ਹਰਿੰਦਰ ਨਿੱਕਾ
- ਵਿਕਰੇਤਾਵਾਂ/ਹਾਕਰਾਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਲਈ ਸਿਹਤ ਸੁਰੱਖਿਆ ਬਾਰੇ ਕੀਤਾ ਜਾਗਰੂਕ
ਬਰਨਾਲਾ 15 ਅਪਰੈਲ 2020 - ਕਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਅਣਥੱਕ ਉਪਰਾਲੇ ਜਾਰੀ ਹਨ। ਇਸੇ ਲੜੀ ਤਹਿਤ ਸੰਚਾਰ ਦੇ ਮਾਧਿਅਮਾਂ ’ਚੋਂ ਅਹਿਮ ਮਾਧਿਅਮ ਅਖਬਾਰ ਘਰ ਘਰ ਪਹੁੰਚਾਉਣ ਵਾਲੇ ਹਾਕਰਾਂ ਦੀ ਸਿਹਤ ਸੁਰੱਖਿਆ ਤੇ ਅਖਬਾਰ ਪ੍ਰਾਪਤ ਕਰਨ ਵਾਲਿਆਂ ਦੀ ਸੁਰੱਖਿਆ ਲਈ ਵੀ ਜ਼ਿਲਾ ਪ੍ਰਸ਼ਾਸਨ ਵੱਲੋਂ ਪਹਿਲ ਕੀਤੀ ਗਈ ਹੈ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਕਰੋਨਾ ਵਾਇਰਸ ਤੋਂ ਬਚਾਅ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ ਅਤੇ ਅੱਜ ਵੱਖ ਵੱਖ ਸ਼ਹਿਰਾਂ ਵਿਚ ਅਖਬਾਰ ਵਿਕਰੇਤਾਵਾਂ/ ਹਾਕਰਾਂ ਨੂੰ ਜ਼ਿਲਾ ਪ੍ਸ਼ਾਸਨ ਵੱਲੋਂ ਮਾਸਕ, ਸੈਨੇਟਾਈਜ਼ਰ ਅਤੇ ਸਾਬਣਾਂ ਦੀ ਵੰੰਡ ਕੀਤੀ ਗਈ ਤਾਂ ਜੋ ਉਹ ਆਪਣੇ ਹੱਥਾਂ ਦੀ ਸਾਫ-ਸਫਾਈ ਵੱਲ ਪੂਰਾ ਧਿਆਨ ਦੇਣ ਅਤੇ ਕਰੋਨਾ ਵਾਇਸਰ ਤੋਂ ਬਚਾਅ ਯਕੀਨੀ ਬਣਾਇਆ ਜਾ ਸਕੇ।
ਐਸਡੀਐਮ ਬਰਨਾਲਾ/ਤਪਾ ਅਨਮੋਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਅੱਜ ਨਗਰ ਕੌਂਸਲ ਬਰਨਾਲਾ ਦੇ ਕਾਰਜਸਾਧਕ ਅਫਸਰ ਮਨਪ੍ਰੀਤ ਸਿੰਘ ਸਿੱਧੂ ਅਤੇ ਸੈਨੇਟਰੀ ਇੰਸਪੈਕਟਰ ਅੰਕੁਸ਼ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ’ਤੇ 70 ਦੇ ਕਰੀਬ ਹਾਕਰਾਂ/ਵਿਕਰੇਤਾਵਾਂ ਨੂੰ ਸੈਨੇਟਾਈਜ਼ਰ, ਮਾਸਕ ਤੇ ਸਾਬਣਾਂ ਦੀ ਵੰਡ ਕੀਤੀ ਗਈ ਅਤੇ ਮੌਕੇ ’ਤੇ ਹੱਥ ਧੋਣ ਦੇ ਪ੍ਰਬੰਧ ਵੀ ਕਰਵਾਏ ਗਏ ਅਤੇ ਹਾਕਰਾਂ ਨੂੰ ਕੋਵਿਡ 19 ਤੋਂ ਬਚਾਅ ਲਈ ਜ਼ਰੂਰੀ ਜਾਣਕਾਰੀ ਦਿੱਤੀ ਗਈ। ਉਨਾਂ ਨੂੰ ਦੱਸਿਆ ਗਿਆ ਕਿ ਉਹ ਅਖਬਾਰਾਂ ਵੰਡ ਕੇ ਘਰ ਘਰ ਤਾਜ਼ਾ ਅਤੇ ਪੁਖਤਾ ਜਾਣਕਾਰੀ ਪਹੁੰਚਾ ਰਹੇ ਹਨ ਤੇ ਉਨਾਂ ਵੱਲੋਂ ਆਪਣੇ ਹੱਥਾਂ ਦੀ ਸਾਫ-ਸਫਾਈ ਰੱਖਣਾ ਤੇ ਜ਼ਰੂਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਾ ਬਹੁਤ ਅਹਿਮ ਹੈ ਤਾਂ ਜੋ ਅਸੀਂ ਕਰੋਨਾ ਵਾਇਰਸ ਖ਼ਿਲਾਫ਼ ਜੰਗ ਜਿੱਤ ਸਕੀਏ।
ਇਸੇ ਤਰ੍ਹਾਂ ਨਗਰ ਕੌਂਸਲ ਤਪਾ, ਭਦੌੜ ਤੇ ਧਨੌਲਾ ਤੇ ਨਗਰ ਪੰਚਾਇਤ ਹੰਡਿਆਇਆ ਵਿਖੇ ਹਾਕਰਾਂ ਨੂੰ ਸੈਨੇਟਾਈਜ਼, ਮਾਸਕ ਤੇ ਹੋਰ ਲੋੜੀਂਦਾ ਸਾਮਾਨ ਜ਼ਿਲਾ ਪ੍ਰਸ਼ਾਸਨ ਵੱਲੋ ਮੁਹੱਈਆ ਕਰਾਇਆ ਗਿਆ ਅਤੇ ਉਨਾਂ ਨੂੰ ਕਰੋਨਾ ਵਾਇਰਸ ਤੋ ਬਚਾਅ ਦੇ ਤਰੀਕਿਆਂ ਬਾਰੇ ਜਾਗਰੂਕ ਕੀਤਾ ਗਿਆ।