ਅਸ਼ੋਕ ਵਰਮਾ
ਬਠਿੰਡਾ, 03 ਅਪ੍ਰੈਲ 2020 - ਸਿਵਲ ਸਰਜਨ ਬਠਿੰਡਾ ਡਾ ਅਮਰੀਕ ਸਿੰਘ ਦੇ ਦਿਸ਼ਾ ਨਿਰਦੇਸ਼ਾ ਦੇ ਤਹਿਤ ਬਲਾਕ ਸੰਗਤ ਦੇ ਪਿੰਡਾਂ ਵਿੱਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਮੈਡੀਕਲ ਅਤੇ ਪੈਰਾ ਮੈਡੀਕਲ ਟੀਮਾਂ ਦਿਨ ਰਾਤ ਮੁਸਤੈਦ ਹਨ। ਐਸ ਐਮ ਓ ਡਾ ਸਰਬਜੀਤ ਸਿੰਘ ਨੇ ਦੱਸਿਆ ਕਿ ਬਲਾਕ ਸੰਗਤ ਦੇ ਵਿੱਚ ਹੁਣ ਤੱਕ ਇੱਕ ਵੀ ਸ਼ੱਕੀ ਮਰੀਜ਼ ਵੀ ਸਾਹਮਣੇ ਨਹੀਂ ਆਇਆ ਹੈ। ਕੋਰੋਨਾ ਵਾਇਰਸ ਨੂੰ ਰੋਕਣ ਲਈ 49 ਪਿੰਡਾਂ ਵਿੱਚ 200 ਤੋਂ ਵੱਧ ਪੈਰਾ ਮੈਡੀਕਲ ਮੁਲਾਜਮਾਂ ਦੀ ਟੀਮਾਂ ਦਿਨ ਰਾਤ ਬਾਹਰੋਂ ਆਉਣ ਵਾਲੇ ਜਾਂ ਸ਼ੱਕੀ ਮਰੀਜ਼ਾਂ ਦੀ ਭਾਲ ਕਰ ਰਹੀਆਂ ਹਨ। ਓਥੇ ਹੀ ਦੂਜੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਦੀ ਜਾਂਚ ਲਈ ਟੀਮਾਂ ਨੂੰ ਡੁਮਵਾਲੀ ਵਿੱਖੇ ਤੈਨਾਤ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਕਿਸੇ ਵੀ ਬਾਹਰੋਂ ਆਏ ਵਿਅਕਤੀ ਦੀ ਸੁਚਨਾਂ ਮਿਲਦੇ ਹੀ ਪੈਰਾ ਮੈਡੀਕਲ ਵਲੋਂ ਪਹੁੰਚ ਕੇ ਮਰੀਜ਼ ਦੀ ਪ੍ਰਾਇਮਰੀ ਜਾਂਚ ਮਗ਼ਰੋਂ ਮੈਡੀਕਲ ਟੀਮ ਵੱਲੋ ਜਾਂਚ ਕੀਤਾ ਜਾਂਦੀ ਹੈ। ਉਹਨਾਂ ਦੱਸਿਆ ਕਿ ਲੋਕਾਂ ਵੱਲੋਂ ਸੋਸ਼ਲ ਮੀਡੀਆ ਉਪਰ ਚੱਲ ਰਹੀਆਂ ਅਫਵਾਹਾਂ ਤੋਂ ਦੂਰ ਰਹਿ ਕੇ ਕਿਸੇ ਵੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਮੁਲਾਜ਼ਮਾਂ ਨਾਲ ਸੰਪਰਕ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਪਿੰਡ ਵਿੱਚ ਕੋਈ ਬਾਹਰੋਂ ਵਿਅਕਤੀ ਆ ਕੇ ਰੁੱਕਦਾ ਹੈ ਤਾਂ ਸਿਹਤ ਵਿਭਾਗ ਜਾਂ ਪੁਲਿਸ ਨੂੰ ਇਸ ਬਾਰੇ ਤੁਰੰਤ ਜਾਣਕਾਰੀ ਦਿੱਤੀ ਜਾਵੇ। ਸਾਹਿਲ ਪੁਰੀ ਬੀਈਈ ਨੇ ਕਿਹਾ ਕਿ ਲੋਕਾਂ ਨੂੰ ਸੋਸ਼ਲ ਮੀਡੀਆ ਰਾਂਹੀ ਕਰੋਨਾ ਤੋਂ ਬਚਾਅ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ, ਪਿੰਡ ਪੱਧਰ ਤੱਕ ਕੋਰੋਨਾ ਦੇ ਸੰਬਧ ਵਿੱਚ ਜਾਗਰੂਕਤਾ ਲਈ ਸਰਪੰਚ, ਸਮਾਜਸੇਵਿਆ ਅਤੇ ਪੁਲਿਸ ਦਾ ਸਹਿਯੌਗ ਲਿਆ ਜਾ ਰਿਹਾ ਹੈ।