ਕੋਰੋਨਾ ਸੰਕਟ: ਸੁਹਾਗ-ਘੋੜੀਆਂ ਦੀ ਥਾਂ ਉੱਚੀ ਹੋਈ ਵੈਣਾਂ ਦੀ ਅਵਾਜ਼
ਅਸ਼ੋਕ ਵਰਮਾ
ਬਠਿੰਡਾ,3 ਜੂਨ2021: ਕਰੋਨਾ ਵਾਇਰਸ ਦੀ ਦੂਸਰੀ ਲਹਿਰ ਨੇ ਪੰਜਾਬ ਨੂੰ ਆਰਥਿਕ ਮਾਰ ਪਾਉਣ ਦੇ ਨਾਲ ਸਮਾਜਿਕ ਸੰਕਟ ’ਚ ਵੀ ਫਸਾ ਦਿੱਤਾ ਹੈ। ਸਰਕਾਰੀ ਪਾਬੰਦੀਆਂ ਕਾਰਨ ਹੁਣ ਵਿਆਹਾਂ ਦੀ ਗੱਲ ਘੱਟ ਤੁਰਦੀ ਹੈ ਪਰ ਕਰੋਨਾ ਨੇ ਸੱਥਰ ਵਿਛਾਉਣ ’ਚ ਕੋਈ ਕਸਰ ਨਹੀਂ ਛੱਡੀ ਹੈ। ਕਰੋਨਾ ਨੇ ਬਜ਼ੁਰਗਾਂ ਅਤੇ ਗੱਭਰੂਆਂ ਨੂੰ ਨਹੀਂ ਬਖਸ਼ਿਆ ਤਾਂ ਬੱਚੇ ਵੀ ਇਸ ਦੀ ਮਾਰ ਹੇਠ ਆਏ ਹਨ। ਮਈ ਮਹੀਨਾਂ ਤਾਂ ਲੋਕਾਂ ਤੇ ਕਹਿਰ ਬਣ ਕੇ ਟੁੱਟਿਆ ਹੈ ਜਿਸ ਦੌਰਾਨ 18 ਦਿਨਾਂ ਦਾ ਬੱਚਾ ਵੀ ਇਸ ਜਹਾਨੋਂ ਹਮੇਸ਼ਾ ਲਈ ਰੁਖਸਤ ਹੋਇਆ ਹੈ। ਮਹਾਂਮਾਰੀ ਨੇ ਲੋਕਾਂ ਨੂੰ ਆਰਥਿਕ ਤੌਰ ਤੇ ਵੀ ਇਸ ਕਦਰ ਡੰਗਿਆ ਹੈ ਕਿ ਚੁੱਪ ਚੁਪੀਤੇ ਧੀਆਂ ਵਿਦਾ ਕੀਤੀਆਂ ਅਤੇ ਨੂੰਹਾਂ ਲਿਆਂਦੀਆਂ ਜਾ ਰਹੀਆਂ ਹਨ। ਸ਼ਾਦੀਆਂ ਨਾਲ ਜੁੜੇ ਕਾਰੋਬਾਰੀਆਂ ਦੀ ਵੰ ਮੰਨਣਾ ਹੈ ਕਿ ਮੌਤ ਦਰ ਉੱਚੀ ਹੈ ਜਦੋਂਕਿ ਵਿਆਹ ਨਦਾਰਦ ਹਨ।
ਦੇਖਣ ’ਚ ਆਇਆ ਹੈ ਕਿ ਪਿੰਡਾਂ ’ਚ ਵਿਆਹ ਦੇ ਵਾਜੇ ਨਹੀਂ ਵੱਜਦੇ ਅਤੇ ਸ਼ਹਿਰਾਂ ’ਚ ਸ਼ਹਿਨਾਈਆਂ ਵੀ ਪੂਰੀ ਤਰਾਂ ਖਾਮੋਸ਼ ਹਨ। ਭਾਵੇਂ ਕਰੋਨਾ ਦੇ ਨਵੇਂ ਮਾਮਲਿਆਂ ਦਾ ਕਹਿਰ ਘਟਿਆ ਹੈ ਫਿਰ ਵੀ ਲੋਕਾਂ ਦੇ ਡਰ ’ਚ ਕਮੀ ਨਹੀਂ ਆਈ ਹੈ। ਖਾਸ ਤੌਰ ਤੇ ਕਰੋਨਾ ਦੀ ਤੀਸਰੀ ਲਹਿਰ ਦੀ ਆਮਦ ਅਤੇ ਇਸ ਦੇ ਬੱਚਿਆਂ ਲਈ ਮਾਰੂ ਹੋਣ ਦੀ ਚਰਚਾ ਕਾਰਨ ਲੋਕ ਬੁਰੀ ਤਰਾਂ ਭੈਅ ਭੀਤ ਹੋਏ ਪਏ ਹਨ। ਸਰਕਾਰੀ ਤੌਰ ਤੇ ਜਾਰੀ ਵੇਰਵਿਆਂ ਅਨੁਸਾਰ ਪੰਜਾਬ ’ਚ ਦੋ ਜੂਨ ਸ਼ਾਮ ਤੱਕ 14 ਹਜਾਰ 748 ਮੌਤਾਂ ਹੋ ਚੁੱਕੀਆਂ ਹਨ ਜਦੋਂਕਿ ਤਿੰਨ ਲੈਵਲ ਦੇ 791 ਮਰੀਜ ਹਨ ਅਤੇ 300 ਮਰੀਜਾਂ ਦੀ ਸਥਿਤੀ ਬੇਹੱਦ ਨਾਜ਼ੁਕ ਹੈ। ਇਹ ਪੰਜਾਬ ਸਰਕਾਰ ਵੱਲੋਂ ਰੋਜਾਨਾ ਜਾਰੀ ਕੀਤੇ ਜਾਣ ਵਾਲੇ ਤੱਥ ਹਨ ਜਦੋਂਕਿ ਗੈਰਸਰਕਾਰੀ ਸੂਤਰਾਂ ਅਨੁਸਾਰ ਮੌਤਾਂ ਦੀ ਗਿਣਤੀ ਵੱਧ ਦੱਸੀ ਜਾ ਰਹੀ ਹੈ।
ਪੇਂਡੂ ਅਤੇ ਸ਼ਹਿਰਾਂ ਦੇ ਕਿਰਤੀ ਅਤੇ ਮੱਧਵਰਗੀ ਲੋਕਾਂ ਦਾ ਕਹਿਣਾ ਹੈ ਕਿ ਕਰੋਨਾ ਸੰਕਟ ਨੇ ਸਮਾਜ ਨੂੰ ਹਲੂਣ ਦਿੱਤਾ ਹੈ। ਕਈ ਪ੍ਰੀਵਾਰ ਤਾਂ ਅਜਿਹੇ ਵੀ ਹਨ ਜਿੰਨ੍ਹਾਂ ਮੁਟਿਆਰ ਧੀਆਂ ਅਤੇ ਗੱਭਰੂ ਪੁੱਤਾਂ ਦੇ ਵਿਆਹ ਸਾਹੇ ਪਿੱਛੇ ਪਾਉਣੇ ਪੈ ਗਏ ਹਨ। ਰਾਮਪੁਰਾ ਹਲਕੇ ਦੇ ਇੱਕ ਦਰਜਨ ਤੋਂ ਵੱਧ ਕਿਸਾਨਾਂ ਨੇ ਮੁੱਲ ਦੀ ਮਠਿਆਈ ਲਿਆ ਕੇ ਧੀਆਂ ਬੂਹੇ ਤੋਂ ਉਠਾਈਆਂ ਹਨ। ਇਹ ਇਲਾਕਾ ਪਿਛਲੇ ਵਰਿ੍ਹਆਂ ਦੌਰਾਨ ਧੀਆਂ ਪੁੱਤਾਂ ਦੇ ਗਾਜਿਆਂ ਵਾਜਿਆਂ ਨਾਲ ਵਿਆਹ ਕਰਨ ਲਈ ਚਰਚਿਤ ਰਿਹਾ ਹੈ। ਪਹਿਲਾਂ ਕੈਂਸਰ ਦੀ ਬਿਮਾਰੀ ਲੋਕਾਂ ਨੂੰ ਸਮੇਂ ਤੋਂ ਅਗੇਤਿਆਂ ਹੀ ਰੁਖਸਤ ਕਰ ਰਹੀ ਸੀ ਅਤੇ ਹੁਣ ਕਰੋਨਾ ਨੇ ਹਲੂਣਾ ਦਿੱਤਾ ਹੈ। ਬਠਿੰਡਾ ਦੀਆਂ ਦੋ ਸੰਸਥਾਵਾਂ ਨੌਜਵਾਨ ਵੈਲਫੇਅਰ ਸੁਸਾਇਟੀ ਅਤੇ ਸਹਾਰਾ ਜਨ ਸੇਵਾ ਵੱਲੋਂ ਕੋਵਿਡ ਮ੍ਰਿਤਕਾਂ ਦੇ ਮਾਮਲੇ ’ਚ ਜਾਰੀ ਸੂਚਨਾ ਦੀ ਮੰਨੀਏ ਤਾਂ ਤੱਥ ਡਰਾਵਨੇ ਦਿਖਾਈ ਦਿੰਦੇ ਹਨ।
