ਅਸ਼ੋਕ ਵਰਮਾ
ਮਾਨਸਾ, 24 ਅਪ੍ਰੈਲ 2020 - ਵਿਸ਼ਵ ਪੁਸਤਕ ਦਿਵਸ ਦੇ ਸੰਦਰਭ ’ਚ ਸਿੱਖਿਆ ਵਿਭਾਗ ਦੀ ਅਗਵਾਈ ਹੇਠ ਮਾਨਸਾ ਦੇ ਅਧਿਆਪਕ ਲੇਖਕਾਂ ਅਤੇ ਕਲਾਕਾਰਾਂ ਨੇ ਜ਼ੂਮ ਐਪ ਤੇ ਹੋਏ ਸਾਹਿਤਕ ਸਮਾਗਮ ਦੌਰਾਨ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਛੋਟੀ ਉਮਰੇ ਹੀ ਵਿਦਿਆਰਥੀਆਂ ਨੂੰ ਬਾਲ ਸਾਹਿਤ ਨਾਲ ਜੋੜਣ ਤਾਂ ਕਿ ਉਹ ਚੰਗੀਆਂ ਕਦਰਾਂ ਕੀਮਤਾਂ ਨਾਲ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਣ।ਸਮਾਗਮ ਦੀ ਪ੍ਰਧਾਨਗੀ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ ਨੇ ਕੀਤੀ ਜਦੋਂਕਿ ਸਾਹਿਤਕਾਰ ਡਾ: ਕੁਲਦੀਪ ਸਿੰਘ ਦੀਪ ਅਤੇ ਪ੍ਰੋ: ਗੁਰਦੀਪ ਢਿੱਲੋਂ ਨੇ ਸਮਾਗਮ ’ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਿੱਧੂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ, ਜਿਸ ਰਾਹੀਂ ਅਸੀਂ ਵੱਡੀਆਂ ਸਮਾਜਿਕ ਤਬਦੀਲੀਆਂ ਲਿਆ ਸਕਦੇ ਹਾਂ। ਉਨਾਂ ਕਿਹਾ ਕਿ ਉਹ ਮਾਨਸਾ ਜ਼ਿਲੇ ਚ ਸਾਹਿਤਕਾਰਾਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੀਆਂ ਸਾਹਿਤਕ ਤੇ ਸਭਿਆਚਾਰਕ ਰੁਚੀਆਂ ਨੂੰ ਪ੍ਰਫੁੱਲਤ ਕਰਨ ਲਈ ਹਰ ਸੰਭਵ ਯਤਨ ਕਰਨਗੇ।
ਵਿਸ਼ੇਸ਼ ਮਹਿਮਾਨਾਂ ਨੇ ਵਰਤਮਾਨ ਸਾਹਿਤਕ ਸਥਿਤੀ ਤੇ ਚਰਚਾ ਕਰਦਿਆਂ ਕਿਹਾ ਕਿ ਸਾਨੂੰ ਸਮੇਂ ਦੀਆਂ ਨਵੀਆਂ ਤਕਨੀਕਾਂ ਅਤੇ ਵਿਅਕਤੀ ਦੇ ਸੁਭਾਅ ਮੁਤਾਬਕ ਉਸ ਦੀਆਂ ਸਾਹਿਤ ਨਾਲ ਜੁੜੀਆਂ ਰੁਚੀਆਂ ਉਭਾਰਨ ਦੀ ਲੋੜ ਹੈ। ਡਾ: ਦੀਪ ਨੇ ਕਿਹਾ ਕਿ ਵਟਸਐਪ, ਫੇਸਬੁਕ ਨੇ ਸਾਨੂੰ ਗੁਰਮੁਖੀ ਅਤੇ ਹਰ ਇਕ ਨੂੰ ਲਿਖਣ ਦੀ ਗੁੜਤੀ ਦੇ ਦਿੱਤੀ। ਡਾ: ਢਿੱਲੋਂ ਨੇ ਮਾਨਸਾ ਦੇ ਬਹੁਤ ਸਾਰੇ ਕਵੀਆਂ ਦਾ ਜ਼ਿਕਰ ਕਰਦਿਆਂ, ਸਾਨੂੰ ਕਿਸ ਤਰਾਂ ਦਾ, ਕਿਸ ਰੂਪ ‘ਚ ਸਾਹਿਤ ਪੜਣਾ ਚਾਹੀਦਾ ਹੈ, ਬਾਰੇ ਗੰਭੀਰ ਨੁਕਤੇ ਸਾਂਝੇ ਕੀਤੇ।
ਮੰਚ ਸੰਚਾਲਨ ਕਰਦਿਆਂ ਗੁਰਪ੍ਰੀਤ ਨੇ ਕਿਹਾ ਕਿ ਕਿਤਾਬ ਬੰਦੇ ਨੂੰ ਜ਼ਿੰਦਗੀ ਨਾਲ ਜੋੜਦੀ ਹੈ। ਉਹ ਅਪਣੇ ਆਪ ਨੂੰ ਇਸ ਨਾਲ ਜੋੜਦਾ ਹੋਇਆ ਆਪਣੇ ਆਲੇ ਦੁਆਲੇ ਨੂੰ ਇਕ ਵੱਖਰੇ ਲਹਿਜੇ ਤੋ ਦੇਖਦਾ ਹੈ। ਸਮਾਗਮ ਦੀ ਸ਼ੁਰੂਆਤ ਬੀਤੇ ਦਿਨੀਂ ਅਪਣਾ ਜਨਮ ਦਿਨ ਫੇਸਬੁੱਕ ਤੇ ਲਾਈਵ ਹੋਕੇ ਇੱਕ ਜੁਝਾਰੂ ਕਵਿਤਾ ਗਾ ਕੇ ਮਨਾਉਣ ਵਾਲੀ ਖੁਸ਼ਬੀਰ ਮੱਟੂ ਨਾਲ ਕੀਤੀ ਗਈ ਜਦੋਂਕਿ ਅੰਤ ਵੀ ਉਸ ਦੀ ਜੁਝਾਰੂ ਕਵਿਤਾ ਨਾਲ ਕੀਤਾ ਗਿਆ। ਸਮਾਗਮ ਚ ਵਿਸ਼ੇਸ਼ ਤੌਰ ਤੇ ਸ਼ਾਮਲ ਨਵਜੋਤ ਕੌਰ ਨੈਸ਼ਨਲ ਬੁੱਕ ਟਰੱਸਟ ਦਿੱਲੀ ਨੇ ਵੀ ਕਿਤਾਬਾਂ ਦੀ ਸਾਰਥਿਕਤਾ ਤੇ ਗੱਲ ਕੀਤੀ।
ਇਸ ਮੌਕੋ ਸਾਹਿਤਕਾਰ ਅਧਿਆਪਕਾਂ ਦਰਸ਼ਨ ਬਰੇਟਾ, ਗੁਰਜੰਟ ਚਾਹਲ,ਪ੍ਰਵੀਨ ਸ਼ਰਮਾ, ਯੋਗਿਤਾ ਜੋਸ਼ੀ, ਮੈਡਮ ਆਰਤੀ, ਦੇਵਿੰਦਰ ਕੌਰ ਰੱਲੀ, ਮਹਿੰਦਰ ਪਾਲ ਬਰੇਟਾ, ਰਾਜਵਿੰਦਰ ਖੱਤਰੀਵਾਲਾ,ਖੁਸ਼ਨਸੀਬ ਸਿੰਘ, ਜਸਮੀਤ ਬਹਿਣੀਵਾਲ, ਬਲਜਿੰਦਰ ਜੋੜਕੀਆਂ ਨੇ ਅਪਣੀਆਂ ਰਚਨਾਵਾਂ ਨਾਲ ਰੰਗ ਬੰਨਿਆ। ਆਖੀਰ ‘ਚ ਸਮਾਗਮ ਦੇ ਪ੍ਰਬੰਧਕ ਹਰਦੀਪ ਸਿੰਘ ਸਿੱਧੂ ਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਪਿ੍ਰੰਸੀਪਲ ਵੀ ਹਾਜ਼ਰ ਸਨ।