ਖੇਤੀ ਕਾਨੂੰਨ ਵਾਪਸੀ: ਸਬਰ-ਸਿਦਕ ਨਾਲ ਲੜੇ ਸੰਘਰਸ਼ ਦੀ ਜਿੱਤ-ਪਾਸਲਾ
ਅਸ਼ੋਕ ਵਰਮਾ
ਜਲੰਧਰ,19ਨਵੰਬਰ 2021: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਰਲੀਮੈਂਟ ਦੇ ਆਉਂਦੇ ਸੈਸ਼ਨ ਵਿੱਚ ਖੇਤੀ ਨਾਲ ਸਬੰਧਤ ਤਿੰਨੋ ਕਾਲੇ ਕਾਨੂੰਨ ਰੱਦ ਕਰਨ ਦੀ ਪ੍ਰਕਿਰਿਆ ਆਰੰਭ ਕਰਨ ਦੇ ਕੀਤੇ ਗਏ ਐਲਾਨ ਨੂੰ ਸਬਰ-ਸਿਦਕ ਨਾਲ, ਅਮਨ ਪੂਰਵਕ ਲੜੇ ਗਏ ਇਤਿਹਾਸਕ ਕਿਸਾਨ ਸੰਘਰਸ਼ ਦੀ ਜਿੱਤ ਕਰਾਰ ਦਿੱਤਾ ਹੈ।ਅੱਜ ਇੱਥੋਂ ਜਾਰੀ ਇੱਕ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਹਰਕੰਵਲ ਸਿੰਘ ਅਤੇ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ ਤੇ ਐਕਟਿੰਗ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਇਸ ਸ਼ਾਨਾਮੱਤੇ ਕਿਸਾਨ ਸੰਘਰਸ਼ ਦੀ ਆਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਅਤੇ ਸ਼ੰਘਰਸ਼ ਵਿਚ ਸਿੱਧੇ-ਅਸਿੱਧੇ ਸ਼ਾਮਲ ਰਹੇ ਲੱਖਾਂ ਮਿਹਨਤੀਆਂ ਨੂੰ ਕ੍ਰਾਂਤੀਕਾਰੀ ਮੁਬਾਰਕਾਂ ਪੇਸ਼ ਕੀਤੀਆਂ ਹਨ।
ਆਗੂਆਂ ਨੇ ਕਿਹਾ ਕਿ ਸੱਤ ਸੌ ਤੋਂ ਵਧੇਰੇ ਸ਼ਹਾਦਤਾਂ ਸਦਕਾ ਕਾਨੂੰਨ ਵਾਪਸ ਲਏ ਜਾਣ ਦਾ ਕੀਤਾ ਗਿਆ ਐਲਾਨ ਬੇਕਿਰਕ ਕਾਰਪੋਰੇਟ ਲੁੱਟ ਦੇ ਖਾਤਮੇ ਅਤੇ ਫਿਰਕੂ ਇੱਕਸੁਰਤਾ ਦੀ ਰਾਖੀ ਦੇ ਭਵਿੱਖ ‘ਚ ਲੜੇ ਜਾਣ ਵਾਲੇ ਆਵਾਮੀ ਸੰਘਰਸ਼ਾਂ ਲਈ ਬੇਸ਼ੁਮਾਰ ਪ੍ਰੇਰਣਾ ਅਤੇ ਉਰਜਾ ਦਾ ਸੋਮਾ ਬਣਦਾ ਹੋਇਆ ਜਾਬਰ ਸਰਕਾਰਾਂ ਦੇ ਦੰਦ ਖੱਟੇ ਕਰਕੇ ਹਾਸਲ ਕੀਤੀਆਂ ਗਈਆਂ ਲੋਕਾਈ ਦੀਆਂ ਨਵੀਆਂ ਜਿੱਤਾਂ ਦਾ ਰਾਹ ਪੱਧਰਾ ਕਰੇਗਾ।ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਨੇ ਹਾਕਮ ਜਮਾਤੀ ਸਾਜਸ਼ਿਾਂ ਦੀ ਪੈਦਾਵਾਰ ਧਾਰਮਿਕ, ਜਾਤੀਵਾਦੀ, ਭਾਸ਼ਾਈ ਅਤੇ ਇਲਾਕਾਈ ਵਖਰੇਵਿਆਂ ਨੂੰ ਦਰਕਿਨਾਰ ਕਰਦਿਆਂ ਭਾਈਚਾਰਕ ਸਾਂਝ ਅਤੇ ਕਿਰਤੀ-ਕਿਸਾਨਾਂ ਦੀ ਜਮਾਤੀ ਏਕਤਾ ਨੂੰ ਮਜ਼ਬੂਤ ਕਰਦਿਆਂ ਦੇਸ਼ ਦੇ ਸੁਨਹਿਰੇ ਭਵਿੱਖ ਲਈ ਆਸ ਦੀ ਨਵੀਂ ਕਿਰਨ ਜਗਾਈ ਹੈ।
ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਵੱਖੋ-ਵੱਖ ਵਿਚਾਰਾਂ ਵਾਲੇ ਕਿਸਾਨ ਸੰਗਠਨਾਂ ਨੂੰ ਇੱਕ ਸੂਤਰ ‘ਚ ਪਰੋ ਕੇ ਲੰਮਾ ਤੇ ਸਿਰੜੀ ਸੰਘਰਸ਼ ਲੜਣ ਅਤੇ ਮਾਨਵ ਮੁਕਤੀ ਲਈ ਜੂਝ ਰਹੀਆਂ ਧਿਰਾਂ ਲਾਜਮੀ ਹਾਂ ਪੱਖੀ ਸਬਕ ਲੈਣਞੀਆਂ। ਉਨ੍ਹਾਂ ਬਾਬਾ ਨਾਨਕ ਦੇ ਮਾਨਵਤਾਵਾਦੀ ਫਲਸਫੇ, ਗਦਰੀ ਸੂਰਬੀਰਾਂ, ਸ਼ਹੀਦਏ ਆਜਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਅਤੇ ਸੁਤੰਤਰਤਾ ਸੰਗਰਾਮੀਆਂ ਵੱਲੋਂ ਦਿਖਾਏ ਰਸਤੇ ‘ਤੇ ਚਲਦਿਆਂ ਕਿਸਾਨ ਅੰਦੋਲਨ ਦੀ ਸੁਚੱਜੀ ਅਗਵਾਈ ਕਰ ਰਹੀ ਆਗੂ ਟੀਮ ਦੀ ਸ਼ਾਲਾਘਾ ਕਰਦਿਆਂ ਸੰਘਰਸ਼ੀ ਧਿਰਾਂ ਨੂੰ ਇਸੇ ਦਿਸ਼ਾ ਵਿੱਚ ਸਾਬਤ ਕਦਮੀਂ ਅੱਗੇ ਵੱਧਣ ਦੀ ਅਪੀਲ ਕੀਤੀ। ਕਿਸਾਨੀ ਦੇ ਬਾਕੀ ਮੁੱਦਿਆਂ ਦਾ ਸਨਮਾਨਜਨਕ ਨਿਬੇੜਾ ਕਰਵਾਉਣ ‘ਚ ਸਫਲ ਰਹਿਣ ਦੀ ਕਾਮਨਾ ਕਰਦਿਆਂ ਆਗੂਆਂ ਨੇ ਐਲਾਨ ਕੀਤਾ ਕਿ ਇਸ ਐਲਾਨ ਤੋਂ ਸ਼ਕਤੀ ਹਾਸਲ ਕਰਕੇ ਨਵਉਦਾਰਵਾਦੀ ਨੀਤੀਆਂ ਅਤੇ ਫਿਰਕੂ-ਫਾਸ਼ੀ ਸਾਜਿਸ਼ਾਂ ਖਿਲਾਫ ਸੰਘਰਸ਼ਾਂ ‘ਚ ਹੋਰ ਤੇਜ਼ੀ ਲਿਆਂਦੀ ਜਾਵੇਗੀ।