ਕਿਹਾ ਕਿ ਪਾਰਟੀ ਦੇ ਚੋਟੀ ਆਗੂਆਂ ਵੱਲੋਂ ਕੀਤੇ ਯਤਨਾਂ ਕਰਕੇ ਉਹਨਾਂ ਦੀ ਵਾਪਸੀ ਸੰਭਵ ਹੋਈ ਹੈ
ਚੰਡੀਗੜ੍ਹ 26 ਅਪ੍ਰੈਲ 2020: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੇ 300 ਸ਼ਰਧਾਲੂਆਂ ਦੀ ਪੰਜਾਬ ਵਾਪਸੀ ਦਾ ਸਵਾਗਤ ਕੀਤਾ ਹੈ, ਜਿਹਨਾਂ ਨੂੰ ਪੰਜਾਬ ਭੇਜਣ ਵਾਸਤੇ ਪਾਰਟੀ ਦੀ ਮੁੰਬਈ ਇਕਾਈ ਵੱਲੋਂ 10 ਬੱਸਾਂ ਪ੍ਰਬੰਧ ਕੀਤਾ ਗਿਆ ਸੀ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਸਾਂਸਦ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪਾਰਟੀ ਦੇ ਚੋਟੀ ਦੇ ਆਗੂਆਂ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ, ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕੀਤੇ ਯਤਨਾਂ ਸਦਕਾ ਹੀ ਇਹਨਾਂ ਸ਼ਰਧਾਲੂਆਂ ਦੀ ਪੰਜਾਬ ਵਿਚ ਵਾਪਸੀ ਸੰਭਵ ਹੋਈ ਹੈ। ਉਹਨਾਂ ਕਿਹਾ ਕਿ ਅਸੀਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਾਂ ਕਿ ਅਕਾਲੀ ਦਲ ਵੱਲੋਂ ਇਹਨਾਂ ਸ਼ਰਧਾਲੂਆਂ ਦੀ ਵਾਪਸੀ ਲਈ ਸ਼ੁਰੂ ਕੀਤੀ æਪ੍ਰਕਿਰਿਆ ਨੂੰ ਪੰਜਾਬ ਸਰਕਾਰ ਨੇ ਅੱਗੇ ਵਧਾਇਆ ਅਤੇ ਜਲਦੀ ਹੀ ਸਾਰੇ ਸ਼ਰਧਾਲੂ ਘਰ ਪਹੁੰਚ ਜਾਣਗੇ।
ਇਹ ਟਿੱਪਣੀ ਕਰਦਿਆਂ ਕਿ ਲੋੜ ਦੇ ਸਮੇਂ ਆਪਣੇ ਲੋਕਾਂ ਦੀ ਸਹਾਇਤਾ ਕਰਨਾ ਸਾਰੀਆਂ ਸਰਕਾਰਾਂ ਦਾ ਫਰਜ਼ ਹੁੰਦਾ ਹੈ, ਸਰਦਾਰ ਭੂੰਦੜ ਨੇ ਅਫਸੋਸ ਜਤਾਇਆ ਕਿ ਪੰਜਾਬ ਸਰਕਾਰ ਨੇ ਇਸ ਮੁੱਦੇ ਉੇਤੇ ਆਪਣੇ ਪੈਰ ਪਿੱਛੇ ਖਿੱਚ ਲਏ ਸਨ ਅਤੇ ਇਹ ਅਕਾਲੀ ਦਲ ਵੱਲੋਂ ਇਸ ਦਿਸ਼ਾ ਵਿਚ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪੈਂਦਿਆਂ ਵੇਖ ਕੇ ਹੀ ਨੀਂਦ ਵਿੱਚੋਂ ਜਾਗੀ ਸੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਸ਼ਰਧਾਲੂਆਂ ਨੂੰ ਲਿਆਉਣ ਲਈ 20 ਦਿਨ ਤਕ ਕੁੱਝ ਨਹੀਂ ਕੀਤਾ ਗਿਆ, ਜਦਕਿ ਇਸੇ ਸਮੇਂ ਦੌਰਾਨ ਉੱਤਰ ਪ੍ਰਦੇਸ਼ ਅਤੇ ਦੂਜੇ ਸੂਬਿਆਂ ਦੀਆਂ ਸਰਕਾਰਾਂ ਬਾਹਰਲੇ ਸੂਬਿਆਂ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਘਰ ਲਿਆਉਣ ਵਿਚ ਸਫਲ ਰਹੀਆਂ ਸਨ। ਉਹਨਾਂ ਕਿਹਾ ਕਿ ਖੈਰ! ਦੇਰ ਆਏ ਦਰੁਸਤ ਆਏ। ਅਕਾਲੀ ਦਲ ਰਾਹਤ ਕਾਰਜਾਂ ਵਿਚ ਸਰਕਾਰ ਦੀ ਮੱਦਦ ਕਰਨਾ ਜਾਰੀ ਰੱਖੇਗਾ।
ਇਸ ਮੁੱਦੇ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਭੂੰਦੜ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੋਵਾਂ ਨੇ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੇ ਸਿੱਖਾਂ ਦੀ ਜਲਦੀ ਵਾਪਸੀ ਲਈ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਊਧਵ ਠਾਕਰੇ ਨਾਲ ਗੱਲਬਾਤ ਕੀਤੀ ਸੀ। ਉਹਨਾਂ ਦੱਸਿਆ ਕਿ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਇਹ ਮਸਲਾ ਪ੍ਰਧਾਨ ਮੰਤਰੀ ਕੋਲ ਉਠਾਇਆ ਸੀ ਅਤੇ ਇਸ ਤੋਂ ਬਾਅਦ ਉਹਨਾਂ ਗ੍ਰਹਿ ਸਕੱਤਰ ਅਤੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਸੀ। ਉਹਨਾਂ ਕਿਹਾ ਕਿ ਇਹਨਾਂ ਸ਼ਰਧਾਲੂਆਂ ਦੀ ਵਾਪਸੀ ਲਈ ਹਰੀ ਝੰਡੀ ਉਸ ਸਮੇਂ ਮਿਲੀ, ਜਦੋਂ ਬੀਬਾ ਹਰਸਿਮਰਤ ਕੌਰ ਬਾਦਲ 22 ਅਪ੍ਰੈਲ ਨੂੰ ਨਵੀਂ ਦਿੱਲੀ ਵਿਖੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਮਿਲੇ ਅਤੇ ਉਹਨਾਂ ਨੂੰ ਇਸ ਮੁੱਦੇ ਉੱਤੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਨਾਲ ਗੱਲ ਕਰਨ ਦੀ ਬੇਨਤੀ ਕੀਤੀ। ਇਸ ਤੋਂ ਬਾਅਦ ਸ਼ਰਧਾਲੂਆਂ ਦੀ ਵਾਪਸੀ ਲਈ ਅਕਾਲੀ ਦਲ ਦੀ ਮੁੰਬਈ ਇਕਾਈ ਵੱਲੋਂ ਤਿੰਨ ਦਿਨ ਤੋਂ ਸ੍ਰੀ ਹਜ਼ੂਰ ਸਾਹਿਬ ਵਿਖੇ ਖੜ੍ਹੀਆਂ ਕੀਤੀਆਂ 10 ਬੱਸਾਂ ਵਿਚ ਇਹਨਾਂ 300 ਸ਼ਰਧਾਲੂਆਂ ਨੂੰ ਪੰਜਾਬ ਲਿਆਉਣ ਦੀ ਆਗਿਆ ਦੇ ਦਿੱਤੀ ਗਈ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਮੁੰਬਈ ਇਕਾਈ ਨੇ ਇਹਨਾਂ ਬੱਸਾਂ ਦਾ ਪ੍ਰਬੰਧ ਕੀਤਾ ਹੈ ਅਤੇ ਖਰਚਾ ਉਠਾਇਆ ਹੈ।
ਹੋਰ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਦੀ ਮੁੰਬਈ ਇਕਾਈ ਨੇ ਦੂਜੇ ਬੈਚ ਦੀਆਂ 13 ਬੱਸਾਂ ਦਾ ਖਰਚਾ 13 ਲੱਖ ਰੁਪਏ ਖਰਚਾ ਦੇਣ ਲਈ ਮਹਾਂਰਾਸ਼ਟਰ ਟਰਾਂਸਪੋਰਟ ਅਥਾਰਟੀ ਕੋਲ ਪਹੁੰਚ ਕੀਤੀ ਸੀ, ਪਰ ਉਹਨਾਂ ਨੂੰ ਦੱਸਿਆ ਗਿਆ ਕਿ ਇਹ ਕੰਮ ਪੰਜਾਬ ਸਰਕਾਰ ਕਰੇਗੀ। ਉਹਨਾਂ ਕਿਹਾ ਕਿ ਇਸ ਕਰਕੇ ਇਹ ਰਾਹਤ ਕਾਰਜ ਥੋੜ੍ਹਾ ਲਟਕ ਗਿਆ। ਉਹਨਾਂ ਕਿਹਾ ਕਿ ਇਸ ਮਨੁੱਖਤਾ ਦੀ ਭਲਾਈ ਵਾਲੇ ਕਾਰਜ ਨਾਲ ਜੁੜਣ ਵਾਸਤੇ ਸਾਰਿਆਂ ਨੂੰ ਆਗਿਆ ਦਿੱਤੀ ਜਾਣੀ ਚਾਹੀਦੀ ਸੀ।
ਅਕਾਲੀ ਆਗੂ ਨੇ ਇਹਨਾਂ ਸ਼ਰਧਾਲੂਆਂ ਦਾ ਨਿੱਘਾ ਸਵਾਗਤ ਕੀਤਾ, ਜੋ ਕਿ 40 ਤੋਂ ਵੱਧ ਦਿਨ ਨਾਂਦੇੜ ਰਹਿ ਕੇ ਵਾਪਸ ਘਰ ਪਰਤੇ ਹਨ। ਉਹਨਾਂ ਆਸ ਪ੍ਰਗਟ ਕੀਤੀ ਕਿ ਇਹ ਸ਼ਰਧਾਲੂ ਜਲਦੀ ਹੀ ਆਪਣੇ ਰੋਜ਼ਮੱਰਾ ਦੇ ਕੰਮਕਾਜ ਸ਼ੁਰੂ ਕਰ ਦੇਣਗੇ। ਉਹਨਾਂ ਸ੍ਰੀ ਹਜ਼ੂਰ ਸਾਹਿਬ ਮੈਂਨੇਜਮੈਂਟ ਕਮੇਟੀ ਦੀ ਸ਼ਲਾਘਾ ਕੀਤੀ, ਜਿਸ ਨੇ ਇਹਨਾਂ ਸ਼ਰਧਾਲੂਆਂ ਦਾ ਬਹੁਤ ਵਧੀਆ ਖ਼ਿਆਲ ਰੱਖਿਆ। ਉਹਨਾਂ ਕਿਹਾ ਕਿ ਕੁੱਝ ਸ਼ਰਧਾਲੂ ਸ੍ਰੀ ਪਟਨਾ ਸਾਹਿਬ ਵਿਖੇ ਵੀ ਫਸੇ ਹੋਏ ਹਨ ਅਤੇ ਉਹਨਾਂ ਨੂੰ ਵੀ ਜਲਦੀ ਪੰਜਾਬ ਲਿਆਉਣਾ ਚਾਹੀਦਾ ਹੈ।