਲਾਮਿਸਾਲ ਇੱਕਠਾਂ ਨੇ ਦਰਸਾ ਦਿੱਤਾ ਹੈ ਕਿ ਦੇਸ਼ ਭਰ ਦੇ ਕਿਸਾਨ ਹੀ ਨਹੀਂ ਹੋਰਨਾਂ ਵਰਗਾਂ ਦੇ ਲੋਕ ਵੀ ਕਿਸਾਨ ਘੋਲ ਦੇ ਨਾਲ ਹਨ। ਇਸ ਇਤਿਹਾਸਕ ਅੰਦੋਲਨ ਨੇ ਦਰਸਾ ਦਿੱਤਾ ਹੈ ਕਿ ਧੱਕੇਸ਼ਾਹੀ ਦੇ ਖਿਲਾਫ਼ ਸੰਘਰਸ਼ ਅਤੇ ਸੰਘਰਸ਼ਾਂ ਵਿੱਚ ਕੀਤੀਆਂ ਕੁਰਬਾਨੀਆਂ ਕਦੇ ਵੀ ਬੇਅਰਥ ਨਹੀਂ ਜਾਂਦੀਆਂ।
ਇਸ ਪ੍ਰਦਰਸ਼ਨ ਦੌਰਾਨ ਆਗੂਆਂ ਨੇ ਕਿਹਾ ਕਿ ਮੋਰਚਾ ਹਾਲੇ ਜਾਰੀ ਹੈ ਅਤੇ ਮੋਰਚੇ ਦੀ ਅਗਲੀ ਰੂਪਰੇਖਾ ਸੰਯੁਕਤ ਕਿਸਾਨ ਮੋਰਚਾ ਤੈਅ ਕਰੇਗਾ ਅਤੇ ਮੰਚ ਉਹਦੇ ਅਨੁਸਾਰ ਹੀ ਅੱਗੇ ਚੱਲੇਗਾ। ਉਨ੍ਹਾਂ ਕਿਹਾ ਕਿ ਮੰਚ ਤੇ ਉਸਦੀਆਂ ਸਹਿਯੋਗੀ ਜਥੇਬੰਦੀਆਂ ਉਦੋਂ ਤੱਕ ਆਪਣਾ ਪ੍ਰਦਰਸ਼ਨ ਵੀ ਪਹਿਲਾਂ ਵਾਂਗੂ ਹੀ ਕਰਨਗੀਆਂ।
ਇਸ ਪ੍ਰਦਰਸ਼ਨ ਵਿੱਚ ਰਾਮਚੰਦਰ ਸਿੰਘ ਖਾਈ, ਮਾਸਟਰ ਕੁਲਵਿੰਦਰ ਸਿੰਘ, ਜੋਰਾ ਸਿੰਘ ਗਾਗਾ, ਸੁਖਜਿੰਦਰ ਲਾਲੀ, ਬਲਦੇਵ ਚੀਮਾ, ਮਾਸਟਰ ਕੁਲਦੀਪ ਸਿੰਘ, ਹਰਜਿੰਦਰ ਸਿੰਘ, ਪ੍ਰਗਟ ਸਿੰਘ, ਹਰਬੰਤ ਜਵਾਹਰਵਾਲਾ, ਬਲਕਾਰ ਖਾਈ, ਦਰਬਾਰਾ ਸਿੰਘ, ਜਸਵਿੰਦਰ ਗਾਗਾ, ਤਰਸੇਮ ਸ਼ਰਮਾ, ਹਰਜਿੰਦਰ ਸਿੰਘ, ਮੱਘਰ ਸਿੰਘ ਨੇ ਸ਼ਮੂਲੀਅਤ ਕੀਤੀ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸਾਲ ਭਰ ਤੋਂ ਦਿੱਲੀ ਦੀਅਾਂ ਬਰੂਹਾਂ 'ਤੇ ਡਟੇ ਕਿਸਾਨਾਂ ਦੇ ਸਬਰ, ਸੰਤੋਖ ਤੇ ਦ੍ਰਿੜ ਨਿਹਚੇ ਦੀ ਜੈ ਜੈ ਕਾਰ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਰਗਾਂ ਦੇ ਮੁਲਾਜ਼ਮਾਂ ਅਤੇ ਬੇਰੁਜ਼ਗਾਰ ਨੌਜਵਾਨਾਂ 'ਤੇ ਜਬਰ ਢਾਹੁਣ ਦੀ ਸਖ਼ਤ ਨਿੰਦਾ ਕੀਤੀ।