ਰਜਨੀਸ਼ ਸਰੀਨ
- ਜ਼ਿਲ੍ਹੇ ’ਚ ਰੋਜ਼ਾਨਾ ਵਿਦੇਸ਼ ਤੋਂ ਪਰਤੇ ਵਿਅਕਤੀਆਂ ’ਤੇ ਰੱਖੀ ਜਾ ਰਹੀ ਹੈ ਨਜ਼ਰ
ਨਵਾਂਸ਼ਹਿਰ, 28 ਮਾਰਚ 2020 - ਜ਼ਿਲ੍ਹੇ ਦੇ ਪਿੰਡ-ਪਿੰਡ ਜਾ ਕੇ ਵਿਦੇਸ਼ ਤੋਂ ਆਏ ਲੋਕਾਂ ਦੀ ਸਿਹਤ ਦਾ ਖਿਆਲ ਰੱਖ ਰਹੀਆਂ ਅਤੇ ਉਨ੍ਹਾਂ ਦੇ ਘਰਾਂ ਦੇ ਬਾਹਰ ਕੁਆਰਨਟਾਈਨ ਦੇ ਪੋਸਟਰ ਲਗਾ ਰਹੀਆਂ ਜ਼ਿਲ੍ਹੇ ਦੀਆਂ ਆਂਗਨਵਾੜੀ ਵਰਕਰਾਂ, ਸੁਪਰਵਾਈਜ਼ਰਾਂ ਅਤੇ ਸੀ ਡੀ ਪੀ ਓ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵੱਲੋਂ ਕੋਰੋਨਾ ਖ਼ਿਲਾਫ਼ ਲੜੀ ਜਾ ਰਹੀ ਜੰਗ ਦੀਆਂ ਜ਼ਮੀਨੀ ਨਾਇਕ ਬਣ ਕੇ ਉਭਰ ਰਹੀਆਂ ਹਨ।
ਪਿੰਡ ਮੇਹਲੀ ਵਿਖੇ ਵਿਦੇਸ਼ ਤੋਂ ਆਏ ਇੱਕ ਵਿਅਕਤੀ ਨੂੰ ਕੋਰੋਨਾ ਦੇ ਮੁੱਖ ਲੱਛਣ ਖਾਂਸੀ, ਬੁਖਾਰ ਤੇ ਸਾਹ ’ਚ ਤਕਲੀਫ਼ ਬਾਰੇ ਪੱੁਛ ਕੇ ਉਸ ਦੇ ਘਰ ਦੇ ਬਾਹਰ ਕੁਆਰਨਟਾਈਨ ਦਾ ਪੋਸਟਰ ਲਾਉਣ ਵਾਲੀ ਇੰਦਰਜੀਤ ਕੌਰ ਦੱਸਦੀ ਹੈ ਕਿ ਜਦੋਂ ਜ਼ਿਲ੍ਹੇ ਦੀ ਬੰਗਾ ਬੈਲਟ ’ਚ ਬਾਬਾ ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਪਿੰਡ-ਪਿੰਡ ਅਜਿਹੀ ਡਿਊਟੀ ਕਰਨ ਬਾਰੇ ਹਦਾਇਤ ਕੀਤੀ ਗਈ ਸੀ ਤਾਂ ਇੱਕ ਵਾਰ ਤਾਂ ਉਨ੍ਹਾਂ ਦੇ ਦਿਲ ਦਹਿਲ ਗਏ ਸਨ, ਕਿਉਂ ਜੋ ਉਨ੍ਹਾਂ ਦੇ ਮਨਾਂ ’ਚ ਵੀ ਕੋਰੋਨਾ ਵਾਇਰਸ ਦੀ ਦਹਿਸ਼ਤ ਇਸ ਕਦਰ ਘਰ ਕੀਤੀ ਹੋਈ ਸੀ, ਕਿ ਉਨ੍ਹਾਂ ਨੂੰ ਜਾਪਦਾ ਸੀ ਕਿ ਉਹ ਵੀ ਇਸ ਦਾ ਸ਼ਿਕਾਰ ਬਣ ਜਾਣਗੀਆਂ। ਪਰ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਦਿਤਿਆ ਉੱਪਲ ਵੱਲੋਂ ਉਨ੍ਹਾਂ ਨੂੰ ਇਸ ਮਨੁੱਖਤਾ ਹਿੱਤ ਕਾਰਜ ’ਚ ਆਪਣਾ ਯੋਗਦਾਨ ਪਾਉਣ ਦੀ ਪ੍ਰੇਰਨਾ ਦਿੱਤੇ ਜਾਣ ਬਾਅਦ, ਹੁਣ ਉਨ੍ਹਾਂ ਦੇ ਮਨ ’ਚ ਕੋਈ ਡਰ ਨਹੀਂ ਰਿਹਾ।
