ਰਾਜਸਥਾਨ ਦੇ ਗਵਰਨਰ ਦਾ 'ਖੇਤੀ ਕਾਨੂੰਨ ਦੁਬਾਰਾ ਤੋਂ ਬਣਾਏ ਜਾ ਸਕਦੇ ਹਨ' ਵਾਲਾ ਬਿਆਨ ਖਤਰਨਾਕ ਅਰਥ-ਸੰਭਾਵਨਾਵਾਂ ਰੱਖਦਾ ਹੈ; ਚੌਕਸੀ ਦੀ ਜਰੂਰਤ: ਕਿਸਾਨ ਆਗੂ
ਕਮਲਜੀਤ ਸਿੰਘ ਸੰਧੂ
- ਗੋਦੀ ਮੀਡੀਆ ਦੀ ਹਾਲਤ ਹਾਸੋਹੀਣੀ ਹੋਈ;ਕਾਨੂੰਨਾਂ ਦੇ ਹੱਕ 'ਚ ਬੋਲਦੇ ਰਹੇ ਐਂਕਰ ਮਾਯੂਸ ਤੇ ਠੱਗਿਆ ਮਹਿਸੂਸ ਕਰ ਰਹੇ ਹਨ: ਕਿਸਾਨ ਆਗੂ
- ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭਟਕਾਉਣ ਲਈ ਕੰਗਨਾ ਰਣੌਤ ਵਿਰੁੱਧ ਨਿਖੇਧੀ ਮਤਾ ਪਾਸ ਕੀਤਾ; ਪਦਮਸ਼੍ਰੀ ਇਨਾਮ ਵਾਪਸ ਲੈਣ ਦੀ ਮੰਗ ਕੀਤੀ।
- ਤਿਲੰਗਾਨਾ ਸਰਕਾਰ ਵੱਲੋਂ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਤਿੰਨ ਲੱਖ ਦੇਣ ਦਾ ਫੈਸਲਾ ਸਵਾਗਤਯੋਗ; ਹੋਰ ਰਾਜ ਸਰਕਾਰਾਂ ਵੀ ਅੱਗੇ ਆਉਣ: ਕਿਸਾਨ ਆਗੂ
ਬਰਨਾਲਾ: 21ਨਵੰਬਰ, 2021 - ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 417 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਬੀਜੇਪੀ ਦੇ ਸਾਬਕਾ ਸੀਨੀਅਰ ਨੇਤਾ ਅਤੇ ਰਾਜਸਥਾਨ ਦੇ ਮੌਜੂਦਾ ਗਵਰਨਰ ਕਲਰਾਜ ਮਿਸ਼ਰਾ ਦੇ ਇਸ ਬਿਆਨ ਦਾ ਬਹੁਤ ਗੰਭੀਰ ਨੋਟਿਸ ਲਿਆ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਜੇਕਰ ਜਰੂਰਤ ਪਈ ਤਾਂ ਖੇਤੀ ਕਾਨੂੰਨ ਦੁਬਾਰਾ ਤੋਂ ਬਣਾਏ ਜਾ ਸਕਦੇ ਹਨ। ਕਿਸਾਨ ਲੀਡਰਸ਼ਿਪ ਨੂੰ ਪਹਿਲਾਂ ਤੋਂ ਹੀ ਇਸ ਗੱਲ ਦਾ ਅੰਦੇਸ਼ਾ ਹੈ ਕਿ ਸਰਕਾਰ ਭਵਿੱਖ ਵਿੱਚ ਇਨ੍ਹਾਂ ਕਾਨੂੰਨਾਂ ਨੂੰ ਚੋਰ-ਮੋਰੀ ਰਾਹੀਂ,ਛੋਟੇ ਛੋਟੇ ਟੁਕੜਿਆਂ ਵਿੱਚ ਜਾਂ ਲੁਕਵੇਂ ਰੂਪ ਵਿੱਚ ਰਾਜ ਸਰਕਾਰਾਂ ਰਾਹੀਂ ਲਿਆ ਸਕਦੀ ਹੈ। ਕਲਰਾਜ ਮਿਸ਼ਰਾ ਦੇ ਅੱਜ ਦੇ ਬਿਆਨ ਤੋਂ ਬਾਅਦ ਸਾਨੂੰ ਹੋਰ ਵੀ ਚੌਕਸ ਹੋ ਜਾਣਾ ਚਾਹੀਦਾ ਹੈ। ਜੇਕਰ ਅਸੀਂ ਭੋਰਾ ਭਰ ਵੀ ਅਵੇਸਲੇ ਹੋਏ, ਤਾਂ ਸਰਕਾਰ ਭਵਿੱਖ ਵਿੱਚੜਅਜਿਹਾ ਹਮਲਾ ਫਿਰ ਤੋਂ ਅਤੇ ਕਿਸੇ ਹੋਰ ਰੂਪ ਵਿੱਚ ਕਰ ਸਕਦੀ ਹੈ।
ਅੱਜ ਬੁਲਾਰਿਆਂ ਨੇ ਗੋਦੀ ਮੀਡੀਆ ਦੀ ਕਿਸਾਨ ਅੰਦੋਲਨ ਵਿਰੋਧੀ ਕਵਰੇਜ਼ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਗੋਦੀ ਮੀਡੀਆ ਦੇ ਐਂਕਰਾਂ ਦੀ ਹਾਲਤ ਬਹੁਤ ਹਾਸੋਹੀਣੀ ਬਣੀ ਹੋਈ ਹੈ। ਪਹਿਲੇ ਦਿਨ ਤੋਂ ਹੀ ਖੇਤੀ ਕਾਨੂੰਨਾਂ ਦੀ ਗੱਜ-ਬੱਜ ਕੇ ਹਮਾਇਤ ਕਰਨ ਵਾਲੇ ਐਂਕਰਾਂ ਨੂੰ ਹੁਣ ਬਦਲੇ ਹੋਏ ਹਾਲਾਤਾਂ ਅਨੁਸਾਰ ਆਪਣੀਆਂ ਦਲੀਲਾਂ ਘੜਨੀਆਂ ਮੁਸ਼ਕਲ ਹੋ ਗਈਆਂ ਹਨ। ਕਾਨੂੰਨ ਰੱਦ ਕਰਨ ਬਾਰੇ ਜੇਕਰ ਇੱਕ ਚੈਨਲ ਕੋਈ ਇਕ ਦਲੀਲ ਪੇਸ਼ ਕਰ ਰਿਹਾ ਹੈ ਤਾਂ ਦੂਸਰਾ ਚੈਨਲ ਕੋਈ ਹੋਰ ਹਾਸੋਹੀਣੀ ਦਲੀਲ ਦੇ ਰਿਹਾ ਹੈ। ਅਸਲ ਵਿੱਚ ਝੂਠ ਬੋਲਣਾ ਹੁੰਦਾ ਹੀ ਬਹੁਤ ਕਠਨ ਹੈ। ਸਰਕਾਰ ਦੇ ਨਵੇਂ ਸਟੈਂਡ ਕਾਰਨ ਉਹ ਮਾਯੂਸ ਤੇ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।
ਅੱਜ ਧਰਨੇ ਵਿੱਚ ਕੰਗਣਾ ਰਣੌਤ ਦੀ ਉਸ ਤਾਜ਼ਾ ਸੋਸ਼ਲ ਮੀਡੀਆ ਪੋਸਟ ਵਿਰੁੱਧ ਨਿਖੇਧੀ ਮਤਾ ਪਾਸ ਕੀਤਾ ਗਿਆ ਜਿਸ ਰਾਹੀਂ ਉਸ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਬਹੁਤ ਗੰਭੀਰ ਠੇਸ ਪਹੁੰਚਾਈ ਹੈ। ਪੋਸਟ ਵਿੱਚ ਕੰਗਨਾ ਨੇ ਲਿਖਿਆ ਹੈ ਕਿ ਇਨ੍ਹਾਂ ( ਸਿੱਖਾਂ) ਨੂੰ ਇੰਦਰਾ ਗਾਂਧੀ ਨੇ ਆਪਣੀ ਜੁੱਤੀ ਹੇਠ ਮੱਛਰਾਂ ਵਾਂਗ ਰਗੜਿਆ ਸੀ। ਆਗੂਆਂ ਨੇ ਕਿਹਾ ਕਿ ਲੱਗਦਾ ਹੈ ਕਿ ਇਸ ਔਰਤ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ ਵਰਨਾ ਕੋਈ ਵੀ ਸੂਝਵਾਨ ਵਿਅਕਤੀ ਅਜਿਹੀ ਘਟੀਆ ਟਿੱਪਣੀ ਨਹੀਂ ਕਰਦਾ।ਮਤੇ ਵਿੱਚ ਕੰਗਨਾ ਤੋਂ ਪਦਮ ਸ਼੍ਰੀ ਅਵਾਰਡ ਵਾਪਸ ਲੈਣ ਦੀ ਮੰਗ ਕੀਤੀ।
ਅੱਜ ਗੁਰਦੇਵ ਸਿੰਘ ਮਾਂਗੇਵਾਲ, ਬਲਜੀਤ ਸਿੰਘ ਚੌਹਾਨਕੇ, ਗੁਰਜੰਟ ਸਿੰਘ ਹਮੀਦੀ,ਜਗਤਾਰ ਸਿੰਘ ਠੀਕਰੀਵਾਲਾ, ਪੰਜਾਬ ਸਿੰਘ ਠੀਕਰੀਵਾਲਾ, ਪਰਮਜੀਤ ਕੌਰ ਜੋਧਪੁਰ, ਜਸਪਾਲ ਕੌਰ ਕਰਮਗੜ੍ਹ, ਜਸਵਿੰਦਰ ਸਿੰਘ ਮੰਡੇਰ, ਮੇਲਾ ਸਿੰਘ ਕੱਟੂ, ਗੁਰਚਰਨ ਸਿੰਘ ਸਰਪੰਚ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਅੱਜ ਤਿਲੰਗਾਨਾ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਜਿਸ ਵਿੱਚ ਕਿਸਾਨ ਅੰਦੋਲਨ ਦੇ ਸਾਰੇ ਸ਼ਹੀਦਾਂ ਦੇ ਵਾਰਸਾਂ ਨੂੰ ਤਿੰਨ ਤਿੰਨ ਲੱਖ ਰੁਪਏ ਦੇਣ ਦਾ ਗੱਲ ਕੀਤੀ ਹੈ। ਇਹ ਫੈਸਲਾ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਯੋਗਦਾਨ ਨੂੰ ਮਾਨਤਾ ਤੇ ਸਤਿਕਾਰ ਦੇਣ ਵਾਲੀ ਕਾਰਵਾਈ ਹੈ ਜਿਸ ਦਾ ਸਭ ਨੂੰ ਸਵਾਗਤ ਕਰਨਾ ਚਾਹੀਦਾ ਹੈ। ਅਸੀਂ ਦੂਸਰੀਆਂ ਸੂਬਾ ਸਰਕਾਰਾਂ ਤੋਂ ਵੀ ਉਮੀਦ ਕਰਦੇ ਹਾਂ ਕਿ ਉਹ ਵੀ ਅਜਿਹੇ ਫੈਸਲੇ ਕਰਕੇ ਸ਼ਹੀਦ ਕਿਸਾਨਾਂ ਦਾ ਸਨਮਾਨ ਕਰਨਗੀਆਂ।
ਅੱਜ ਪਰਮਜੀਤ ਕੌਰ ਜੋਧਪੁਰ ਨੇ ਗੀਤ ਅਤੇ ਨਰਿੰਦਰਪਾਲ ਸਿੰਗਲਾ ਨੇ ਕਵਿਤਾ ਸੁਣਾਈ।