ਅਲੀਗੜ, ਮਥੁਰਾ ਤੇ ਸਹਾਰਨਪੁਰ ਲਈ ਭੇਜੀਆਂ ਗਈਆਂ ਬੱਸਾਂ
ਅੰਮ੍ਰਿਤਸਰ, 18 ਮਈ 2020: ਜਿੱਥੇ ਇਕ ਪਾਸੇ ਕਈ ਰਾਜਾਂ ਵਿਚੋਂ ਪ੍ਰਵਾਸੀ ਮਜਦੂਰਾਂ ਵੱਲੋਂ ਕੋਵਿਡ ਸੰਕਟ ਦੇ ਚੱਲਦੇ ਆਪਣੇ ਘਰਾਂ ਨੂੰ ਜਾਣ ਦੀ ਵੱਖ-ਵੱਖ ਵੀਡੀਓ ਸਾਹਮਣੇ ਆ ਰਹੀਆਂ ਹਨ, ਜਿੰਨਾ ਵਿਚ ਜ਼ਿਆਦਾਤਰ ਪ੍ਰਵਾਸੀ ਨੰਗੇ ਪੈਰ ਜਾਂ ਸਾਈਕਲਾਂ ਉਤੇ ਸੈਂਕੜੇ ਕਿਲੋਮੀਟਰ ਦਾ ਪੈਂਡਾ ਤੈਅ ਕਰਦੇ ਨਜ਼ਰ ਆ ਰਹੇ ਹਨ। ਕਈਆਂ ਦੀਆਂ ਜਾਨਾਂ ਇਸ ਮੌਕੇ ਭੁੱਖ-ਪਿਆਸ ਨੇ ਲੈ ਲਈਆਂ ਹਨ, ਉਥੇ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਮਜਦੂਰਾਂ ਨੂੰ ਉਨਾਂ ਦੇ ਘਰਾਂ ਤੱਕ ਭੇਜਣ ਲਈ ਵਿਸ਼ੇਸ਼ ਬੱਸਾਂ ਅਤੇ ਰੇਲ ਗੱਡੀਆਂ ਦੀ ਸਹਾਇਤਾ ਲਈ ਜਾ ਰਹੀ ਹੈ, ਜਿਸ ਵਿਚ ਪ੍ਰਵਾਸੀ ਆਨ-ਲਾਇਨ ਰਜਿਸਟੇਰਸ਼ਨ ਕਰਵਾ ਕੇ ਬੜੇ ਸੁਰੱਖਿਅਤ ਯਾਤਰਾ ਕਰ ਰਹੇ ਹਨ। ਅੱਜ ਅੰਮ੍ਰਿਤਸਰ ਤੋਂ ਇਸੇ ਤਰਾਂ ਹੀ 3 ਬੱਸਾਂ ਉਤਰ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ ਲਈ ਰਵਾਨਾ ਕੀਤੀਆਂ ਗਈਆਂ, ਜਿੰਨਾ ਵਿਚ ਮੁਥਰਾ ਲਈ ਇਕ, ਅਲੀਗੜ• ਲਈ 1 ਅਤੇ ਸਾਹਰਨਪੁਰ ਲਈ 1 ਬੱਸ ਨੂੰ ਤੋਰੀਆ ਹੈ। ਇੰਨਾਂ ਬੱਸਾਂ ਵਿਚ ਅੰਮ੍ਰਿਤਸਰ ਤੇ ਤਰਨਤਾਰਨ ਤੋਂ ਆਏ ਪ੍ਰਵਾਸੀਆਂ ਨੂੰ ਉਨਾਂ ਦੇ ਘਰਾਂ ਲਈ ਰਵਾਨਾ ਕੀਤਾ ਗਿਆ।
ਬੱਸ ਅੱਡੇ ਵਿਖੇ ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ ਨੇ ਸਾਰੇ ਪ੍ਰਬੰਧ ਆਪਣੀ ਟੀਮ ਨਾਲ ਪੂਰੇ ਕੀਤੇ ਅਤੇ ਮਜ਼ਦੂਰਾਂ ਦਾ ਮੈਡੀਕਲ ਨਿਰੀਖਣ ਕਰਵਾ ਕੇ, ਨਿੱਜੀ ਸੰਪਰਕ ਦੀ ਦਿੱਤੀ ਹੋਈ ਹਦਾਇਤ ਨੂੰ ਅਮਲ ਵਿਚ ਲਿਆਉਂਦੇ ਹੀ ਸਾਰੇ ਪ੍ਰਵਾਸੀਆਂ ਨੂੰ ਘਰਾਂ ਲਈ ਰਵਾਨਾ ਕੀਤਾ ਗਿਆ। ਉਨਾਂ ਦੱਸਿਆ ਕਿ 3 ਬੱਸਾਂ ਵਿਚ 96 ਪ੍ਰਵਾਸੀਆਂ ਨੂੰ ਸੀਟਾਂ ਵੀ ਆਪਸੀ ਦੂਰੀ ਬਣਾਈ ਰੱਖਣ ਲਈ ਹੀ ਦਿੱਤੀਆਂ ਗਈਆਂ। ਸ੍ਰੀਮਤੀ ਕਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇੰਨਾਂ ਲਈ ਖਾਣੇ ਤੇ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਤਾਂ ਕਿ ਸਫਰ ਦੌਰਾਨ ਕੋਈ ਪਰੇਸ਼ਾਨੀ ਨਾ ਆਵੇ। ਇਸ ਮੌਕੇ ਪ੍ਰਵਾਸੀ ਮਜ਼ਦੂਰਾਂ ਨੇ ਇਸ ਨੇਕ ਕਾਰਜ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਹੀ ਸਾਨੂੰ ਅਸਾਨੀ ਨਾਲ ਘਰ ਜਾਣਾ ਨਸੀਬ ਹੋਇਆ ਹੈ। ਇਸ ਮੌਕੇ ਪੰਜਾਬ ਰੋਡਵੇਜ਼ ਦੇ ਟਰੈਫਿਕ ਮੈਨੇਜ਼ਰ ਹਰਵਿੰਦਰ ਸਿੰਘ, ਤਹਿਸੀਲਦਾਰ ਮਨਜੀਤ ਸਿੰਘ, ਸ: ਸੁਖਵਿੰਦਰ ਸਿੰਘ ਸੁੱਖ, ਸ: ਜੋਬਨਜੀਤ ਸਿੰਘ, ਸ: ਤਰਨਜੀਤ ਸਿੰਘ ਹਾਜ਼ਰ ਸਨ।