ਪਿੱਛੇ ਜਿਹੇ ਤਾਂ ਸ਼ਹਿਰ ਦੇ ਸ਼ਮਸ਼ਾਨਘਾਟ ’ਚ ਅਰਥੀਆਂ ਸਾੜਨ ਲਈ ਥਾਂ ਦੀ ਤੋਟ ਪੈ ਗਈ ਸੀ। ਉਂਜ ਵੀ ਇੱਕ ਤੋਂ ਦੋ ਦਰਜਨ ਅੰਤਮ ਸਸਕਾਰ ਸਧਾਰਨ ਜਿਹੀ ਗੱਲ ਬਣੀ ਹੋਈ ਹੈ। ਕਰੋਨਾ ਦਾ ਪਸਾਰਾ ਮੱਠਾ ਪੈਣ ਤੋਂ ਬਾਅਦ ਵੀ ਸਹਾਰਾ ਜਨ ਸੇਵਾ ਦੇ ਵਲੰਟੀਅਰਾਂ ਨੇ 2 ਜੂਨ ਨੂੰ 7 ਵਿਅਕਤੀਆਂ ਦਾ ਅੰਤਮ ਸਸਕਾਰ ਕੀਤਾ ਹੈ ਜਿੰਨ੍ਹਾਂ ਚੋਂ 5 ਦਾ ਸਬੰਧ ਪੇਂਡੂ ਖੇਤਰਾਂ ਨਾਲ ਹੈ। ਪਹਿਲੀ ਜੂਨ ਨੂੰ 15 ਅੰਤਮ ਸਸਕਾਰ ਕੀਤੇ ਗਏ ਅਤੇ 8 ਪਿੰਡਾਂ ਦੇ ਰਹਿਣ ਵਾਲੇ ਸਨ। ਇਸ ਸਿਰਫ ਮਿਸਾਲਾਂ ਸਮੁੱਚੇ ਤੱਥ ਡਰਾਵਨੇ ਹਨ। ਇਹ ਸਿਰਫ ਇੱਕ ਥਾਂ ਦੀ ਰਾਮ ਕਹਾਣੀ ਨਹੀਂ ਬਹੁਤੇ ਜਿਲਿ੍ਹਆਂ ’ਚ ਇਹ ਵਰਤਾਰਾ ਵਰਤ ਰਿਹਾ ਹੈ। ਉਂਜ ਕਿ ਕਾਫੀ ਲੋਕਾਂ ਨੇ ਕਰੋਨਾ ਕਾਰਨ ਖੁਦ ਨੂੰ ਸੰਜਮ ਵਾਲੇ ਪਾਸੇ ਵੀ ਮੋੜਿਆ ਹੈ ਜੋਕਿ ਸਮਾਜ ਲਈ ਸ਼ੁਭ ਸ਼ਗਨ ਵੀ ਹੈ।
ਪੂਰਾ ਕਾਰੋਬਾਰੀ ਚੱਕਰ ਪ੍ਰਭਾਵਿਤ
ਭਗਤਾ ਭਾਈ ਦੀ ਮਸ਼ਹੂਰ ਫਰਮ ਬਿੱਟੂ ਡੇਅਰੀ ਐਂਡ ਸਵੀਟਸ ਦੇ ਮਾਲਕ ਮਹਿੰਦਰ ਕਮਰਾ ਦਾ ਕਹਿਣਾ ਸੀ ਕਿ ਕਰੋਨਾ ਕਾਰਨ ਪੂਰਾ ਕਾਰੋਬਾਰ ਹੀ ਪ੍ਰਭਾਵਿਤ ਹੋਇਆ ਹੈ ਅਤੇ ਵਿਆਹ ਸਾਹੇ ਤਾਂ ਐਤਕੀਂ ਕਾਫੀ ਘੱਟ ਹੋਏ ਹਨ। ਉਨ੍ਹਾਂ ਆਖਿਆ ਕਿ ਪ੍ਰਤੀ ਮਹੀਨਾ 15 ਤੋਂ 20 ਵਿਆਹ ਹੁੰਦੇ ਸਨ ਜਦੋਂਕਿ ਐਤਕੀਂ ਕੋਈ ਬੁਕਿੰਗ ਨਹੀਂ ਹੈ। ਉਨ੍ਹਾਂ ਕਿਹਾ ਕਿ ਬਹੁਤੇ ਲੋਕ ਹੁਣ ਚੁੰਨੀ ਚੜ੍ਹਾ ਕੇ ਹੀ ਕੁੜੀਆਂ ਨੂੰ ਵਿਦਾ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਐਤਕੀਂ ਤਾਂ ਮਠਿਆਈ ਵੀ ਲੋਕ ਲੋੜ ਅਨੁਸਾਰ ਲੈ ਜਾਂਦੇ ਹਨ ਹਲਵਾਈ ਬਿਠਾਉਣਾ ਦੂਰ ਦੀ ਗੱਲ ਬਣ ਗਿਆ ਹੈ।
ਮੈਰਿਜ ਪੈਲੇਸ ਸੁੰਨੇ ਪਏ
ਪੰਜਾਬ ’ਚ ਮੈਰਿਜ ਪੈਲੇਸ ਪੂਰੀ ਤਰਾਂ ਸੁੰਨੇ ਪਏ ਹਨ ਕਿਉਂਕਿ ਸਰਕਾਰ ਦੀਆਂ ਪਾਬੰਦੀਆਂ ਅਤੇ ਕਰੋਨਾ ਫੈਲਣ ਦੇ ਡਰ ਤੋਂ ਕੋਈ ਇਸ ਤਰਫ ਮੂੰਹ ਵੀ ਨਹੀਂ ਕਰ ਰਿਹਾ ਹੈ। ਹੋਟਲ ਰਿਜ਼ਾਰਟਸ ਐਂਡ ਮੈਰਿਜ ਪੈਲੇਸ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸਤੀਸ਼ ਅਰੋੜਾ ਦਾ ਕਹਿਣਾ ਸੀ ਕਿ ਵਿਆਹ ਸਾਹਿਆਂ ਦਾ ਕੰਮ ਠੱਪ ਹੋਣ ਕਰਕੇ ਹੋਟਲ ਸਨਅਤ ਤਬਾਹੀ ਕੰਢੇ ਪੁੱਜ ਗਈ ਹੈ। ਉਨ੍ਹਾਂ ਦੱਸਿਆ ਕਿ ਲੋਕ ਆਪਣੇ ਅਦਾਰੇ ਵੇਚਣ ਨੂੰ ਤਿਆਰ ਹਨ ਪਰ ਕੋਈ ਗਾਹਕ ਨਹੀਂ ਹੈ।
ਸਾਵਧਾਨੀਆਂ ਵਰਤਣ ਦੀ ਲੋੜ: ਡੀ ਸੀ ਬਠਿੰਡਾ
ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀ ਨਿਵਾਸਨ ਦਾ ਕਹਿਣਾ ਸੀ ਕਿ ਭਾਵੇਂ ਮੌਤ ਦਰ ਅਤੇ ਨਵੇਂ ਕੇਸਾਂ ’ਚ ਕਮੀ ਆਈ ਹੈ ਪਰ ਹਾਲੇ ਵੀ ਸਾਵਧਾਨੀਆਂ ਵਰਤਣ ਦੀ ਲੋੜ ਹੈ ਤਾਂ ਹੀ ਕਰੋਨਾ ਸੰਕਟ ਤੋਂ ਨਿਜਾਤ ਪਾਈ ਜਾ ਸਕੇਗੀ।