ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਖੇਤ ਮਜ਼ਦੂਰਾਂ ਅਤੇ ਦਿਹਾੜੀਦਾਰਾਂ ਨੂੰ 6 ਹਜ਼ਾਰ ਰੁਪਏ ਦੇਣ
ਮਜੀਠਾ ਹਲਕੇ 'ਚ ਦੂਜੀ ਸੈਨੀਟਾਈਜੇਸ਼ਨ ਮੁਹਿੰਮ ਸ਼ੁਰੂ ਕੀਤੀ
ਮਜੀਠਾ 27 ਅਪ੍ਰੈਲ 2020: ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਸ ਹਲਕੇ ਅੰਦਰ ਦੂਜੀ ਸੈਨੇਟਾਈਜੇਸ਼ਨ ਮੁਹਿੰਮ ਸ਼ੁਰੂ ਕੀਤੀ। ਇਸ ਦੇ ਨਾਲ ਹੀ ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਜ਼ਮੀਨੀ ਹਕੀਕਤ ਨੂੰ ਸਮਝਣ ਅਤੇ ਲੋਕਾਂ ਦੀਆਂ ਸਮੱਸਿਆਂਵਾਂ ਦੂਰ ਕਰਨ ਲਈ ਪਿੰਡਾਂ ਅਤੇ ਮੰਡੀਆਂ ਦਾ ਦੌਰਾ ਕਰਨ।
ਇੱਥੇ ਇੱਕ ਜਾਪਾਨੀ ਮਸ਼ੀਨ ਨਾਲ ਇੱਕ ਹੋਰ ਸੈਨੇਟਾਈਜੇਸ਼ਨ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪ੍ਰੈਸ ਜ਼ਰੀਏ ਬਿਆਨਬਾਜ਼ੀ ਨਾਲ ਬਹੁਤੀ ਦੇਰ ਕੰਮ ਨਹੀਂ ਚੱਲੇਗਾ। ਹੁਣ ਤਾਂ ਸਿੱਧੀ ਕਾਰਵਾਈ ਦੀ ਲੋੜ ਹੈ। ਮੁੱਖ ਮੰਤਰੀ ਨੂੰ ਸਾਰੇ ਖੇਤ ਮਜ਼ਦੂਰਾਂ ਅਤੇ ਦਿਹਾੜੀਦਾਰਾਂ ਨੂੰ 6 ਹਜ਼ਾਰ ਰੁਪਏ ਦੀ ਸਿੱਧੀ ਨਗਦ ਸਹਾਇਤਾ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਾਰੇ ਘਰੇਲੂ ਖਪਤਕਾਰਾਂ ਦੇ ਬਿਜਲੀ ਦੇ ਬਿਲ ਅੱਧੇ ਕਰ ਦੇਣੇ ਚਾਹੀਦੇ ਹਨ, ਨਗਰਪਾਲਿਕਾ ਦੇ ਟੈਕਸ ਹਟਾ ਦੇਣੇ ਚਾਹੀਦੇ ਹਨ ਅਤੇ ਉਦਯੋਗਾਂ ਦੇ ਬਿਜਲੀ ਦੇ ਪੱਕੇ ਖਰਚੇ ਬੰਦ ਕਰ ਦੇਣੇ ਚਾਹੀਦੇ ਹਨ।
ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਜਾ ਕੇ ਉੱਥੇ ਦੇ ਹਾਲਾਤ ਆਪਣੀਆਂ ਅੱਖਾਂ ਨਾਲ ਵੇਖਣ। ਉਹਨਾਂ ਕਿਹਾ ਕਿ ਮੰਡੀਆਂ ਵਿਚ ਬਾਰਦਾਨੇ ਦੀ ਕਮੀ ਕਰਕੇ ਕਿਸਾਨਾਂ ਨੂੰ ਪਾਸ ਜਾਰੀ ਨਹੀਂ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਨਮੀ ਸੰਬੰਧੀ ਸਖ਼ਤ ਨਿਯਮਾਂ ਕਿਸਾਨਾਂ ਨੂੰ ਖਰੀਦ ਏਜੰਸੀਆਂ ਕੋਲ ਆਪਣੀ ਫਸਲ ਵੇਚਣ ਵਿਚ ਮੁਸ਼ਕਿਲਾਂ ਆ ਰਹੀਆਂ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਵਾਅਦੇ ਅਨੁਸਾਰ ਉਹਨਾਂ ਦੀ ਫਸਲ ਦੀ ਕੀਮਤ ਨਹੀਂ ਮਿਲ ਰਹੀ ਹੈ। ਲਿਫਟਿੰਗ ਨਾ ਹੋਣ ਕਰਕੇ ਮੰਡੀਆਂ ਨੱਕੋ ਨੱਕ ਭਰ ਚੁੱਕੀਆਂ ਹਨ। ਉਹਨਾਂ ਕਿਹਾ ਕਿ ਇੱਥੋਂ ਤਕ ਕਿ ਝਾੜ ਵੀ ਘਟ ਗਿਆ ਹੈ ਅਤੇ ਇਸ ਸੰਕਟ ਦੀ ਘੜੀ ਵਿਚ ਕਿਸਾਨਾਂ ਦੀ ਮੱਦਦ ਲਈ ਕਣਕ ਦੀ ਐਮਐਸਪੀ ਉੱਤੇ ਬੋਨਸ ਦੇਣ ਦੀ ਲੋੜ ਹੈ।
ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਸੰਸਦੀ ਕੋਟੇ ਵਿਚੋਂ ਪੀਪੀਈ ਕਿਟਾਂ ਖਰੀਦਣ ਸੰਬੰਧੀ ਹੋਏ ਘੁਟਾਲੇ ਵਿਚ ਸਖ਼ਤ ਕਾਰਵਾਈ ਕਰਨ ਲਈ ਆਖਿਆ। ਉਹਨਾਂ ਕਿਹਾ ਕਿ ਇਹ ਮੋਹਰੀ ਕਤਾਰ ਦੇ ਕਾਮਿਆਂ ਦੀ ਜ਼ਿੰਦਗੀ ਨਾਲ ਖੇਡਣ ਦੇ ਬਰਾਬਰ ਹੈ ਅਤੇ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਦੀ ਮੰਗ ਕੀਤੀ। ਉਹਨਾਂ ਨੇ ਹਰਿਆਣਾ ਦੀ ਤਰਜ਼ ਉੱਤੇ ਸਿਹਤ ਕਾਮਿਆਂ ਦੀਆਂ ਤਨਖਾਹਾਂ ਦੁੱਗਣੀਆਂ ਕਰਕੇ ਉਹਨਾਂ ਦੀ ਹੌਸਲਾ ਅਫ਼ਜ਼ਾਈ ਕਰਨ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ। ਇਸ ਤੋਂ ਇਲਾਵਾ ਪੱਤਰਕਾਰਾਂ ਦਾ 10 ਲੱਖ ਰੁਪਏ ਦਾ ਬੀਮਾ ਕਰਨ ਅਤੇ ਦੁੱਧ ਦਾ ਭਾਅ ਵਧਾਉਣ ਦੀ ਵੀ ਮੰਗ ਕੀਤੀ।
ਮਜੀਠਾ ਵਿਧਾਇਕ ਨੇ ਇਹ ਵੀ ਮੰਗ ਕੀਤੀ ਕਿ ਜਿਹੜੇ ਪੰਜਾਬੀ ਜੰਮੂ-ਕਸ਼ਮੀਰ, ਲੱਦਾਖ, ਬਿਹਾਰ, ਛੱਤੀਸਗੜ੍ਹ ਅਤੇ ਹੋਰਨਾਂ ਥਾਵਾਂ ਉੱਤੇ ਫਸੇ ਹੋਏ ਹਨ, ਉਹਨਾਂ ਨੂੰ ਜਲਦੀ ਵਾਪਸ ਲਿਆਂਦਾ ਜਾਵੇ। ਸਰਦਾਰ ਮਜੀਠੀਆ ਨੇ ਇਹ ਵੀ ਦੱਸਿਆ ਕਿ ਰਾਸ਼ਨ ਦੀ ਵੰਡ ਨੂੰ ਲੈ ਕੇ ਅਜੇ ਵੀ ਸਿਆਸਤ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸੀਆਂ ਨੂੰ ਸ਼ਰਾਬ ਦੀ ਤਸਕਰੀ ਕਰਨ ਦੀ ਖੁੱਲੀ ਛੋਟ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਦੋ ਕੇਸ ਸਾਹਮਣੇ ਆ ਚੁੱਕੇ ਹਨ। ਉਹਨਾਂ ਦੱਸਿਆ ਕਿ ਇੱਕ ਮਾਮਲੇ ਵਿਚ ਰੋਪੜ ਵਿਖੇ ਇੱਕ ਵਿਧਾਇਕ ਦਾ ਪਰਿਵਾਰ ਸ਼ਰਾਬ ਦੀ ਤਸਕਰੀ ਕਰਦਾ ਫੜਿਆ ਗਿਆ ਸੀ ਅਤੇ ਦੂਜੇ ਵਿਚ ਖੰਨਾ ਵਿਖੇ ਇੱਕ ਗੈਰਕਾਨੂੰਨੀ ਸ਼ਰਾਬ ਦੀ ਫੈਕਟਰੀ ਫੜੀ ਗਈ ਹੈ। ਇਹਨਾਂ ਦੋਵੇਂ ਮਾਮਲਿਆਂ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਦੱਸਿਆ ਕਿ ਦੂਜੇ ਮਾਮਲੇ ਵਿਚ ਤਾਂ ਉਸੇ ਐਸਐਚਓ ਦੇ ਇਲਾਕੇ ਵਿਚੋਂ ਸ਼ਰਾਬ ਦੀ ਫੈਕਟਰੀ ਫੜੀ ਗਈ ਹੈ, ਜਿਸ ਨੇ ਦੋ ਗੁਰਸਿੱਖਾਂ ਅਤੇ ਉਹਨਾਂ ਦੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕੀਤੀ ਸੀ।