ਅਕਾਲ ਡਿਗਰੀ ਕਾਲਜ (ਲੜਕੀਆਂ) ਸੰਗਰੂਰ ਦੀ ਪ੍ਰਬੰਧਕ ਕਮੇਟੀ ਮੁਅੱਤਲ, ਏ.ਡੀ.ਸੀ. ਨੂੰ ਪ੍ਰਬੰਧਕ ਲਾਇਆ
ਵਿੱਤੀ ਬੇਨਿਯਮੀਆਂ ਦੀ ਪੜਤਾਲ ਲਈ ਕਪਤਾਨ ਪੁਲਿਸ (ਸਿਟੀ), ਪਟਿਆਲਾ ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਕਮੇਟੀ ਗਠਤ
15 ਦਿਨਾਂ ਦੇ ਅੰਦਰ ਰਿਪੋਰਟ ਦੇਵੇਗੀ ਕਮੇਟੀ
ਚੰਡੀਗੜ, 07 ਜੁਲਾਈ 2020: ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਸਪੱਸ਼ਟ ਕੀਤਾ ਕਿ ਅਕਾਲ ਡਿਗਰੀ ਕਾਲਜ (ਲੜਕੀਆਂ) ਸੰਗਰੂਰ ਵਿੱਚ ਬੀ.ਏ. ਭਾਗ ਪਹਿਲਾ ਲਈ ਦਾਖ਼ਲਾ ਜਾਰੀ ਰਹੇਗਾ। ਉਨ•ਾਂ ਦੱਸਿਆ ਕਿ ਲੜਕੀਆਂ ਦੇ ਨਿਰਵਿਘਨ ਦਾਖ਼ਲੇ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਦੀ ਭਾਵਨਾ ਦਾ ਸਨਮਾਨ ਕਰਦਿਆਂ ਕਾਲਜ ਦੀ ਪ੍ਰਬੰਧਕ ਕਮੇਟੀ ਨੂੰ ਬੀ.ਏ. ਦਾ ਰੈਗੂਲਰ ਕੋਰਸ ਬੰਦ ਕਰਨ, ਡੀ.ਪੀ.ਆਈ. (ਕਾਲਜਾਂ) ਦੇ ਸਪੱਸ਼ਟੀਕਰਨ ਦਾ ਠੋਸ ਜਵਾਬ ਨਾ ਦੇਣ ਅਤੇ ਉਚੇਰੀ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾ ਦੇ ਦੋਸ਼ ਹੇਠ ਤਤਕਾਲ ਪ੍ਰਭਾਵ ਨਾਲ ਮੁਅੱਤਲ ਕਰਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸੰਗਰੂਰ ਨੂੰ ਕਾਲਜ ਦਾ ਪ੍ਰਬੰਧਕ ਨਿਯੁਕਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਾਲਜ ਦੀਆਂ ਵਿੱਤੀ ਬੇਨਿਯਮੀਆਂ ਦੀ ਪੜਤਾਲ ਲਈ ਕਪਤਾਨ ਪੁਲਿਸ (ਸਿਟੀ), ਪਟਿਆਲਾ ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਕਮੇਟੀ ਗਠਤ ਕੀਤੀ ਗਈ ਹੈ। ਸ੍ਰੀ ਬਾਜਵਾ ਨੇ ਕਮੇਟੀ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਸ਼ਿਕਾਇਤਾਂ ਸਬੰਧੀ ਹਰ ਪੱਖ ਤੋਂ ਘੋਖ ਕਰਕੇ 15 ਦਿਨਾਂ ਦੇ ਅੰਦਰ ਰਿਪੋਰਟ ਦਿੱਤੀ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਬਾਜਵਾ ਨੇ ਦੱਸਿਆ ਕਿ ਵਿਭਾਗ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਸੰਗਰੂਰ ਦੇ ਅਕਾਲ ਡਿਗਰੀ ਕਾਲਜ (ਲੜਕੀਆਂ) ਦੀ ਪ੍ਰਬੰਧਕ ਕਮੇਟੀ ਵੱਲੋਂ ਕਾਲਜ ਵਿੱਚ ਸ਼ੁਰੂ ਤੋਂ ਚਲ ਰਹੇ ਬੀ.ਏ. ਦੇ ਰੈਗੂਲਰ ਕੋਰਸ ਨੂੰ ਬੰਦ ਕਰਨ ਦੇ ਮੰਤਵ ਨਾਲ ਸਾਲ 2020-21 ਤੋਂ ਬੀ.