ਕਿਸਾਨਾਂ, ਮਜ਼ਦੂਰਾਂ, ਔਰਤਾਂ ਤੇ ਨੌਜਵਾਨਾਂ ਦੇ ਦਰਜਨਾਂ ਵੱਡੇ-ਵੱਡੇ ਕਾਫਲੇ ਖਨੌਰੀ ਤੇ ਡੱਬਵਾਲੀ ਬਾਰਡਰਾਂ ਤੋਂ ਦਿੱਲੀ ਵੱਲ ਹੋਏ ਰਵਾਨਾ
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ, 25 ਨਵੰਬਰ, 2021: ਪ੍ਰਧਾਨ ਮੰਤਰੀ ਦੇ ਐਲਾਨ ਮੁਤਾਬਕ ਤਿੰਨੇ ਕਾਲੇ ਖੇਤੀ ਕਾਨੂੰਨ ਪਾਰਲੀਮੈਂਟ ਵਿੱਚੋਂ ਰੱਦ ਕਰਵਾਉਣ ਅਤੇ ਪੂਰੇ ਦੇਸ਼ ਦੇ ਕਿਸਾਨਾਂ ਲਈ ਐਮ ਐੱਸ ਪੀ 'ਤੇ ਖਰੀਦ ਦੀ ਕਾਨੂੰਨੀ ਗਰੰਟੀ ਕਰਵਾਉਣ ਤੋਂ ਇਲਾਵਾ ਲਖੀਮਪੁਰ ਖੀਰੀ ਕਾਂਡ 'ਚ ਕਿਸਾਨਾਂ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਵਰਗੀਆਂ ਕਿਸਾਨ ਮੋਰਚੇ ਨਾਲ ਸੰਬੰਧਿਤ ਹੋਰ ਭਖਦੀਆਂ ਮੰਗਾਂ ਮੰਨਵਾਉਣ ਲਈ ਦਿੱਲੀ ਮੋਰਚੇ ਦੀ ਵਰ੍ਹੇਗੰਢ ਮੌਕੇ ਲੱਖ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਔਰਤਾਂ ਨੌਜਵਾਨਾਂ ਨੇ ਦਿੱਲੀ ਵੱਲ ਵਹੀਰਾਂ ਘੱਤ ਦਿੱਤੀਆਂ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਹਰਿਆਣੇ ਵਿੱਚੋਂ ਵੀ ਕਿਸਾਨਾਂ ਮਜ਼ਦੂਰਾਂ ਦੇ ਕਾਫ਼ਲੇ ਕਈ ਥਾਵਾਂ ਤੋਂ ਸ਼ਾਮਲ ਹੋਏ। ਸੂਬਾ ਕਮੇਟੀ ਕੋਲ ਖਬਰ ਲਿਖੇ ਜਾਣ ਤੱਕ ਪੁੱਜੀਆਂ ਰਿਪੋਰਟਾਂ ਅਨੁਸਾਰ ਅੱਜ ਖਨੌਰੀ ਤੇ ਡੱਬਵਾਲੀ ਬਾਰਡਰਾਂ ਤੋਂ 12 ਕੁ ਵਜੇ ਸ਼ੁਰੂ ਹੋਏ ਕਾਫ਼ਲਿਆਂ ਵਿੱਚ 1876 ਪਿੰਡਾਂ ਵਿੱਚੋਂ 878 ਵੱਡੀਆਂ ਬੱਸਾਂ ਅਤੇ 1055 ਮਿਨੀ ਬੱਸਾਂ ਸਮੇਤ 290 ਟਰੱਕਾਂ ਕੈਂਟਰਾਂ ਤੇ ਹੋਰ ਛੋਟੇ ਵਹੀਕਲਾਂ ਰਾਹੀਂ ਰਾਸ਼ਨ ਰਜਾਈਆਂ ਤੇ ਹੋਰ ਲੋੜੀਂਦੇ ਸਾਮਾਨ ਲੈ ਕੇ ਦਿੱਲੀ ਟਿੱਕਰੀ ਮੋਰਚੇ ਵੱਲ ਲੋਕ ਵਹੀਰਾਂ ਘੱਤ ਤੁਰੇ ਹਨ।
