ਕਿਸਾਨ ਅੰਦੋਲਨ ਦੇ ਇੱਕ ਸਾਲ ਪੂਰਾ ਹੋਣ 'ਤੇ ਲੱਖਾਂ ਕਿਸਾਨਾਂ, ਮਜ਼ਦੂਰਾਂ, ਔਰਤਾਂ ਤੇ ਨੌਜਵਾਨਾਂ ਨੇ ਫੇਰ ਪਾਏ ਬਾਰਡਰਾਂ ਵੱਲ ਚਾਲੇ
ਦਲਜੀਤ ਕੌਰ ਭਵਾਨੀਗੜ੍ਹ
ਦਿੱਲੀ/ਚੰਡੀਗੜ੍ਹ, 25 ਨਵੰਬਰ, 2021: ਖੇਤੀ ਕਾਨੂੰਨਾਂ ਦੇ ਰੱਦ ਹੋਣ ਦੇ ਐਲਾਨ ਅਤੇ ਅੰਦੋਲਨ ਦੀ ਵੱਡੀ ਜਿੱਤ ਕਾਰਨ ਦੇਸ਼ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਤੇ ਇੱਕ ਸਾਲ ਪੂਰਾ ਹੋਣ ਦੇ ਲੱਖਾਂ ਕਿਸਾਨਾਂ, ਮਜ਼ਦੂਰਾਂ, ਔਰਤਾਂ ਤੇ ਨੌਜਵਾਨਾਂ ਵੱਲੋਂ ਫੇਰ ਦਿੱਲੀ ਦੇ ਬਾਰਡਰਾਂ ਵੱਲ ਚਾਲੇ ਪਾ ਦਿੱਤੇ ਹਨ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕੇ ਲੋਕ ਬੱਚਿਆਂ ਦੇ ਜਨਮ ਵਰੇਗੰਢ ਤੇ ਵਿਆਹਾਂ ਦੀ ਵਰੇਗੰਢ ਜਿਵੇਂ ਮਨਾਉਂਦੇਂ ਨੇ ਉਸੇ ਉਤਸ਼ਾਹ ਨਾਲ ਹੀ ਅੰਦੋਲਨ ਦੀ ਵਰ੍ਹੇਗੰਢ ਮਨਾ ਰਹੇ ਹਨ, ਜੋ ਕੇ ਇੱਕ ਨਵੇਂ ਯੁੱਗ ਦੀ ਸ਼ੁਰੁਆਤ ਹੈ।
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਐੱਮ ਐੱਸ ਪੀ ਦੀ ਗਾਰੰਟੀ ਦਾ ਕਾਨੂੰਨ ਬਣਵਾਉਣ ਲਈ ਸ਼ੁਰੂ ਹੋਏ ਕਿਸਾਨ ਅੰਦੋਲਨ ਨੂੰ ਡੇਢ ਸਾਲ ਅਤੇ ਦਿੱਲੀ ਬਾਰਡਰਾਂ ਤੇ ਇੱਕ ਸਾਲ ਪੂਰਾ ਹੋਣ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਨਵੰਬਰ ਨੂੰ ਦਿੱਲੀ ਦੇ ਬਾਰਡਰਾਂ ਵੱਡੇ ਇਕੱਠ ਕਰਨ ਦਾ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨ ਅੰਦੋਲਨ ਅੱਗੇ ਝੁਕਦਿਆਂ ਖੇਤੀ ਕਾਨੂੰਨ ਵਾਪਿਸ ਲੈਣ ਦਾ ਟੀ ਵੀ ਚੈਨਲਾਂ ਤੇ ਐਲਾਨ ਕਰ ਦਿੱਤਾ ਹੈ।
ਕਿਸਾਨ ਆਗੂਆਂ ਕਿਹਾ ਕੇ ਲੱਖਾਂ ਕਿਸਾਨਾ ਨੇ ਹਜ਼ਾਰਾਂ ਟਰੈਕਟਰ ਟਰਾਲੀਆ, ਕਾਰਾਂ, ਜੀਪਾਂ ,ਰੇਲ ਗੱਡੀਆਂ ਰਾਹੀ ਦਿੱਲੀ ਨੂੰ ਫੇਰ ਚਾਲੇ ਪਾ ਦਿੱਤੇ। ਕਿਸਾਨ ਅੰਦੋਲਨ ਨੇ ਵਿਸ਼ਵ ਦੇ ਵੱਡੇ ਅੰਦੋਲਨਾਂ ਵਿੱਚ ਆਪਣਾ ਨਾਮ ਦਰਜ਼ ਕਰਵਾ ਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਏਨ੍ਹਾਂ ਵਿਸ਼ਾਲ, ਸ਼ਾਤੀਪੂਰਵਕ ਅੰਦੋਲਨ ਕਿਤੇ ਨਹੀ ਹੋਇਆ ਸੀ ਜਿੱਥੇ ਲੋਕ ਆਪਣੇ ਸੂਬਿਆ ਤੋਂ ਆ ਕੇ ਘਰ ਬਣਾ ਕੇ ਦੇਸ਼ ਦੀ ਰਾਜਧਾਨੀ ਦੇ ਮੇਨ ਬਾਰਡਰਾਂ ਉੱਤੇਤੇ ਏਨ੍ਹਾਂ ਲੰਮਾ ਸਮਾਂ ਘਰ ਬਣਾ ਕੇ ਹੀ ਰਹਿਣ ਲੱਗ ਜਾਣ।
ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਤਾਨਾਸ਼ਾਹ ਸਮਝਣ ਵਾਲੇ ਮੋਦੀ ਨੇ ਆਪਣੀ ਹਾਰ ਅਤੇ ਆਪਣੇ ਯੁੱਗ ਦੇ ਅੰਤ ਦਾ ਐਲਾਨ ਖੁਦ ਟੀ ਵੀ ਚੈਨਲਾਂ ਤੇ ਆ ਕੇ ਕੀਤਾ, ਜਿਸ ਤੋ ਸਾਬਿਤ ਹੁੰਦਾ ਹੈ ਕਿ ਲੋਕਾਂ ਦੀ ਤਾਕਤ ਤੋਂ ਵੱਡੀ ਹੋਰ ਕੋਈ ਤਾਕਤ ਨਹੀ ਹੈ।