ਦਿੱਲੀ ਕਿਸਾਨੀ ਧਰਨੇ ਤੋਂ ਬਿਮਾਰ ਹੋਣ ਤੇ ਵਾਪਸ ਪਰਤੇ ਕਿਸਾਨ ਦੀ ਇਲਾਜ ਦੌਰਾਨ ਮੌਤ
ਦਲਜੀਤ ਕੌਰ ਭਵਾਨੀਗੜ੍ਹ
ਭਵਾਨੀਗੜ੍ਹ, 21 ਨਵੰਬਰ, 2021: ਦਿੱਲੀ ਕਿਸਾਨ ਧਰਨੇ ਵਿੱਚ ਸ਼ਾਮਲ ਹੋਏ ਨੇੜਲੇ ਪਿੰਡ ਮਾਝਾ ਦੇ ਕਿਸਾਨ ਜੰਗ ਸਿੰਘ ਪੁੱਤਰ ਸ਼੍ਰੀ ਮੋਦਨ ਸਿੰਘ (65) ਦੀ ਦਿੱਲੀ ਧਰਨੇ ਦੌਰਾਨ ਹੀ ਸਿਹਤ ਢਿੱਲੀ ਹੋਣ ਉਪਰੰਤ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੀਕੇਯੂ ਏਕਤਾ ਡਕੌਂਦਾ ਦੇ ਆਗੂਆਂ ਸੁਖਦੇਵ ਸਿੰਘ ਬਾਲਦ ਕਲਾਂ ਅਤੇ ਅੰਗਰੇਜ਼ ਸਿੰਘ ਮਾਝੀ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਜੰਗ ਸਿੰਘ ਦਿੱਲੀ ਵਿਖੇ ਸਿੰਘੂ ਬਾਰਡਰ ਤੇ 20 ਦਿਨ ਦੇ ਲੱਗਭਗ ਰਿਹਾ, ਇਸ ਦੌਰਾਨ ਉਸਨੂੰ ਜ਼ਿਆਦਾ ਬਿਮਾਰ ਹੋਣ ਕਾਰਨ ਪਿਛਲੇ ਐਤਵਾਰ ਪਿੰਡ ਬੁਲਾਇਆ ਗਿਆ ਸੀ। ਇੱਥੋਂ ਹੀ ਉਸ ਨੂੰ ਸਰਕਾਰੀ ਹਸਪਤਾਲ ਨਾਭਾ ਵਿਖੇ ਭਰਤੀ ਕਰਵਾਇਆ ਗਿਆ, ਪਰੰਤੂ ਇਲਾਜ ਦੌਰਾਨ ਹੀ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਜੰਗ ਸਿੰਘ ਸਿਰਫ਼ ਡੇਢ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਉਸ ਦੇ ਸਿਰ 3 ਲੱਖ ਰੁਪਏ ਦੇ ਕਰੀਬ ਸਰਕਾਰੀ ਅਤੇ ਗੈਰ ਸਰਕਾਰੀ ਕਰਜ਼ਾ ਸੀ। ਉਨ੍ਹਾਂ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ।
ਅੱਜ ਪਿੰਡ ਮਾਝਾ ਵਿਖੇ ਸਸਕਾਰ ਮੌਕੇ ਬੀਕੇਯੂ ਏਕਤਾ ਡਕੌਂਦਾ ਦੇ ਬਲਾਕ ਜਨਰਲ ਸਕੱਤਰ ਸੁਖਦੇਵ ਸਿੰਘ ਬਾਲਦ ਕਲਾਂ ਅਤੇ ਅੰਗਰੇਜ ਸਿੰਘ ਮਾਝੀ ਸਮੇਤ ਕਿਸਾਨ ਆਗੂਆਂ ਨੇ ਜੰਗ ਸਿੰਘ ਦੀ ਮ੍ਰਿਤਕ ਦੇਹ ਨੂੰ ਕਿਸਾਨੀ ਝੰਡਾ ਲਹਿਰਾ ਕੇ ਸ਼ਲਾਮੀ ਦਿੱਤੀ।