ਕਾਫ਼ਲਿਆਂ ਦੇ ਨਾਲ ਜਾ ਰਹੇ ਇਨ੍ਹਾਂ ਕਿਸਾਨ ਆਗੂਆਂ ਅਨੁਸਾਰ ਦੇਸ਼ ਦੇ ਲੋਕਾਂ ਦਾ ਵਿਸ਼ਵਾਸ ਗੁਆ ਚੁੱਕੀ ਮੋਦੀ ਭਾਜਪਾ ਹਕੂਮਤ ਵੱਲੋਂ ਕਾਲ਼ੇ ਖੇਤੀ ਕਾਨੂੰਨ ਵਾਪਸ ਲੈਣ ਦੇ ਕੀਤੇ ਗਏ ਰਸਮੀ ਐਲਾਨ 'ਤੇ ਯਕੀਨ ਕਰਨ ਦੀ ਬਜਾਏ ਉਨ੍ਹਾਂ ਵੱਲੋਂ ਇਸ ਐਲਾਨ ਨੂੰ ਲਾਗੂ ਕਰਵਾ ਕੇ ਹੀ ਘਰਾਂ ਨੂੰ ਮੁੜਨ ਦੇ ਹੋਕਰੇ ਮਾਰੇ ਜਾ ਰਹੇ ਹਨ। ਇਸ ਤੋਂ ਇਲਾਵਾ ਇਹ ਵੀ ਜ਼ੋਰ ਨਾਲ ਕਹਿ ਰਹੇ ਹਨ ਕਿ ਐੱਮ ਐੱਸ ਪੀ, ਬਿਜਲੀ ਬਿੱਲ ਤੇ ਪਰਾਲ਼ੀ ਆਰਡੀਨੈਂਸ ਵਰਗੀਆਂ ਮੋਰਚੇ ਦੀਆਂ ਭਖਦੀਆਂ ਮੰਗਾਂ ਅਤੇ ਲਖੀਮਪੁਰ ਖੀਰੀ ਕਾਂਡ ਸੰਬੰਧੀ ਜਾਂ ਪੁਲਿਸ ਕੇਸਾਂ ਦੀ ਵਾਪਸੀ ਅਤੇ ਸ਼ਹੀਦਾਂ ਦੇ ਵਾਰਸਾਂ ਨੂੰ ਢੁੱਕਵੇਂ ਮੁਆਵਜ਼ੇ ਆਦਿ ਮੰਗਾਂ ਵੀ ਮੰਨਵਾ ਕੇ ਹੀ ਦਮ ਲੈਣਗੇ।
ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਵਿੱਚ ਡਟੀਆਂ ਜਥੇਬੰਦੀਆਂ ਅਤੇ 700 ਤੋਂ ਵੱਧ ਜੁਝਾਰੂਆਂ ਨੂੰ ਸ਼ਹੀਦ ਹੋਏ ਦੇਖ ਕੇ ਵੀ ਸਿਦਕ ਸਿਰੜ ਨਾਲ ਮੋਰਚਿਆਂ ਵਿੱਚ ਡਟੇ ਲੱਖਾਂ ਲੋਕਾਂ ਦੇ ਆਪਾ ਵਾਰੂ ਪੈਂਤੜੇ ਘੋਲ਼ ਨੂੰ ਹੋਰ ਉੱਚੀਆਂ ਬੁਲੰਦੀਆਂ ਵੱਲ ਲਿਜਾ ਰਹੇ ਹਨ ਅਤੇ ਇਨ੍ਹਾਂ ਮੰਗਾਂ ਦੀ ਪ੍ਰਾਪਤੀ ਦੀ ਗਰੰਟੀ 'ਤੇ ਮੋਹਰ ਲਗਾ ਰਹੇ ਹਨ।