ਫਿਰੋਜ਼ਪੁਰ, 21ਅਪ੍ਰੈਲ 2020 : ਜ਼ਿਲ੍ਹਾ ਫ਼ਿਰੋਜ਼ਪੁਰ - ਫ਼ਰੀਦਕੋਟ ਦੀ ਹੱਦ 'ਤੇ ਪੈਂਦੇ ਪਿੰਡ ਹੱਸਨ ਭੱਟੀ ਦੇ ਨਜ਼ਦੀਕ ਖੇਤਾਂ ਵਿੱਚ ਟਰੈਕਟਰ ਵਾਲੀ ਮਸ਼ੀਨ ਨਾਲ ਤੂੜੀ ਬਣਾ ਰਹੇ ਕਿਸਾਨ ਦੀ ਟਰੈਕਟਰ ਤੂੜੀ ਵਾਲੀ ਮਸ਼ੀਨ ਟਰਾਲੀ ਅਤੇ ਦਸ ਏਕੜ ਦੇ ਕਰੀਬ ਕਣਕ ਦਾ ਨਾੜ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਅੱਗ 'ਤੇ ਲੋਕਾਂ ਵੱਲੋਂ ਬੜੀ ਜੱਦੋ ਜਹਿਦ ਨਾਲ ਕਾਬੂ ਪਾਇਆ ਗਿਆ ।
ਮਿਲੀ ਜਾਣਕਾਰੀ ਅਨੁਸਾਰ ਜਿਲ੍ਹਾ ਫ਼ਿਰੋਜ਼ਪੁਰ ਦੀ ਹੱਦ ਨਾਲ ਪੈਂਦੇ ਪਿੰਡ ਹੱਸਨ ਭੱਟੀ ਦੇ ਕਿਸਾਨ ਗੁਰਤਾਜ ਸਿੰਘ ਸੰਧੂ ਖੇਤਾਂ ਵਿੱਚ ਟਰੈਕਟਰ ਵਾਲੀ ਮਸ਼ੀਨ ਨਾਲ ਤੂੜੀ ਬਣਾ ਰਿਹਾ ਸੀ ਕਿ ਅਚਾਨਕ ਕਿਸਾਨ ਗੁਰਤਾਜ ਸਿੰਘ ਸੰਧੂ ਦੇ ਟਰੈਕਟਰ ਫਾਰਮ 60 ਵਿੱਚੋਂ ਤਾਰ ਸਪਾਰਕਿੰਗ ਹੋਣ ਕਰਕੇ ਨਾੜ ਨੂੰ ਅੱਗ ਲੱਗ ਗਈ।
ਅੱਗ ਨੇ ਇਨ੍ਹਾਂ ਭਿਆਨਕ ਰੂਪ ਅਖਤਿਆਰ ਕਰ ਲਿਆ ਕਿ ਉਸ ਵੱਲੋਂ ਆਪਣੇ ਟਰੈਕਟਰ ਅਤੇ ਤੂੜੀ ਵਾਲੀ ਮਸ਼ੀਨ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਬਚਾ ਨਹੀਂ ਸਕਿਆ। ਜਿਸ ਕਾਰਨ ਅੱਗ ਨਾਲ ਤੂੜੀ ਵਾਲੀ ਮਸ਼ੀਨ ਟਰੈਕਟਰ ਅਤੇ ਟਰਾਲੀ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਕਣਕ ਦੇ ਨਾੜ ਨੂੰ ਲੱਗੀ ਅੱਗ ਦੀ ਭਿਣਕ ਜਦੋਂ ਪਿੰਡ ਦੇ ਲੋਕਾਂ ਨੂੰ ਪਈ ਤਾਂ ਲੋਕਾਂ ਵੱਲੋਂ ਟਰੈਕਟਰਾਂ ਨਾਲ ਕਣਕ ਦੇ ਨਾੜ ਨੂੰ ਵਾਹੁਣ ਕਰਕੇ ਅਤੇ ਪਾਣੀ ਵਾਲੀਆਂ ਟੈਂਕੀਆਂ ਦੇ ਨਾਲ ਪਾਣੀ ਦਾ ਛਿੜਕਾਅ ਕਰਕੇ ਅੱਗ ਤੇ ਕਾਬੂ ਪਾ ਲਿਆ ਗਿਆ।
ਪਰ ਫਿਰ ਵੀ 10 ਏਕੜ ਦੇ ਕਰੀਬ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ ।ਲੱਗੀ ਅੱਗ ਨੂੰ ਬਝਾਉਣ ਲਈ ਪਿੰਡਾਂ ਦੇ ਲੋਕਾਂ ਵੱਲੋਂ ਦਿਖਾਈ ਇਕਜੁੱਟਤਾ ਕਾਰਨ ਹੋਰ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਖੜ੍ਹੀ ਕਣਕ ਦੀ ਫਸਲ ਨੂੰ ਸੜਨੋਂ ਬਚਾ ਲਿਆ ਗਿਆ ਹੇੈ। ਪਰ ਪਿੰਡ ਦੇ ਲੋਕ ਕਿਸਾਨ ਗੁਰਤਾਜ ਸਿੰਘ ਸੰਧੂ ਦੇ ਟਰੈਕਟਰ ਤੂੜੀ ਵਾਲੀ ਮਸ਼ੀਨ ਤੇ ਟਰਾਲੀ ਨੂੰ ਸੜਨੋ ਨਹੀਂ ਬਚਾ ਸਕੇ। ਕਿਸਾਨ ਦੇ ਕਹਿਣ ਮੁਤਾਬਿਕ ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।