ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 9 ਅਪ੍ਰੈਲ 2020 - ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੋਵਿਡ-19 ਸੰਕਟ ਦੇ ਮੱਦੇਨਜ਼ਰ ਪੈਨਸ਼ਨਰਾਂ ਨੂੰ ਨਾਲੋ-ਨਾਲ ਪੈਨਸ਼ਨਾਂ ਦੀ ਅਦਾਇਗੀ ਕੀਤੀ ਜਾ ਰਹੀ ਹੈ, ਜਿਸ ਸਦਕਾ ਜਿਲ੍ਹਾ ਅੰਮ੍ਰਿਤਸਰ ਵਿਚ ਵੱਖ-ਵੱਖ ਵਰਗਾਂ ਦੇ ਪੈਨਸ਼ਨਰਾਂ ਨੂੰ 12 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਬੈਂਕਾਂ ਰਾਹੀਂ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਕੋਵਿਡ-19 ਦੀਆਂ ਬੰਦਿਸ਼ਾਂ ਦੀ ਰੌਸ਼ਨੀ ਵਿੱਚ ਸੂਬਾ ਸਰਕਾਰ ਨੇ ਪਿੰਡਾਂ ਵਿੱਚ ਲਾਭਪਾਤਰੀਆਂ ਨੂੰ ਬਿਜ਼ਨਸ ਕੌਰਸਪੌਡੈਂਟਾਂ ਰਾਹੀਂ ਸਮਾਜਿਕ ਸੁਰੱਖਿਆ ਪੈਨਸ਼ਨਾਂ ਅਤੇ ਲਾਭ ਦੇਣ ਦਾ ਫੈਸਲਾ ਕੀਤਾ ਹੈ, ਜੋ ਕਿ ਲਗਾਤਾਰ ਪੈਨਸ਼ਨਾਂ ਵੰਡ ਰਹੇ ਹਨ।
ਇਸ ਮੌਕੇ ਜਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਨਰਿੰਦਰ ਸਿੰਘ ਪੰਨੂੰ ਨੇ ਦੱਸਿਆ ਕਿ ਮਾਰਚ 2020 ਦੀ ਅਦਾਇਗੀ ਦਾ ਕੰਮ ਪੂਰਾ ਹੋ ਚੁੱਕਿਆ ਹੈ, ਜਿਸ ਵਿਚ 1 ਲੱਖ 10 ਹਜ਼ਾਰ ਤੋਂ ਵੱਧ ਪੈਨਸ਼ਨਰਾਂ ਨੂੰ 8 ਕਰੋੜ 28 ਲੱਖ ਰੁਪਏ, 31963 ਵਿਧਵਾ ਪੈਨਸ਼ਨਰਾਂ ਨੂੰ 2 ਕਰੋੜ 39 ਲੱਖ ਰੁਪਏ, 11950 ਦਿਵਿਆਂਗ ਪੈਨਸ਼ਨਰਾਂ ਨੂੰ 89 ਲੱਖ 62 ਹਜ਼ਾਰ ਰੁਪਏ, 7697 ਆਸ਼ਰਿਤ ਬੱਚਿਆਂ ਨੂੰ 57 ਲੱਖ ਰੁਪਏ ਤੋਂ ਵੱਧ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅਪ੍ਰੈਲ ਮਹੀਨੇ ਦੀ ਅਦਾਇਗੀ ਲਈ ਵੀ ਮੁੱਖ ਮੰਤਰੀ ਵੱਲੋਂ ਬੀਤੇ ਦਿਨ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਵਿਤ ਵਿਭਾਗ ਨੇ ਉਸ ਲਈ ਵੀ ਪੈਸਾ ਭੇਜ ਦਿੱਤਾ ਹੈ। ਉਨਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਅਸੀਂ ਜਿਲ੍ਹਾ ਪੱਧਰ ਉਤੇ ਸਾਰੀ ਅਦਾਇਗੀ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਖਾਤਿਆਂ ਵਿਚ ਭੇਜ ਦਿਆਂਗੇ, ਜਿੱਥੋਂ ਕਿ ਬੈਂਕਰ ਆਪਣੇ ਬਿਜਨਸ ਕੌਰਸਪੌਡੈਂਟ ਰਾਹੀਂ ਇਹ ਲਾਭ ਸਬੰਧਤ ਵਿਅਕਤੀਆਂ ਤੱਕ ਪੁੱਜਦਾ ਕਰ ਦੇਣਗੇ।