ਅਸ਼ੋਕ ਵਰਮਾ
ਬਠਿੰਡਾ, 01 ਜੂਨ 2020: ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜਿਲਾ ਬਠਿੰਡਾ ਦੀ ਆਨਲਾਇਨ ਮੀਟਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ। ਬੁਲਾਰਿਆਂ ਨੇ ਦੱਸਿਆ ਕਿ ਆਂਗਣਵਾੜੀ ਇੰਪਲਾਇਜ ਫੈਡਰੇਸ਼ਨ ਆਫ਼ ਇੰਡੀਆ ਦੇ ਸੱਦੇ ’ਤੇ 8 ਜੂਨ ਤੋਂ ਜਿਲਾ ਬਠਿੰਡਾ ਦੇ ਵੱਖ-ਵੱਖ ਬਲਾਕਾਂ ਵਿਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਬਲਾਕ ਬਠਿੰਡਾ ਅਤੇ ਬਲਾਕ ਨਥਾਣਾ ਵਿਚ ਰੋਸ ਪ੍ਰਦਰਸ਼ਨ 8 ਜੂਨ ਨੂੰ, ਬਲਾਕ ਸੰਗਤ ਵਿਚ ਰੋਸ ਪ੍ਰਦਰਸ਼ਨ 9 ਜੂਨ ਨੂੰ, ਬਲਾਕ ਭਗਤਾ ਭਾਈ ਵਿਚ ਰੋਸ ਪ੍ਰਦਰਸ਼ਨ 10 ਜੂਨ ਨੂੰ, ਬਲਾਕ ਤਲਵੰਡੀ ਅਤੇ ਬਲਾਕ ਮੌੜ ਰੋਸ ਪ੍ਰਦਰਸ਼ਨ 11 ਜੂਨ ਨੂੰ ਅਤੇ ਬਲਾਕ ਰਾਮਪੁਰਾ ਤੇ ਬਲਾਕ ਫੂਲ ਵਿਚ ਰੋਸ ਪ੍ਰਦਰਸ਼ਨ 12 ਜੂਨ ਨੂੰ ਕੀਤਾ ਜਾ ਰਿਹਾ ਹੈ। ਇਹਨਾਂ ਪ੍ਰਦਰਸ਼ਨਾਂ ਦੇ ਸਬੰਧ ਵਿਚ ਤਿਆਰੀ ਲਈ ਜਿਲਾ ਪੱਧਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਸਮੇਂ ਹਰਗੋਬਿੰਦ ਕੌਰ ਨੇ ਦੱਸਿਆ ਕਿ ਇਹਨਾਂ ਰੋਸ ਪ੍ਰਦਰਸ਼ਨਾਂ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ ਸਮਾਜਿਕ ਸੁਰੱਖਿਆ, ਮੁੱਖ ਮੰਤਰੀ ਪੰਜਾਬ, ਵਿਭਾਗੀ ਮੰਤਰੀ ਅਤੇ ਵਿਭਾਗ ਦੀ ਡਾਇਰੈਕਟਰ ਦੇ ਨਾਮ ਮੰਗ ਪੱਤਰ ਭੇਜੇ ਜਾਣਗੇ।
ਬੁਲਾਰਿਆਂ ਨੇ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਐਲਾਨਿਆ ਜਾਵੇ, ਆਂਗਣਵਾੜੀ ਵਰਕਰ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਜਿਹੜੇ 600 ਰੁਪਏ ਤੇ 300 ਰੁਪਏ ਕੱਟੇ ਹਨ, ਉਹ ਪੈਸੇ ਵਿਭਾਗ ਦੀ ਮੰਤਰੀ ਅਰੁਨਾ ਚੌਧਰੀ ਨਾਲ ਮਾਰਚ ਮਹੀਨੇ ਵਿਚ ਹੋਈ ਮੀਟਿੰਗ ਦੇ ਫੈਸਲੇ ਅਨੁਸਾਰ ਅਕਤੂਬਰ 2018 ਤੋਂ ਏਰੀਅਰ ਸਮੇਤ ਦਿੱਤੇ ਜਾਣ, ਪੋਸ਼ਣ ਅਭਿਆਨ ਦੇ ਅਪ੍ਰੈਲ 2018 ਤੋਂ ਰੁਕੇ ਹੋਏ ਪੈਸੇ ਦਿੱਤੇ ਜਾਣ, ਪ੍ਰਧਾਨ ਮੰਤਰੀ ਮਾਤਰਤਵ ਯੋਜਨਾ ਦੇ ਪੈਸੇ ਜੋ 2017 ਤੋਂ ਨਹੀ ਦਿੱਤੇ ਗਏ, ਦਿੱਤੇ ਜਾਣ, ਕਰੈਚ ਵਰਕਰਾਂ/ਹੈਲਪਰਾਂ ਦੀ ਦੋ ਸਾਲਾਂ ਤੋਂ ਰੁਕੀ ਹੋਈ ਤਨਖਾਹ ਦਿੱਤੀ ਜਾਵੇ ਤੇ ਸੂਬੇ ਦੀਆਂ ਸਾਰੀਆਂ ਵਰਕਰਾਂ/ਹੈਲਪਰਾਂ ਨੂੰ ਹਰ ਮਹੀਨੇ ਸਮੇਂ ਸਿਰ ਤਨਖਾਹਾਂ ਮੁਹੱਈਆ ਕਰਵਾਈਆਂ ਜਾਣ। ਇਸ ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸਮੇਂ ਦੀਆਂ ਸਰਕਾਰਾਂ ਤੇ ਦੋਸ਼ ਲਾਇਆ ਕਿ ਪਿਛਲੇ ਲੰਮੇ ਸਮੇਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਤੇ ਉਹਨਾਂ ਦੀਆਂ ਜਾਇਜ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਜਿਸ ਕਰਕੇ ਉਹਨਾਂ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ। ਇਸ ਮੌਕੇ ਗੁਰਮੀਤ ਕੌਰ ਗੋਨੇਆਣਾ, ਸ਼ਿੰਦਰਪਾਲ ਕੌਰ ਭਗਤਾ, ਜਸਵੀਰ ਕੌਰ ਬਠਿੰਡਾ, ਅੰਮਿ੍ਰਤਪਾਲ ਕੌਰ ਬੱਲੂਆਣਾ, ਜਸਵਿੰਦਰ ਕੌਰ ਭਗਤਾ, ਸਤਵੰਤ ਕੌਰ ਤਲਵੰਡੀ, ਲਾਭ ਕੌਰ ਸੰਗਤ, ਕਿਰਪਾਲ ਕੌਰ ਰਾਮਪੁਰਾ ਫ਼ੂਲ ਤੇ ਸੋਮਾ ਰਾਣੀ ਬਠਿੰਡਾ ਆਦਿ ਆਗੂ ਮੌਜੂਦ ਸਨ।