ਅਮਰੀਕਾ: ਕੋਰੋਨਾ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਲਈ ਦਿਲ ਖਿੱਚਵੇ ਇਨਾਮਾਂ ਦੀ ਪੇਸ਼ਕਸ਼
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 3 ਜੂਨ 2021 - ਅਮਰੀਕਾ ਦੇ ਕਈ ਸ਼ਹਿਰਾਂ ਅਤੇ ਰਾਜਾਂ ਨੇ ਪਿਛਲੇ ਹਫ਼ਤਿਆਂ ਵਿੱਚ ਕੋਰੋਨਾ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਲਈ ਬਹੁਤ ਸਾਰੀਆਂ ਲਾਟਰੀਆਂ, ਇਨਾਮਾਂ ਆਦਿ ਦੇਣ ਦਾ ਐਲਾਨ ਕੀਤਾ ਹੈ । ਇਸ ਹੀ ਲੜੀ ਦੇ ਤਹਿਤ ਅਮਰੀਕੀ ਸਟੇਟ ਵੈਸਟ ਵਰਜੀਨੀਆ ਵੀ ਲੋਕਾਂ ਨੂੰ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਲੱਖਾਂ ਡਾਲਰ ਦੀਆਂ ਲਾਟਰੀਆਂ ਦੇ ਨਾਲ ਕਈ ਹੋਰ ਇਨਾਮਾਂ ਦੀ ਵੀ ਪੇਸ਼ਕਸ਼ ਕਰ ਰਹੀ ਹੈ। ਸਟੇਟ ਦੇ ਗਵਰਨਰ ਜਿਮ ਜਸਟਿਸ ਨੇ ਸੂਬੇ ਦੇ ਬਹੁਤ ਘੱਟ ਟੀਕਾਕਰਨ ਨੰਬਰਾਂ ਨੂੰ ਵਧਾਉਣ ਲਈ ਨਵੇਂ ਇਨਾਮਾਂ ਦਾ ਐਲਾਨ ਕੀਤਾ ਹੈ।
ਇਸ ਸਟੇਟ ਵਿੱਚ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ ਡੀ ਸੀ)ਦੇ ਅਨੁਸਾਰ ਬੁੱਧਵਾਰ ਤੱਕ, ਲੱਗਭਗ 51% ਬਾਲਗਾਂ ਨੂੰ ਕੋਵਿਡ -19 ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਮਿਲੀ ਹੈ ਅਤੇ 41% ਨੇ ਪੂਰੀ ਤਰ੍ਹਾਂ ਟੀਕੇ ਲਗਵਾਏ ਗਏ ਹਨ।ਟੀਕਾਕਰਨ ਵਿੱਚ ਵੈਸਟ ਵਰਜੀਨੀਆ 43 ਵੇਂ ਨੰਬਰ 'ਤੇ ਹੈ।
ਇਸ ਲਈ ਗਵਰਨਰ ਜਸਟਿਸ ਅਨੁਸਾਰ 20 ਜੂਨ ਤੋਂ 4 ਜੁਲਾਈ ਤੱਕ , ਸੂਬੇ ਦੁਆਰਾ ਟੀਕਾ ਲਗਵਾਉਣ ਵਾਲਿਆਂ ਨੂੰ ਇਨਾਮ ਦਿੱਤੇ ਜਾਣਗੇ , ਜਿਹਨਾਂ ਵਿੱਚ 10 ਲੱਖ ਡਾਲਰ ਦਾ ਜੈਕਪਾਟ, ਟਰੱਕ, ਸਕਾਲਰਸ਼ਿਪ, ਜੀਵਨ ਭਰ ਲਈ ਸ਼ਿਕਾਰ ਕਰਨ ਅਤੇ ਮੱਛੀ ਫੜਨ ਦੇ ਲਾਇਸੈਂਸ, ਰਾਜ ਦੇ ਪਾਰਕਾਂ ਲਈ ਪਾਸ, ਅਤੇ ਕਸਟਮ ਰਾਈਫਲਾਂ ਅਤੇ ਸ਼ਾਟ ਗੰਨ ਵੀ ਸ਼ਾਮਲ ਹਨ। ਜਸਟਿਸ ਅਨੁਸਾਰ ਟੀਕਾਕਰਨ ਵਿੱਚ ਹਰ ਕੋਈ ਯੋਗ ਹੋਵੇਗਾ ਅਤੇ ਟੀਕੇ ਦੀ ਦਰ ਨੂੰ ਵਧਾਉਣ ਲਈ ਗਰਮੀਆਂ ਵਿੱਚ ਵੱਖ-ਵੱਖ ਨਕਦ ਰਾਸ਼ੀ ਲਈ ਸੱਤ ਹੋਰ ਲਾਟਰੀਆਂ ਦਾ ਆਯੋਜਨ ਕੀਤਾ ਜਾਵੇਗਾ।