ਕਿਸਾਨ ਆਗੂਆਂ ਵੱਲੋਂ ਅਜੋਕੇ ਮਲਕ ਭਾਗੋਆਂ ਖਿਲਾਫ ਲੜਾਈ ਦਾ ਸੱਦਾ ਦਿੱਤਾ
ਅਸ਼ੋਕ ਵਰਮਾ
ਬਠਿੰਡਾ,19ਨਵੰਬਰ 2021:ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵੱਲੋਂ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਸੂਬਾ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾਉਣ ਲਈ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਵਿਸ਼ਾਲ ਜਨਤਕ ਵਫ਼ਦ ਪਹੁੰਚਿਆ ਜਿਸ ਵਿੱਚ ਔਰਤਾਂ ਵੀ ਸ਼ਾਮਲ ਸਨ । ਅੱਜ ਇੱਥੇ ਹੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਮੌਕੇ ਉਨ੍ਹਾਂ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਬੱਗੀ ਨੇ ਦੱਸਿਆ ਕਿ ਬਾਬੇ ਨਾਨਕ ਨੇ ਹਮੇਸ਼ਾ ਕਿਰਤੀ ਲੋਕਾਂ ਦੇ ਹੱਕ ਦੀ ਗੱਲ ਕੀਤੀ ਅਤੇ ਖੁਦ ਹਲ ਚਲਾ ਕੇ ਖੇਤੀ ਵੀ ਕੀਤੀ । ਉਨ੍ਹਾਂ ਕਿਰਤੀ ਲੋਕਾਂ ਨਾਲ ਹੋ ਰਹੇ ਧੱਕੇ ਖਿਲਾਫ ਆਵਾਜ਼ ਵੀ ਬੁਲੰਦ ਹਨ ਅਤੇ ਬਾਬਰ ਦੀ ਕਚਹਿਰੀ ਵਿੱਚ ‘ਰਾਜੇ ਸ਼ੀਂਹ ਮੁਕੱਦਮ ਕੁੱਤੇ’ ਦਾ ਨਾਅਰਾ ਦਿੱਤਾ ।
ਉਨ੍ਹਾਂ ਔਰਤਾਂ ਖ਼ਿਲਾਫ਼ ਹੋ ਰਹੇ ਧੱਕੇ ਖ਼ਿਲਾਫ਼ ਵੀ ਬੋਲਦਿਆਂ ‘ ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ’ ਦੇ ਨਾਅਰੇ ਨਾਲ ਔਰਤਾਂ ਨੂੰ ਸਨਮਾਨ ਦਿੱਤਾ । ਬਾਬੇ ਨੇ ਲੋਕਾਂ ਦਾ ਖ਼ੂਨ ਪੀ ਕੇ ਅਮੀਰ ਬਣੇ ਮਲਕ ਭਾਗੋ ਦੀ ਰੋਟੀ ਖਾਣ ਤੋਂ ਇਨਕਾਰ ਕਰਕੇ ਕਿਰਤੀ ਲੋਕ ਭਾਈ ਲਾਲੋ ਦੇ ਘਰ ਦੀ ਰੋਟੀ ਖਾ ਕੇ ਕਿਰਤੀ ਲੋਕਾਂ ਨੂੰ ਮਾਣ ਬਖਸ਼ਿਆ । ਬੁਲਾਰਿਆਂ ਨੇ ਕਿਹਾ ਕਿ ਖੇਤੀ ਧੰਦਾ ਲਾਹੇਵੰਦ ਬਣਾਉਣ ਲਈ ਅਤੇ ਅੱਜ ਦੇ ਮਲਕ ਭਾਗੋਆਂ ਅਤੇ ਬਾਬਰਾਂ ਖਿਲਾਫ ਸੰਘਰਸ਼ ਕਰ ਕਿ ਬਾਬੇ ਦੇ ਬੋਲਾਂ “ਉੱਤਮ ਖੇਤੀ “ ਨੂੰ ਸੱਚ ਕਰ ਕੇ ਪੁਗਾਉਣ ਦੀ ਲੋੜ ਹੈ । ਕਿਸਾਨ ਆਗੂਆਂ ਨੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਾਹਰਾਜ ਦੀਆਂ ਸਿੱਖਿਆਵਾਂ ਅੱਜ ਦੇ ਮਹੌਲ ਮੁਤਾਬਕ ਪੂਰੀ ਤਰਾਂ ਸਾਰਥਿਕ ਹਨ।
ਅੱਜ ਦੇ ਵਫਦ ਨੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਦੌਰਾਨ ਜਥੇਬੰਦੀ ਵੱਲੋਂ ਲਗਾਤਾਰ ਸੰਘਰਸ਼ ਕਰ ਕੇ ਮਨਵਾਏ ਹੋਏ ਨਰਮੇ ਦੇ ਖ਼ਰਾਬੇ ਦੇ ਮੁਆਵਜ਼ੇ ਦੇ ਹੱਕਦਾਰ ਕਿਸਾਨਾਂ ਮਜਦੂਰਾਂ ਦੀ ਲਿਸਟ ਜਾਰੀ ਕਰਨ , ਡੀਏਪੀ ਖਾਦ ਦੀ ਕਮੀ ਪੂਰੀ ਕਰਨ , ਨਕਲੀ ਡੀਏਪੀ ਵੇਚਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ,ਮੰਡੀਆਂ ਚ ਪਏ ਝੋਨੇ ਦੀ ਤੁਰੰਤ ਚੁਕਾਈ ਕਰਵਾਉਣ ਅਤੇ ਝੋਨੇ ਦੀ ਅਦਾਇਗੀ ਚ ਪਾਈਆਂ ਰੁਕਾਵਟਾਂ ਦੂਰ ਕਰਕੇ ਤੁਰੰਤ ਕਿਸਾਨਾਂ ਦੇ ਖਾਤੇ ਵਿੱਚ ਪਾਉਣ ਆਦਿ ਮੰਗਾਂ ਤੇ ਡਿਪਟੀ ਕਮਿਸ਼ਨਰ ਬਠਿੰਡਾ ਨੇ ਦੋ ਦਿਨਾਂ ਵਿਚ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਿਵਾਇਆ । ਮੰਡੀਆਂ ਵਿੱਚ ਪਏ ਝੋਨੇ ਦੀ ਖਰੀਦ ਸਬੰਧੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਤੁਰੰਤ ਝੋਨਾ ਚੁੱਕਣ ਦੇ ਆਦੇਸ਼ ਦਿੱਤੇ ।
ਇਸ ਤੋਂ ਇਲਾਵਾ 26 ਨਵੰਬਰ ਨੂੰ ਦਿੱਲੀ ਕਿਸਾਨ ਮੋਰਚੇ ਦੀ ਵਰ੍ਹੇਗੰਢ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਜ਼ਿਲ੍ਹੇ ਵਿਚੋਂ ਦਹਿ ਹਜਾਰ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਦਾ ਜੱਥਾ ਭੇਜਣ ਲਈ ਜ਼ਿਲ੍ਹਾ ਕਮੇਟੀ ਨੇ ਵਿਉਂਤਬੰਦੀ ਕੀਤੀ ਅਤੇ ਇਸ ਸਬੰਧੀ ਆਗੂਆਂ ਦੀਆਂ ਜਿੰਮੇਵਾਰੀਆਂ ਲਾਈਆਂ । ਅੱਜ ਦੇ ਵਫਦ ’ਚ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ , ਬਲਜੀਤ ਸਿੰਘ ਪੂਹਲਾ ,ਅਵਤਾਰ ਸਿੰਘ ਪੂਹਲਾ, ਅਮਰੀਕ ਸਿੰਘ ਸਿਵੀਆਂ, ਕੁਲਵੰਤ ਸ਼ਰਮਾ ਰਾਏਕੇ ਕਲਾਂ ,ਅਜੇਪਾਲ ਸਿੰਘ ਘੁੱਦਾ ,ਕਾਲਾ ਸਿੰਘ ਚੱਠੇਵਾਲਾ, ਕੁਲਵਿੰਦਰ ਸਿੰਘ ਗਿਆਨਾ, ਭੋਲਾ ਸਿੰਘ ਮਾੜੀ ਹਾਜਰ ਸਨ ।