ਪ੍ਰਧਾਨ ਮੰਤਰੀ ਦੇ ਖੇਤੀ ਕਾਨੂੰਨ ਰੱਦ ਕਰਨ ਵਾਲੇ ਬਿਆਨ ਦਾ ਸਵਾਗਤ ਕੀਤਾ; ਐਲਾਨ ਦੇ ਅਮਲ ਵਿੱਚ ਆਉਣ ਤੱਕ ਅੰਦੋਲਨ ਜਾਰੀ ਰਹੇਗਾ : ਕਿਸਾਨ ਆਗੂ
ਦਲਜੀਤ ਕੌਰ ਭਵਾਨੀਗੜ੍ਹ
- ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ-ਪੂਰਵਕ ਮਨਾਇਆ; ਗੁਰੂ ਜੀ ਦੀਆਂ ਸਿਖਿਆਵਾਂ ਨੂੰ ਗ੍ਰਹਿਣ ਕਰਨ ਦੀ ਜਰੂਰਤ : ਕਿਸਾਨ ਆਗੂ
- ਸਰਕਾਰ ਨੂੰ ਐੱਮਐੱਸਪੀ ਬਾਰੇ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ; ਐਮਐਸਪੀ ਦੀ ਗਾਰੰਟੀ ਵਾਲਾ ਕਾਨੂੰਨ ਬਣਾਏ ਸਰਕਾਰ : ਕਿਸਾਨ ਆਗੂ
- ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਨੂੰ ਲੈ ਕੇ ਬਾਜਾਰਾਂ ਵਿਚੋਂ ਦੀ ਮੁਜ਼ਾਹਰਾ ਕੀਤਾ: ਲੋਕਾਂ ਦੀ ਪੁੱਗਤ ਲਈ ਅਜੇ ਹੋਰ ਸੰਘਰਸ਼ ਕਰਨੇ ਪੈਣਗੇ: ਕਿਸਾਨ ਆਗੂ
ਚੰਡੀਗੜ੍ਹ, 19 ਨਵੰਬਰ, 2021 : ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ 125 ਦੇ ਕਰੀਬ ਥਾਵਾਂ 'ਤੇ ਲਾਏ ਪੱਕੇ-ਧਰਨੇ ਅੱਜ 415ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਹੇ।
ਅੱਜ ਪੰਜਾਬ ਵਿੱਚ ਚੱਲ ਰਹੇ ਸਾਰੇ ਮੋਰਚਿਆਂ, ਰੇਲਵੇ ਸਟੇਸ਼ਨਾਂ, ਰਿਲਾਇੰਸ ਪੰਪਾਂ, ਅਡਾਨੀਆਂ ਦੀ ਖੁਸ਼ਕ ਬੰਦਗਾਹ, ਕਾਰਪੋਰੇਟ ਮਾਲਜ਼, ਟੌਲ ਪਲਾਜ਼ਿਆਂ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਲਾਏ ਧਰਨਿਆਂ 'ਚ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਨਾਲ ਮਨਾਇਆ ਗਿਆ।
ਬੁਲਾਰਿਆਂ ਨੇ ਗੁਰੂ ਜੀ ਦੇ ਜੀਵਨ ਫਲਸਫੇ 'ਤੇ ਚਾਨਣਾ ਪਾਇਆ। ਆਗੂਆਂ ਨੇ ਕਿਹਾ ਕਿ ਗੁਰੂ ਜੀ ਦਾ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਸਿਧਾਂਤ ਅੱਜ ਵੀ ਓਨਾ ਹੀ ਪ੍ਰਾਸੰਗਿਕ ਹੈ। ਗੁਰੂ ਜੀ ਨੇ ਆਪਣੇ ਸਮੇਂ ਦੇ ਹਾਕਮਾਂ ਨੂੰ 'ਰਾਜੇ ਸ਼ੀਂਹ ਮੁਕੱਦਮ ਕੁੱਤੇ' ਤੱਕ ਕਿਹਾ। ਅਜਿਹਾ ਉਹੀ ਸ਼ਖਸ ਕਹਿ ਸਕਦਾ ਹੈ ਜਿਸ ਦੇ ਪੱਲੇ ਸੱਚ ਹੋਵੇ। ਕਿਸਾਨਾਂ ਦੇ ਪੱਲੇ ਵੀ ਸੱਚ ਹੈ ਜਿਸ ਕਾਰਨ ਉਹ ਖੇਤੀ ਕਾਨੂੰਨਾਂ ਬਾਰੇ ਸੱਚ ਬੋਲਣ ਦੀ ਜੁਰੱਅਤ ਕਰ ਸਕੇ ਹਨ।
ਅੱੱਜ ਸਵੇਰੇ ਪ੍ਰਧਾਨ ਮੰਤਰੀ ਮੋਦੀ ਨੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਸੀ। ਜਿਥੇ ਬੁਲਾਰਿਆਂ ਨੇ ਇਸ ਐਲਾਨ ਦਾ ਸਵਾਗਤ ਕੀਤਾ, ਉਥੇ ਦੂਸਰੀ ਤਰਫ ਇਸ ਨੂੰ ਆਪਣੀ ਅੰਸ਼ਕ ਜਿੱਤ ਕਰਾਰ ਦਿੰਦਿਆਂ ਕਾਨੂੰਨਾਂ ਦੇ ਤਕਨੀਕੀ ਤੌਰ 'ਤੇ ਵਾਪਸ ਹੋਣ ਤੱਕ ਅੰਦੋਲਨ ਨੂੰ ਜਾਰੀ ਰੱਖਣ ਦਾ ਅਹਿਦ ਦੁਹਰਾਇਆ।
ਆਗੂਆਂ ਨੇ ਕਿਹਾ ਕਿ ਇਹ ਐਲਾਨ ਲੋਕਾਂ ਦੀ ਏਕਤਾ ਤੇ ਸੰਘਰਸ਼ ਦਾ ਸਿੱਟਾ ਹੈ। ਖੇਤੀ ਕਾਨੂੰਨਾਂ ਦੀ ਰਸਮੀ ਤੌਰ 'ਤੇ ਵਾਪਸੀ ਹੋਣ ਤੱਕ ਅਸੀਂ ਅਵੇਸਲੇ ਨਹੀਂ ਹੋਣਾ। ਸਥਾਨਕ ਧਰਨਿਆਂ ਵਿੱਚ ਆਉਣ ਅਤੇ ਦਿੱਲੀ ਮੋਰਚੇ ਦੀ ਪਹਿਲੀ ਵਰੇਗੰਢ ਲਈ ਦਿੱਲੀ ਵੱਲ ਕੂਚ ਕਰਨ ਦੇ ਪ੍ਰੋਗਰਾਮ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹਿਣਗੇ।
ਆਗੂਆਂ ਨੇ ਦੱਸਿਆ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੀ ਕੌਮੀ ਲੀਡਰਸ਼ਿਪ ਦੇ ਸੰਪਰਕ ਵਿੱਚ ਹਨ ਅਤੇ ਕੋਈ ਵੀ ਨਵੀਂ ਹਿਦਾਇਤ ਉਨਾਂ ਤੱਕ ਤੁਰੰਤ ਪਹੁੰਚਦੀ ਕੀਤੀ ਜਾਵੇਗੀ।
ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੇ ਐੱਮਐੱਸਪੀ ਦੇ ਕਾਨੂੰਨ ਬਾਰੇ ਆਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ। ਅਸੀਂ ਸਾਰੀਆਂ ਫਸਲਾਂ ਲਈ ਅਤੇ ਦੇਸ਼ ਦੇ ਸਾਰੇ ਕਿਸਾਨਾਂ ਲਈ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਕਾਨੂੰਨ ਬਣਾਏ ਜਾਣ ਸਬੰਧੀ ਮੰਗ ਕਰ ਰਹੇ ਹਾਂ।