ਮਨਪ੍ਰੀਤ ਸਿੰਘ ਜੱਸੀ
- ਦੋਧੀਆਂ ਨੂੰ ਸਵੇਰੇ 5 ਵਜੇ ਤੋਂ 8 ਵਜੇ ਤੱਕ ਘਰਾਂ ਵਿਚ ਦੁੱਧ ਸਪਲਾਈ ਦੀ ਦਿੱਤੀ ਛੋਟ
- ਵੇਰਕਾ ਤੇ ਅਮੁਲ ਸਵੇਰੇ 5 ਵਜੇ ਤੋਂ ਦੁਪਹਿਰ 2 ਵਜੇ ਤੱਕ ਵੰਡ ਸਕਣਗੇ ਦੁੱਧ
ਅੰਮ੍ਰਿਤਸਰ, 25 ਮਾਰਚ 2020 - ਕਰਫ਼ਿਊ ਕਾਰਨ ਘਰਾਂ ਵਿਚ ਰਹਿਣ ਲਈ ਮਜਬੂਰ ਹੋਏ ਲੋਕਾਂ ਨੂੰ ਨਿੱਤ ਵਰਤੋਂ ਦੀਆਂ ਵਸਤਾਂ, ਜਿਨ੍ਹਾਂ ਵਿੱਚ ਦੁੱਧ, ਦਵਾਈਆਂ, ਕਰਿਆਨਾ, ਸਬਜ਼ੀਆਂ ਤੇ ਫਲ ਆਦਿ ਸ਼ਾਮਿਲ ਹਨ, ਨੂੰ ਘਰਾਂ ਵਿਚ ਪਹੁੰਚਾਉਣ ਦੇ ਪ੍ਰਬੰਧਾਂ ਤਹਿਤ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਵੱਲੋਂ ਕੀਤੇ ਗਏ ਪ੍ਰਬੰਧਾਂ ਤਹਿਤ ਅੱਜ ਇਹ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ। ਡੀ.ਸੀ. ਢਿੱਲੋਂ ਨੇ ਇਸ ਬਾਬਤ ਦੱਸਿਆ ਕਿ ਦੋਧੀਆਂ ਨੂੰ ਘਰਾਂ ਵਿਚ ਦੁੱਧ ਘਰਾਂ ਵਿਚ ਪਹੁੰਚਾਉਣ ਦੀ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਆਗਿਆ ਹੋਵੇਗੀ।
ਵੇਰਕਾ ਤੇ ਅਮੁੱਲ ਨੂੰ ਸਵੇਰੇ 5 ਵਜੇ ਤੋਂ 2 ਵਜੇ ਤੱਕ ਦਾ ਸਮਾਂ ਸਪਲਾਈ ਲਈ ਦਿੱਤਾ ਗਿਆ ਹੈ, ਪਰ ਉਹ ਵੀ ਦੁੱਧ ਮੁਹੱਲਿਆਂ ਵਿਚ ਜਾ ਕੇ ਸਪਲਾਈ ਕਰਨਗੀਆਂ। ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ ਲਈ ਅੰਮ੍ਰਿਤਸਰ ਦੀ ਕੈਮਿਸਟ ਐਸੋਸੀਏਸ਼ਨ ਤੋਂ ਸਹਿਯੋਗ ਲਿਆ ਗਿਆ ਹੈ। ਉਨ੍ਹਾਂ ਵੱਲੋਂ ਦਿੱਤੇ ਫ਼ੋਨ ਨੰਬਰ 98144-57140, 98143-36406, 98149-24590 ਅਤੇ 98158-11899 ਉੱਤੇ ਵਾਟਸ ਐਪ ਕਰਕੇ ਜਾਂ ਫ਼ੋਨ ਕਰਕੇ ਸਹਾਇਤਾ ਲਈ ਜਾ ਸਕਦੀ ਹੈ।
ਦੁਕਾਨਦਾਰਾਂ ਨੂੰ ਦਵਾਈ ਦੁਕਾਨਾਂ ਉੱਤੇ ਵੇਚਣ ਦੀ ਛੋਟ ਨਹੀਂ ਦਿੱਤੀ ਗਈ। ਇਸੇ ਤਰਾਂ ਘਰੇਲੂ ਗੈਸ ਐਲ ਪੀ ਜੀ ਦੀ ਸਪਲਾਈ ਪਹਿਲਾਂ ਦੀ ਤਰਾਂ ਲੋਕ ਆਪਣੇ ਘਰ ਤੋਂ ਬੁੱਕ ਕਰਵਾਉਣ ਅਤੇ ਏਜੰਸੀ ਸਿਲੰਡਰ ਘਰ-ਘਰ ਸਵੇਰੇ 10 ਤੋਂ 4 ਵਜੇ ਤੱਕ ਪੁੱਜਦੀ ਕਰਨਗੇ। ਢਿੱਲੋਂ ਨੇ ਦੱਸਿਆ ਕਿ ਸਬਜ਼ੀਆਂ, ਜੋ ਕਿ ਸਾਡੀ ਖ਼ੁਰਾਕ ਦਾ ਹਿੱਸਾ ਹਨ, ਦੀ ਸਪਲਾਈ ਲਈ ਐਸ ਡੀ ਐਮ ਆਪਣੇ ਪੱਧਰ ਉੱਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਗਲੀ-ਮੁਹੱਲਿਆਂ ਵਿਚ ਭੇਜਣਾ ਯਕੀਨੀ ਬਨਾਉਣਗੇ।