ਏ. ਭਾਗ-ਪਹਿਲਾ ਦੀ ਕਲਾਸ ਵਿੱਚ ਦਾਖ਼ਲਾ ਨਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਕੋਰਸ ਨੂੰ ਬੰਦ ਕਰਨ ਨਾਲ ਇਲਾਕੇ ਦੇ ਲੋਕਾਂ ਵਿੱਚ ਰੋਸ ਅਤੇ ਵਿਰੋਧਤਾ ਪਾਈ ਜਾ ਰਹੀ ਹੈ ਕਿਉਂ ਜੋ ਇਹ ਕਾਲਜ ਸਰਕਾਰ ਤੋਂ ਗ੍ਰਾਂਟ-ਇਨ-ਏਡ ਸਕੀਮ ਤਹਿਤ ਵਿੱਤੀ ਸਹਾਇਤਾ ਪ੍ਰਾਪਤ ਕਰਦਾ ਹੈ ਅਤੇ ਕਾਲਜ ਨੂੰ ਹੁਣ ਤੱਕ ਕਰੋੜਾਂ ਰੁਪਏ ਦੀ ਗ੍ਰਾਂਟ ਸਰਕਾਰ ਵੱਲੋਂ ਦਿੱਤੀ ਜਾ ਚੁੱਕੀ ਹੈ। ਭਾਰਤ ਸਰਕਾਰ/ਯੂ.ਜੀ.ਸੀ. ਅਤੇ ਹੋਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਖੇਤਰ ਦੀਆਂ ਏਜੰਸੀਆਂ ਵੱਲੋਂ ਵੀ ਕਾਲਜ ਨੂੰ ਕਰੋੜਾਂ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਉਨ•ਾਂ ਦੱਸਿਆ ਕਿ ਸ਼ਿਕਾਇਤਾਂ ਅਨੁਸਾਰ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਪ੍ਰਾਪਤ ਗ੍ਰਾਂਟਾਂ ਦੀ ਦੁਰਵਰਤੋਂ ਕਰਦਿਆਂ ਪੈਸੇ ਨੂੰ ਦੂਜੇ ਕੰਮਾਂ ਲਈ ਵਰਤਿਆ/ਟਰਾਂਸਫ਼ਰ ਕੀਤਾ ਗਿਆ ਹੈ। ਸ੍ਰੀ ਬਾਜਵਾ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਦੀਆਂ ਵਿੱਤੀ ਬੇਨਿਯਮੀਆਂ ਦੇ ਮੱਦੇਨਜ਼ਰ ਪੜਤਾਲ ਲਈ ਪੁਲਿਸ ਕਪਤਾਨ (ਸਿਟੀ), ਪਟਿਆਲਾ ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਸ਼ਿਕਾਇਤਾਂ ਦੀ ਮੁੰਕਮਲ ਪੜਤਾਲ ਕਰਕੇ ਰਿਪੋਰਟ 15 ਦਿਨਾਂ ਵਿੱਚ ਦਾਖ਼ਲ ਦੇ ਹੁਕਮ ਦਿੱਤੇ ਗਏ ਹਨ।
ਉਨ•ਾਂ ਦੱਸਿਆ ਕਿ ਕਾਲਜ ਦੀ ਪ੍ਰਬੰਧਕ ਕਮੇਟੀ ਵੱਲੋਂ ਅਖ਼ਬਾਰਾਂ ਵਿੱਚ ਵਾਰ-ਵਾਰ ਇਸ਼ਤਿਹਾਰ ਦੇ ਕੇ ਲਿਖਿਆ ਜਾ ਰਿਹਾ ਹੈ ਕਿ ਕਲਾਸ ਬੀ.ਏ. ਭਾਗ ਪਹਿਲਾ ਲਈ ਕਾਲਜ ਵਿੱਚ ਦਾਖ਼ਲਾ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਦਫ਼ਤਰ ਡੀ.ਪੀ.ਆਈ. (ਕਾਲਜਾਂ) ਵੱਲੋਂ ਕਾਲਜ ਤੋਂ ਇਸ ਮੁੱਦੇ 'ਤੇ ਮੰਗੇ ਗਏ ਸਪੱਸ਼ਟੀਕਰਨ/ਸੂਚਨਾ ਦਾ ਵੀ ਕੋਈ ਠੋਸ/ਯੋਗ ਉੱਤਰ ਕਾਲਜ ਮੈਨੇਜਮੈਂਟ ਵੱਲੋਂ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਉਚੇਰੀ ਸਿੱਖਿਆ ਵਿਭਾਗ ਦੀਆਂ ਹਦਾਇਤਾਂ/ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਇਸ ਲਈ ਕਾਲਜ ਦੀ ਪ੍ਰਬੰਧਕ ਕਮੇਟੀ ਨੂੰ ਤਤਕਾਲ ਪ੍ਰਭਾਵ ਨਾਲ ਮੁਅੱਤਲ ਕਰਦਿਆਂ ਏ.ਡੀ.ਸੀ. (ਜ), ਸੰਗਰੂਰ ਨੂੰ ਕਾਲਜ ਦਾ ਪ੍ਰਬੰਧਕ ਨਿਯੁਕਤ ਕੀਤਾ ਗਿਆ ਹੈ।