ਕਿਸਾਨ ਅੰਦੋਲਨ ਦੀ ਯਾਦਗਾਰ: ਨਵਾਂਸ਼ਹਿਰ ਦੇ ਬਰਜਿੰਦਰ ਹੁਸੈਨਪੁਰ ਵਲੋਂ ਜ਼ਮੀਨ ਦੇਣ ਦੀ ਪੇਸ਼ਕਸ਼
- ਮੁੱਖ ਮੰਤਰੀ ਚੰਨੀ ਨੂੰ ਭੇਜਿਆ ਪੱਤਰ
ਨਵਾਂਸ਼ਹਿਰ 03 ਦਸੰਬਰ 2021 - ‘ਨਰੋਆ ਪੰਜਾਬ’ ਸੰਸਥਾ ਦੇ ਸਰਪ੍ਰਸਤ ਸ. ਬਰਜਿੰਦਰ ਸਿੰਘ ਹੁਸੈਨਪੁਰ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕਿਸਾਨ ਅੰਦੋਲਨ ਦੇ ਸੰਘਰਸ਼ ਅਤੇ ਇਸ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਸਮਰਪਿਤ ਯਾਦਗਾਰ ਬਣਾਈ ਜਾਵੇ।ਜੇਕਰ ਇਹ ਯਾਦਗਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਬਣਾਈ ਜਾਂਦੀ ਹੈ ਤਾਂ ਜ਼ਮੀਨ ਉਹਨਾਂ ਵਲੋਂ ਸੇਵਾ ਦੇ ਰੂਪ ਵਿੱਚ ਦਿੱਤੀ ਜਾਵੇਗੀ।ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੂੰ ਭੇਜੇ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਵਲੋਂ ਕੀਤਾ ਸੰਘਰਸ਼ ਸਿਰਫ਼ ਸਾਡੇ ਦੇਸ਼ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਲਾ-ਮਿਸਾਲ ਹੈ ।ਇਸ ਦੌਰਾਨ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਜਥੇਬੰਦੀਆਂ ਨੇ ਸਮੂਹਿਕ ਤੌਰ ਤੇ ਸਿੱਖੀ ਤੇ ਪੰਜਾਬੀਅਤ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ।ਇਸ ਦੌਰਾਨ 700 ਦੇ ਕਰੀਬ ਕਿਸਾਨ ਮਜ਼ਦੂਰ ਸ਼ਹੀਦ ਵੀ ਹੋ ਗਏ।ਇਸ ਮਹਾਨ ਸੰਘਰਸ਼ ਅਤੇ ਕੁਰਬਾਨੀਆਂ ਨੂੰ ਯਾਦ ਰੱਖਣ ਲਈ ਇਕ ਵਿਲੱਖਣ ਤੇ ਵਿਸ਼ਵ ਪੱਧਰੀ ਯਾਦਗਾਰ ਬਣਾਉਣ ਦੀ ਲੋੜ ਹੈ ਤਾਂ ਜੋ ਨਾ ਸਿਰਫ਼ ਪੰਜਾਬ ਜਾਂ ਭਾਰਤ ਦੇ ਸਗੋਂ ਪੂਰੀ ਦੁਨੀਆਂ ਦੇ ਲੋਕ ਇਸ ਤੋਂ ਪ੍ਰੇਰਨਾ ਲੈ ਸਕਣ।
ਬਰਜਿੰਦਰ ਸਿੰਘ ਹੁਸੈਨਪੁਰ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਇਸ ਯਾਦਗਾਰ ਵਿਚ ਕਿਸਾਨ ਸੰਘਰਸ਼ ਦੇ ਹਰ ਪਹਿਲੂ ਨੂੰ ਚਿੱਤਰਕਾਰੀ, ਕਿਤਾਬੀ ਅਤੇ ਡਿਜੀਟਲ ਰੂਪ ਵਿੱਚ ਪੇਸ਼ ਕਰਕੇ ਸੰਭਾਲਿਆ ਜਾਵੇ ।ਇਸ ਯਾਦਗਾਰ ਲਈ ਦੇਸ਼ ਦੇ ਹਰ ਪਿੰਡ ਤੋਂ ਨਾਂ ਮਾਤਰ ਮਿੱਟੀ ਤੇ ਹੋਰ ਸਾਮਾਨ ਲਿਆ ਕੇ ਵਰਤਿਆ ਜਾਵੇ ਤਾਂ ਜੋ ਕਿਸਾਨ ਮਜ਼ਦੂਰ ਏਕਤਾ ਦੀ ਸਦੀਵੀ ਸਾਂਝ ਦਾ ਪ੍ਰਗਟਾਵਾ ਹੋ ਸਕੇ ਤੇ ਹਮੇਸ਼ਾਂ ਲਈ ਰਹਿ ਸਕੇ। ਯਾਦਗਾਰ ਬਣਾਉਣ ਲਈ ਬਣਾਈ ਜਾਣ ਵਾਲੀ ਕਮੇਟੀ, ਟਰੱਸਟ ਜਾਂ ਹੋਰ ਸੰਸਥਾ ਵਿਚ ਕਿਸਾਨ ਅੰਦੋਲਨ ਵਿੱਚ ਮੋਹਰੀ ਰੋਲ ਨਿਭਾਉਣ ਵਾਲਿਆਂ ਨੂੰ ਜ਼ਰੂਰ ਸ਼ਾਮਲ ਕੀਤਾ ਜਾਵੇ ਅਤੇ ਉਨ੍ਹਾਂ ਦਾ ਸਹਿਯੋਗ ਲਿਆ ਜਾਵੇ।