ਅਸ਼ੋਕ ਵਰਮਾ
ਮਾਨਸਾ, 8 ਮਈ 2020 - ਸਿੱਖਿਆ ਮੰਤਰੀ ਵਿਜੈ ਇੰਦਰ ਕੁਮਾਰ ਸਿੰਗਲਾ ਵੱਲੋ ਕੋਰੋਨਾ ਵਾਇਰਸ ਲਾਕਡਾਊਨ ਦੌਰਾਨ ਘਰ ਬੈਠੇ ਵਿਦਿਆਰਥੀਆਂ ਦੀ ਕਲਾ ਨੂੰ ਉਭਾਰਨ ਲਈ ਕਰਵਾਏ ਅੰਬੈਸਡਰ ਆਫ ਹੋਪ ਮੁਕਾਬਲੇ ਦੌਰਾਨ ਭੀਖੀ ਦੇ ਸਰਵ ਹਿੱਤਕਾਰੀ ਵਿਦਿਆ ਮੰਦਰ (ਸੀ ਬੀ ਐਸ ਈ) ਭੀਖੀ ਦੇ ਵਿਦਿਆਰਥੀਆਂ ਨੇ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ। ਬੱਚਿਆਂ ਨੇ ਕੋਰੋਨਾ ਵਾਇਰਸ ਸਬੰਧੀ ਅਪਣੀਆਂ ਕਵਿਤਾਵਾਂ,ਗੀਤ ਸੰਗੀਤ ਸਕਿੱਟਾਂ, ਡਾਂਸ ਅਤੇ ਹੋਰ ਵੱਖ ਵੱਖ ਪੇਸ਼ਕਾਰੀਆਂ ਰਾਹੀਂ ਜਿਥੇਂ ਅਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉਥੇਂ ਲੋਕਾਂ ਨੂੰ ਕਰੋਨਾ ਵਾਇਰਸ ਸਬੰਧੀ ਜਾਗਰੂਕ ਕਰਦਿਆਂ ਲੋਕਾਂ ਨੂੰ ਭਾਵਪੂਰਤ ਸਨੇਹਾ ਦਿੱਤਾ।
ਸਕੂਲ ਦੇ ਪ੍ਰਿੰਸੀਪਲ ਡਾ ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਔਖੀ ਘੜੀ ਦੌਰਾਨ ਸਕੂਲ ਪ੍ਰਬੰਧਕ ਕਮੇਟੀ ਦੇ ਆਗੂਆਂ ਦੀ ਸੁਚੱਜੀ ਅਗਵਾਈ ਹੇਠ ਸਮੂਹ ਅਧਿਆਪਕਾਂ ਨੇ ਸਮੂਹ ਵਿਦਿਆਰਥੀਆਂ ਲਈ ਘਰ ਬੈਠੇ ਜਿਥੇਂ ਆਨਲਾਈਨ ਪੜਾਈ ਨੂੰ ਜਾਰੀ ਰੱਖਿਆ ਹੋਇਆ ਹੈ,ਉਥੇਂ ਉਨਾਂ ਦੀ ਪੜਾਈ ਦੇ ਮਿਆਰ ਨੂੰੰ ਕਾਇਮ ਰੱਖਣ ਲਈ ਹਰ ਤਰਾਂ ਦੀ ਤਕਨੀਕ ਅਤੇ ਵੱਖ ਵੱਖ ਮੁਕਾਬਲਿਆਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ,ਬੱਚਿਆਂ ਦੀ ਦਿਲਚਸਪੀ ਦੇ ਮੱਦੇਨਜ਼ਰ ਰੋਚਕ ਸਮੱਗਰੀ ਵੀ ਭੇਜੀ ਜਾ ਰਹੀ ਹੈ।
ਵੱਖ ਵੱਖ ਸਕੂਲ ਅਧਿਆਪਕਾਂ ਨੇ ਦੱਸਿਆ ਕਿ ਅੰਬੈਸਡਰ ਆਫ ਹੋਪ ਵਿੱਚ ਵੀ ਹਰ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ,ਹੋਰ ਵੀ ਤਸੱਲੀ ਵਾਲੀ ਗੱਲ ਹੈ ਕਿ ਪਹਿਲੀ ਏ ਕਲਾਸ ਦੇ 33 ਬੱਚਿਆਂ ਵਿਚੋਂ 30 ਬੱਚਿਆਂ ਨੇ ਅਪਣੇ ਇੰਚਾਰਜ ਅਧਿਆਪਕ ਕਮਲਜੀਤ ਕੌਰ ਦੀ ਅਗਵਾਈ ਚ ਘਰ ਬੈਠੇ ਅਪਣੀਆਂ ਪੇਸ਼ਕਾਰੀ ਦੀਆਂ ਵੀਡੀਓ ਮੁਕਾਬਲੇ ਲਈ ਭੇਜੀਆਂ।