ਐਸ.ਏ.ਐਸ. ਨਗਰ, 14 ਜੁਲਾਈ 2020: ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਯੋਗਦਾਨ ਪਾਉਂਦਿਆਂ ਜ਼ਿਲ੍ਹੇ ਦੇ ਅਧਿਆਪਕਾਂ ਵੱਲੋਂ ਆਨਲਾਈਨ ਕਲਾਸਾਂ ਰਾਹੀਂ ਵਿਦਿਆਰਥੀਆਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਅਤੇ ਸਰੁੱਖਿਆ ਪ੍ਰੋਟੋਕੋਲਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਹਿੰਮਤ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਜਾਗਰੂਕ ਕਰਕੇ ਹਰ ਪਰਿਵਾਰ ਨੂੰ ਸੁਰੱਖਿਆ ਪ੍ਰੋਟੋਕੋਲਾਂ ਬਾਰੇ ਜਾਗਰੂਕ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਬੱਚੇ ਨੂੰ ਸਹੀ ਤਰੀਕੇ ਨਾਲ ਸਮਝਾ ਦਿੱਤਾ ਜਾਵੇ ਤਾਂ ਨਾ ਸਿਰਫ ਉਹ ਆਪ ਸਾਵਧਾਨੀ ਵਰਤਦਾ ਹੈ ਬਲਕਿ ਆਪਣੇ ਮਾਤਾ-ਪਿਤਾ ਤੇ ਬਜੁਰਗਾਂ ਨੂੰ ਅਵੇਸਲੇ ਨਹੀਂ ਹੋਣ ਦਿੰਦਾ। ਇਸ ਲਈ ਸਿੱਖਿਆ ਵਿਭਾਗ ਵਲੋਂ ਵੱਧ ਤੋਂ ਵੱਧ ਬੱਚਿਆਂ ਨੂੰ ਮਿਸ਼ਨ ਫਤਿਹ ਵਾਰੀਅਰ ਬਣਾ ਕੇ ਘਰ-ਘਰ ਸੁਰੱਖਿਆ ਦਾ ਸੁਨੇਹਾ ਪੁੱਜਦਾ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਦਫਤਰ (ਸੈਕੰਡਰੀ) ਵੱਲੋਂ ਹੁਣ ਤੱਕ 10000 ਤੋਂ ਵੱਧ ਬੱਚਿਆਂ ਨੂੰ ਮਿਸ਼ਨ ਫਤਿਹ ਨਾਲ ਜੋੜਿਆ ਗਿਆ ਹੈ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਕੋਵਾ ਪੰਜਾਬ ਐਪ ਡਾਊਨਲੋਡ ਕਰਨ ਲਈ ਪ੍ਰੇਰਿਆ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਸਿੱਖਿਆ ਦਫਤਰ (ਐਲੀਮੈਂਟਰੀ) ਵੱਲੋਂ ਆਪਣੇ ਸਟਾਫ ਦੇ ਜ਼ਰੀਏ ਬੱਚਿਆਂ ਦੇ ਮਾਤਾ-ਪਿਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ 6000 ਮਿਸ਼ਨ ਫਤਿਹ ਵਾਰੀਅਰ ਬਣਾਏ ਗਏ ਹਨ।
ਉਹਨਾਂ ਦੱਸਿਆ ਕਿ ਜਿਥੇ ਕਰੋਨਾ ਵਾਇਰਸ ਤੋ ਬਚਾਅ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਉਥੇ ਬੱਚਿਆਂ ਨੂੰ ਆਨਲਾਈਨ ਸਿੱਖਿਆ ਸਮੱਗਰੀ ਜ਼ਰੀਏ ਪੜ੍ਹਾਇਆ ਜਾ ਰਿਹਾ ਹੈ।