ਇਸ ਲਈ ਹੁਣ ਤੋਂ ਹੀ ਸ਼ਹੀਦ ਹੋਏ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਸਬੰਧੀ ਲੋੜੀਂਦੇ ਅੰਕੜੇ ਇਕੱਠੇ ਕਰਨ ਲਈ ਲੋੜੀਂਦੇ ਦਿਸ਼ਾ ਨਿਰਦੇਸ਼ ਸਬੰਧਤ ਅਧਿਕਾਰੀਆਂ ਨੂੰ ਜਾਰੀ ਕਰ ਦਿੱਤੇ ਜਾਣੇ ਚਾਹੀਦੇ ਹਨ।
ਪੱਤਰ ਦੇ ਅੰਤ ਵਿੱਚ ਲਿਖਿਆ ਗਿਆ ਹੈ ਕਿ, “ਮੈਂ ਇੱਕ ਸਿੱਖ, ਪੰਜਾਬੀ ਅਤੇ ਕਿਸਾਨ ਹੋਣ ਦੇ ਨਾਂ 'ਤੇ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਇਹ ਯਾਦਗਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਬਣਾਈ ਜਾਵੇ।ਇਸ ਯਾਦਗਾਰ ਵਾਸਤੇ ਲੋੜੀਂਦੀ ਜ਼ਮੀਨ ਅਸੀਂ ਨਿਮਰਤਾ ਸਹਿਤ ਆਪਣੇ ਵਲੋਂ ਦੇਣ ਲਈ ਤਿਆਰ ਹਾਂ।ਜੇਕਰ ਸਾਨੂੰ ਸੇਵਾ ਦਾ ਇਹ ਮੌਕਾ ਮਿਲੇ ਤਾਂ ਗੁਰੂ ਦੀ ਇਸ ਬਖਸ਼ਿਸ਼ ਲਈ ਸਾਡੇ ਵੱਡੇ ਭਾਗ ਹੋਣਗੇ।”
ਇਥੇ ਦੱਸਣਯੋਗ ਹੈ ਕਿ ਸ. ਬਰਜਿੰਦਰ ਸਿੰਘ ਹੁਸੈਨਪੁਰ ਹੁਰਾਂ ਦਾ ਅਮਰੀਕਾ ਵਿੱਚ ਵੀ ਆਪਣਾ ਕਾਰੋਬਾਰ ਹੈ।ਉਹਨਾਂ ਵਲੋਂ ਨਵਾਂਸ਼ਹਿਰ ਇਲਾਕੇ ਵਿੱਚ ਵੱਡੇ ਪੱਧਰ ‘ਤੇ ਸਿੱਖਿਆ, ਖੇਡਾਂ ਤੇ ਵਾਤਾਵਰਨ ਲਈ ਕੰਮ ਕੀਤੇ ਜਾ ਰਹੇ ਹਨ।ਉਹਨਾਂ ਵਲੋਂ ਨਵਾਂਸ਼ਹਿਰ ਦਾ ‘ਸ਼ਪੈਸ਼ਲ ਬੱਚਿਆਂ ਲਈ ਸਕੂਲ’ ਅਪਣਾ ਕੇ ਉਸ ਦਾ ਸਾਰਾ ਖਰਚਾ ਆਪਣੇ ਵਲੋਂ ਕੀਤਾ ਜਾ ਰਿਹਾ ਹੈ।100 ਸਰਕਾਰੀ ਸਕੂਲਾਂ ਵਿੱਚ 1-1 ਵਲੰਟੀਅਰ ਅਧਿਆਪਕ ਆਪਣੇ ਵਲੋਂ ਰੱਖਿਆ ਜਾ ਰਿਹਾ ਹੈ।ਉਹਨਾਂ ਵਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਉਹ ਆਪਣੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਖੋਲ੍ਹਣ ਲਈ ਮਤੇ ਪਾਉਣ, ਲੋੜੀਂਦੀਆਂ ਕਿਤਾਬਾਂ ਉਹਨਾਂ ਦੁਆਰਾ ਉਪਲੱਬਧ ਕਰਵਾਈਆਂ ਜਾਣਗੀਆਂ।ਉਹਨਾਂ ਦੀ ਟੀਮ ਵਲੋਂ ਇਲਾਕੇ ਵਿੱਚ 25000 ਪੌਦੇ ਵੀ ਲਗਾਏ ਗਏ ਹਨ ਅਤੇ ਟੂਰਨਾਮੈਂਟਾਂ ਦੀ ਲੜੀ ਵੀ ਚਲਾਈ ਜਾ ਰਹੀ ਹੈ।ਸ. ਹੁਸੈਨਪੁਰ ਨੇ ਦੱਸਿਆ ਕਿ ਸੇਵਾ ਦੇ ਇਹ ਸਾਰੇ ਕੰਮ ਉਹਨਾਂ ਦੇ ਪਰਿਵਾਰ ਵਲੋਂ ਲਏ ਫੈਸਲੇ ਮੁਤਾਬਕ ਕੀਤੇ ਜਾ ਰਹੇ ਹਨ।