ਜਲੰਧਰ: ਡੀ ਸੀ ਨੇ ਟੀਕਾਕਰਨ ਮੁਹਿੰਮ ਵਿੱਚ ਗੈਰ ਸਰਕਾਰੀ ਸੰਗਠਨਾਂ ਦੀ ਮਹੱਤਵਪੂਰਨ ਭੂਮਿਕਾ ਦੀ ਕੀਤੀ ਸ਼ਲਾਘਾ
- ਸੋਸ਼ਲ ਵਰਕਰਾਂ ਵੱਲੋਂ ਲਗਾਏ ਚਾਰ ਟੀਕਾਕਰਨ ਕੈਂਪਾਂ ਦਾ ਕੀਤਾ ਦੌਰਾ, ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਦੇਣ ਦਾ ਦਿੱਤਾ ਭਰੋਸਾ
ਜਲੰਧਰ, 4 ਜੂਨ 2021 - ਟੀਕਾਕਰਨ ਮੁਹਿੰਮ ਵਿਚ ਗੈਰ ਸਰਕਾਰੀ ਸੰਗਠਨਾਂ (ਐਨ.ਡੀ.ਓਜ਼) ਵੱਲੋਂ ਨਿਭਾਈ ਜਾ ਰਹੀ ਭੂਮਿਕਾ ਨੂੰ ਮਨੁੱਖਤਾ ਦੀ ਸੱਚੀ ਸੇਵਾ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਦੇ ਟੀਕਾਕਰਨ ਲਈ ਸਮਾਜਿਕ ਸੁਸਾਇਟੀਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
ਡਿਪਟੀ ਕਮਿਸ਼ਨਰ ਵੱਲੋਂ ਅੱਜ ਜੀ.ਟੀ.ਬੀ. ਹਸਪਤਾਲ ਜਲੰਧਰ, ਗੁਰਦੁਆਰਾ ਸਿੰਘ ਸਭਾ ਉਦੈ ਨਗਰ, ਚਰਨਜੀਤ ਮੈਮੋਰੀਅਲ ਚੈਰੀਟੇਬਲ ਟਰੱਸਟ ਅਤੇ ਮਾਤਾ ਚਿੰਤਪੁਰਨੀ ਮੰਦਿਰ, ਵਿਕਰਮਪੁਰਾ ਵਿਖੇ ਐਨ.ਜੀ.ਓਜ਼. ਵੱਲੋਂ ਲਗਾਏ ਗਏ ਚਾਰ ਟੀਕਾਕਰਨ ਕੈਂਪਾਂ ਦਾ ਦੌਰਾ ਕੀਤਾ ਗਿਆ, ਜਿਥੇ ਉਨ੍ਹਾਂ ਸੁਸਾਇਟੀਆਂ ਵੱਲੋਂ ਨਿਭਾਈਆਂ ਜਾ ਰਹੀਆਂ ਨਿਰਸਵਾਰਥ ਸੇਵਾਵਾਂ ਦੀ ਸ਼ਲਾਘਾ ਕੀਤੀ।
ਥੋਰੀ ਨੇ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਵਿਗਿਆਨੀਆਂ ਵੱਲੋਂ ਅਦਿੱਖ ਦੁਸ਼ਮਣ ਖਿਲਾਫ਼ ਲੜੀ ਜਾ ਰਹੀ ਲੜਾਈ ਨੂੰ ਜਿੱਤਣ ਲਈ ਵੈਕਸੀਨ ਵਿਕਸਤ ਕੀਤੀ ਗਈ ਹੈ ਅਤੇ ਹੁਣ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਟੀਕਾਕਰਨ ਲਈ ਅੱਗੇ ਆਈਏ । ਉਨ੍ਹਾਂ ਕਿਹਾ ਕਿ ਜਿਹੜੇ ਲੋਕ ਟੀਕਾਕਰਨ ਲਵਾਉਣ ਤੋਂ ਬਚ ਰਹੇ ਹਨ ਜਾਂ ਜਾਣਬੁੱਕ ਕੇ ਟੀਕਾਕਰਨ ਨਹੀਂ ਕਰਵਾ ਰਹੇ, ਉਹ ਆਪਣੇ ਪਰਿਵਾਰਾਂ ਨੂੰ ਜੋਖਮ ਵਿੱਚ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਵੈ-ਇੱਛਾ ਨਾਲ ਇਸ ਮੁਹਿੰਮ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗੈਰ ਸਰਕਾਰੀ ਸੰਗਠਨਾਂ ਵੱਲੋਂ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਕੇ ਅਤੇ ਉਨ੍ਹਾਂ ਨੂੰ ਮੋਬਾਈਲ ਟੀਕਾਕਰਨ ਕੈਂਪਾਂ ਦੀ ਸਹੂਲਤ ਮੁਹੱਈਆ ਕਰਵਾ ਕੇ ਇਸ ਵਿਸ਼ਾਲ ਅਭਿਆਸ ਵਿਚ ਸਰਗਰਮ ਭੂਮਿਕਾ ਅਦਾ ਕੀਤੀ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਯੋਗ ਲਾਭਪਾਤਰੀਆਂ ਦੇ ਟੀਕਾਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਐਨ.ਜੀ.ਓ. ਨੂੰ ਭਵਿੱਖ ਵਿੱਚ ਕੀਤੇ ਜਾਣ ਵਾਲੇ ਯਤਨਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।