ਮਨਪ੍ਰੀਤ ਸਿੰਘ ਜੱਸੀ
- ਪੰਜਾਬ ਸਰਕਾਰ ਦੀ ਕੋਸ਼ਿਸ਼ ਨਾਲ 1168 ਮੁਸਾਫਿਰ ਆਪਣੇ ਘਰਾਂ ਨੂੰ ਪਰਤੇ
ਅੰਮ੍ਰਿਤਸਰ, 10 ਮਈ 2020 - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ 'ਚ ਭੇਜਣ ਲਈ ਚੁੱਕੇ ਗਏ ਕਦਮਾਂ ਤਹਿਤ ਪੰਜਾਬ ਵਿਚ ਰੋਜ਼ਾਨਾ ਰੇਲ ਗੱਡੀਆਂ ਉਨਾਂ ਦੇ ਸੂਬਿਆਂ ਨੂੰ ਜਾ ਰਹੀਆਂ ਹਨ।। ਅੱਜ ਇਸੇ ਕੋਸ਼ਿਸ਼ ਤਹਿਤ ਅੰਮ੍ਰਿਤਸਰ ਤੋਂ ਦੂਸਰੀ ਵਿਸ਼ੇਸ਼ ਰੇਲ ਗੱਡੀ ਬਿਹਾਰ ਦੇ ਸਟੇਸ਼ਨ ਬਰੌਨੀ ਲਈ ਰਾਵਾਨਾ ਹੋਈ, ਇਸ ਰੇਲ ਗੱਡੀ ਵਿਚ ਗਏ 1168 ਮੁਸਾਫਿਰਾਂ ਦਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਨਿਰੀਖਣ ਕਰਵਾਇਆ ਗਿਆ ਅਤੇ ਉਪਰੰਤ ਬੱਸਾਂ ਉਤੇ ਰੇਲਵੇ ਸਟੇਸ਼ਨ ਲਿਆਂਦਾ ਗਿਆ, ਜਿੱਥੇ ਖਾਣ-ਪੀਣ ਦਾ ਸਮਾਨ ਦੇ ਕੇ ਉਨਾਂ ਨੂੰ ਰੇਲ ਗੱਡੀ ਵਿਚ ਚੜਾਇਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਕਮਿਸ਼ਨਰ ਕਾਰਪੋਰੇਸਨ ਸ੍ਰੀਮਤੀ ਕੋਮਲ ਮਿੱਤਲ, ਨੋਡਲ ਅਧਿਕਾਰੀ ਸ੍ਰੀ ਰਜਤ ਉਬਰਾਏ, ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਸਹਾਇਕ ਕਮਿਸ਼ਨਰ ਸ. ਅੰਕੁਰਜੀਤ ਸਿੰਘ ਅਤੇ ਅਧਿਕਾਰੀ ਵੀ ਮੁਸਾਫਿਰਾਂ ਨੂੰ ਤੋਰਨ ਲਈ ਸਟੇਸ਼ਨ ਉਤੇ ਪਹੁੰਚੇ। ਘਰ ਜਾਣ ਦੀ ਖੁਸ਼ੀ ਵਿਚ ਸਾਰੇ ਮਜ਼ਦੂਰ ਤਾੜੀਆਂ ਮਾਰਦੇ ਹੋਏ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਵਿਦਾ ਹੋਏ।
ਪਹਿਲਾਂ ਤੋਂ ਉਲੀਕੇ ਪ੍ਰੋਗਰਾਮ ਅਨੁਸਾਰ ਪ੍ਰਵਾਸੀਆਂ ਨੂੰ ਉਨਾਂ ਨੂੰ ਘਰਾਂ ਤੋਂ ਲਿਆ ਕੇ ਚਾਰ ਵੱਖ-ਵੱਖ ਥਾਵਾਂ ਉਤੇ ਡਾਕਟਰੀ ਮੁਆਇਨਾ ਕੀਤਾ ਗਿਆ ਅਤੇ ਇਥੋਂ ਹੀ ਟਿਕਟਾਂ ਦੇ ਕੇ ਉਨਾਂ ਨੂੰ ਬੱਸਾਂ ਰਾਹੀਂ ਰੇਲਵੇ ਸਟੇਸ਼ਨ ਭੇਜਿਆ ਗਿਆ, ਜਿਸ ਸਦਕਾ ਇਹ ਸਾਰਾ ਪ੍ਰੋਗਰਾਮ ਬੜੇ ਵਧੀਆ ਢੰਗ ਨਾਲ ਨੇਪਰੇ ਚੜਿਆ ਅਤੇ ਕਿਧਰੇ ਵੀ ਭੀੜ ਵਿਖਾਈ ਨਹੀਂ ਦਿੱਤੀ।। ਇਸ ਯਾਤਰਾ ਲਈ ਸਾਰਿਆਂ ਨੂੰ ਉਨਾਂ ਦੇ ਮੋਬਾਈਲ ਫੋਨ ਉਤੇ ਸੰਦੇਸ਼ ਭੇਜ ਕੇ ਬੁਲਾਇਆ ਜਾ ਰਿਹਾ ਹੈ।। ਉਨਾਂ ਨੂੰ ਡਾਕਟਰੀ ਮੁਆਇਨਾ ਕਿੱਥੇ ਹੋਣਾ ਹੈ ਅਤੇ ਰੇਲ ਗੱਡੀ ਕਦੋਂ ਜਾਣੀ ਹੈ ਆਦਿ ਬਾਰੇ ਇਸ ਸੰਦੇਸ਼ ਵਿਚ ਹੀ ਦਿੱਤੀ ਜਾਂਦੀ ਹੈ।