ਕਿਸਾਨ ਅੰਦੋਲਨ ਦੀ ਸਫਲਤਾ ਹਰੇਕ ਪੰਜਾਬੀ ਦੀ ਜਿੱਤ: ਸੁਖਬੀਰ ਬਾਦਲ
ਅਸ਼ੋਕ ਵਰਮਾ
ਮੌੜ, 19 ਨਵੰਬਰ2021 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਹੱਕਾਂ ਲਈ ਕੀਤੇ ਜਾਂਦੇ ਸੰਘਰਸ਼ ਹਮੇਸ਼ਾ ਸਫਲ ਹੁੰਦੇ ਹਨ ਤੇ ਕਿਸਾਨ ਅੰਦੋਲਨ ਦੀ ਸਫਲਤਾ ਪੰਜਾਬ ਦੇ ਹਰ ਘਰ ਦੀ ਕਾਮਯਾਬੀ ਹੈ। ਅਕਾਲੀ ਦਲ ਦੇ ਪ੍ਰਧਾਨ, ਜੋ ਇਥੇ ਗੁਰਦੁਆਰਾ ਤਿੱਤਰਸਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਮੌਕੇ ਨਤਮਸਤਕ ਹੋਏ, ਨੇ ਅੱਜ ਇੱਕ ਵਾਰ ਫਿਰ ਤੋਂ ਖੇਤੀ ਕਾਨੂੰਨਾਂ ਨੂੰ ਲੈਕੇ ਭਾਜਪਾ ਨਾਲੋਂ ਸਬੰਧ ਤੋੜਨ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਵਜ਼ਾਰਤ ਤੋਂ ਦਿੱਤੇ ਅਸਤੀਫੇ ਦਾ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਕਾਲੇ ਕਾਨੂੰਨਾਂ ਖਿਲਾਫ ਇਕਜੁੱਟ ਹੋ ਕੇ ਸੰਘਰਸ਼ ਕੀਤਾ ਜਿਸ ਕਾਰਨ ਕੇਂਦਰ ਸਰਕਾਰ ਇਹ ਕਾਨੂੰਨ ਰੱਦ ਕਰਨ ਲਈ ਮਜਬੂਰ ਹੋਈ ਹੈ।
ਉਹਨਾਂ ਨੇ ਇਸ ਫਤਿਹ ਲਈ ਅਕਾਲ ਪਰਖ ਦਾ ਵੀ ਸ਼ੁਕਰਾਨਾ ਕੀਤਾ ਤੇ ਕਿਹਾ ਕਿ ਸਾਡੇ ’ਤੇ ਅਕਾਲ ਪੁਰਖ ਦੀ ਮਿਹਰ ਹੋਈ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਜਿੱਤ ਬਹੁਤ ਕੁਰਬਾਨੀਆਂ ਦੇ ਕੇ ਮਿਲੀ ਹੈ। ਉਹਨਾਂ ਕਿਹਾ ਕਿ ਅਸੀਂ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ 700 ਕਿਸਾਨ ਗੁਆ ਲਏ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੇ ਬੀਤੇ ਇਕ ਸਾਲ ਤੋਂ ਹਰ ਤਰੀਕੇ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਭਾਵੇਂ ਉਹ ਖਰਾਬ ਮੌਸਮ ਹੋਵੇ ਜਾਂ ਫਿਰ ਧਰਨਾ ਚੁੱਕਣ ਲਈ ਸਰਕਾਰ ਦਾ ਦਬਾਅ ਪਰ ਕਿਸਾਨ ਡਟੇ ਰਹੇ ਤੇ ਆਪਣੇ ਹੱਕਾਂ ਲਈ ਲੋਕਤੰਤਰੀ ਸੰਘਰਸ਼ ਜਾਰੀ ਰੱਖਿਆ ਤੇ ਇਸ ਸੰਘਰਸ਼ ਨੂੰ ਦੁਨੀਆਂ ਦੇ ਸਭ ਤੋਂ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਵਜੋਂ ਮਾਨਤਾ ਮਿਲੀ ਹੈ ਜੋਕਿ ਵਿਸ਼ਵ ਭਰ ’ਚ ਚਰਚਾ ਦਾ ਵਿਸ਼ਾ ਵੀ ਬਣਿਆ ਰਿਹਾ ਹੈ।
ਅਕਾਲੀ ਦਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਹਮੇਸ਼ਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਵਾਸਤੇ ਡਟੀ ਹੈ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਹੱਕਾਂ ਦੀ ਰਾਖੀ ਲਈ ਅਨੇਕਾਂ ਸੰਘਰਸ਼ਾਂ ਦੀ ਅਗਵਾਈ ਕੀਤੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਕਿਸਾਨ ਅੰਦੋਲਨ ਦੀ ਡਟਵੀਂ ਹਮਾਇਤ ਕੀਤੀ ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਸਿਰ ਜ਼ਬਰੀ ਆਪਣਾ ਫੈਸਲਾ ਮੜ੍ਹਨ ਦੇ ਖਿਲਾਫ ਸਰਕਾਰ ਤੋਂ ਵੀ ਅਸਤੀਫਾ ਦਿੱਤਾ ਤੇ ਐਨ ਡੀ ਏ ਨਾਲ ਆਪਣੇ ਸੰਬੰਧ ਵੀ ਤੋੜ ਲਏ। ਉਹਨਾਂ ਕਿਹਾ ਕਿ ਅਕਾਲੀ ਦਲ ਇਕਲੌਤੀ ਪਾਰਟੀ ਹੈ ਜਿਸਨੇ ਸਰਕਾਰ ਹੁੰਦਿਆਂ ਕਿਸਾਨ ਪੱਖੀ ਤੇ ਗਰੀਬ ਪੱਖੀ ਫੈਸਲੇ ਲਏ ਭਾਵੇਂ ਉਹ ਖੇਤੀਬਾੜੀ ਲਈ ਮੁਫਤ ਬਿਜਲੀ ਦੇਣਾ ਹੋਵੇ, ਆਟਾ ਦਾਲ ਵਰਗੀ ਵਿਲੱਖਣ ਸਕੀਮ ਜਾਂ ਫਿਰ ਸ਼ਗਨ ਤੇ ਬੁਢਾਪਾ ਪੈਨਸ਼ਨ ਸਕੀਮ।
ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਕਦੇ ਵੀ ਅਜਿਹਾ ਵਾਅਦਾ ਨਹੀਂ ਕੀਤਾ ਜੋ ਪੂਰਾ ਨਾ ਕੀਤਾ ਜਾ ਸਕਦਾ ਹੋਵੇ। ਉਹਨਾਂ ਕਿਹਾ ਕਿ ਅਕਾਲੀ ਦਲ 2022 ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਦਨ ’ਤੇ 13 ਨੁਕਾਤੀ ਏਜੰਡਾ ਲਾਗੂ ਕਰਨ ਲਈ ਵਚਨਬੱਧ ਹੈ ਜਿਸ ਲੲਂ ਪਾਰਟੀ ਨੇ ਹੁਣੇ ਤੋਂ ਹੀ ਰੋਡ ਮੈਪ ਤਿਆਰ ਕਰ ਲਿਆ ਹੈ। ਇਸ ਤਹਿਤ ਪਰਿਵਾਰਾਂ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਦੀ ਸਹਾਇਤਾ ਮਿਲੇਗੀ, ਹਰ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਦਾ ਮੁਫਤ ਮੈਡੀਕਲ ਬੀਮਾ ਮਿਲੇਗਾ, ਉਚੇਰੀ ਸਿੱਖਿਆ ਵਾਸਤੇ 10 ਲੱਖ ਤੱਕ ਦਾ ਸਟੂਡੈਂਟ ਲੋਨ ਮਿਲੇਗਾ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੁੰ ਸਾਰੀਆਂ ਪ੍ਰਾਈਵੇਟ ਤੇ ਸਰਕਾਰੀ ਸੰਸਥਾਵਾਂ ਵਿਚ 33 ਫੀਸਦੀ ਰਾਖਵਾਂਕਰਨ ਮਿਲੇਗਾ ਅਤੇ ਇੰਡਸਟਰੀ ਵਿਚ ਪੰਜਾਬੀਆਂ ਨੂੰ ਯਕੀਨੀ 75 ਫੀਸਦੀ ਰੋਜ਼ਗਾਰ ਮਿਲੇਗਾ।
ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਨੇ ਮੌੜ ਤੋਂ ਪਾਰਟੀ ਦੇ ਉਮੀਦਵਾਰ ਜਗਮੀਤ ਸਿੰਘ ਬਰਾੜ ਨਾਲ ਪੰਜਾਬੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੱਤੀ ਤੇ ਅਰਦਾਸ ਕੀਤੀ ਕਿ ਪੰਜਾਬ ਤੇ ਦੇਸ਼ ਤਰੱਕੀ ਤੇ ਖੁਸ਼ਹਾਲੀ ਦੀਆਂ ਸਿਖ਼ਰਾਂ ਛੂਹੇ। ਸਰਕਾਰ ਬਾਦਲ ਨੇ ਪੰਜਾਬ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਣੀ ਰਹਿਣ ਲਈ ਵੀ ਅਰਦਾਸ ਕੀਤੀ। ਉਨ੍ਹਾਂ ਅਕਾਲੀ ਵਰਕਰਾਂ ਅਤੇ ਆਗੂਆਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਓ ਅਕਾਲੀ ਦਲ ਬਸਪਾ ਗੱਠਜੋੜ ਦੀ ਜਿੱਤ ਲਈ ਡਟਣ ਦਾ ਸੱਦਾ ਵੀ ਦਿੱਤਾ ਇਸ ਪ੍ਰੋਗਰਾਮ ਵਿਚ ਅਕਾਲੀ ਆਗੂ ਜਗਦੀਪ ਸਿੰਘ ਨਕੱਈ, ਪ੍ਰਕਾਸ਼ ਭੱਟੀ, ਬਲਕਾਰ ਸਿੰਘ, ਰਿਪਜੀਤ ਸਿੰਘ ਬਰਾੜ, ਪ੍ਰੇਮ ਅਰੋੜਾ, ਦਰਸ਼ਨ ਸਿੰਘ ਕੋਟਫੱਤਾ, ਡਾ. ਨਿਸ਼ਾਨ ਸਿੰਘ ਤੇ ਗਰਦੌਰ ਸਿੰਘ ਵੀ ਹਾਜ਼ਰ ਸਨ।