ਬੰਗਾ ਬਲਾਕ ਦੀ ਬਾਲ ਵਿਕਾਸ ਤੇ ਪ੍ਰਾਜੈਕਟ ਅਫ਼ਸਰ ਸਵਿਤਾ ਕੁਮਾਰੀ ਦੱਸਦੇ ਹਨ ਕਿ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਵਿਦੇਸ਼ ਤੋਂ ਆਏ ਇੱਕ ਵਿਅਕਤੀ ਦੇ ਕਾਰਨ ਫ਼ੈਲਣ ਬਾਅਦ ਇਹ ਵੀ ਜ਼ਰੂਰੀ ਸੀ ਕਿ ਹਰ ਇੱਕ ਵਿਦੇਸ਼ ਤੋਂ ਆਏ ਵਿਅਕਤੀ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇ। ਇਸ ਨਿਗਰਾਨੀ ਲਈ ਜ਼ਿਲ੍ਹੇ ਨੂੰ ਡਿਪਟੀ ਕਮਿਸ਼ਨਰ ਵੱਲੋਂ 25 ਸੈਕਟਰਾਂ ’ਚ ਵੰਡ ਕੇ, ਹਰੇਕ ਸੈਕਟਰ ਸੁਪਰਵਾਈਜ਼ਰ ਨਾਲ ਇੱਕ-ਇੱਕ ਆਰ ਆਰ ਟੀ ਟੀਮ ਨੂੰ ਤਾਇਨਾਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 759 ਆਂਗਨਵਾੜੀ ਵਰਕਰਾਂ ਬੰਗਾ, ਔੜ, ਨਵਾਂਸ਼ਹਿਰ, ਬਲਾਚੌਰ ਤੇ ਸੜੋਆ ’ਚ ਪੂਰੇ ਹੌਂਸਲੇ ਨਾਲ ਵਿਦੇਸ਼ ਤੋਂ ਪਰਤੇ ਵਿਅਕਤੀਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਸੂਚੀ ਮੁਤਾਬਕ ਭਾਲ ਕਰਕੇ, ਉਸ ਦੇ ਘਰ ਦੇ ਬਾਹਰ ਸਟਿੱਕਰ ਲਾ ਕੇ ਉਸ ਨੂੰ ਘਰ ਰਹਿਣ ਲਈ ਪ੍ਰੇਰਿਤ ਕਰ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਲ ਅਫ਼ਸਰ ਵਿਪਿਨ ਭੰਡਾਰੀ ਜੋ ਕਿ ਇਸ ਮੁਹਿੰਮ ਦੇ ਇੰਚਾਰਜ ਹਨ, ਰੋਜ਼ਾਨਾ ਆਂਗਨਵਾੜੀ ਵਰਕਰਾਂ ਤੇ ਸੁਪਰਵਾਈਜ਼ਰਾਂ ਵੱਲੋਂ ਕੀਤੀ ਜਾਂਦੀ ਫ਼ੀਲਡ ਵਿਜ਼ਿਟ ਦਾ ਜਾਇਜ਼ਾ ਲੈਂਦੇ ਹਨ। ਇਸ ਕੰਮ ਲਈ ਆਂਗਨਵਾੜੀ ਵਰਕਰਾਂ ਫ਼ਾਰਮ ਏ ਭਰਦੀਆਂ ਹਨ ਅਤੇ ਸੀ ਡੀ ਪੀ ਓਜ਼ ਸੁਪਰਵਾਈਜ਼ਰਾਂ ਰਾਹੀਂ ਪ੍ਰਾਪਤ ਇਸ ਫ਼ਾਰਮ ਦਾ ਭਾਗ ਬੀ ਭਰ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਿਪੋਰਟ ਭੇਜਦੇ ਹਨ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸੰਤੋਸ਼ ਵਿਰਦੀ ਦੱਸਦੇ ਹਨ ਕਿ ਜ਼ਿਲ੍ਹੇ ਦੇ ਪੰਜੋ ਸੀ ਡੀ ਪੀ ਓ ਪੂਰਨ ਪੰਕਜ ਔੜ, ਨਰੇਸ਼ ਕੌਰ ਬਲਾਚੌਰ, ਜਸਵਿੰਦਰ ਕੌਰ ਸੜੋਆ ਤੇ ਰੁਚਿਕਾ ਨਵਾਂਸ਼ਹਿਰ ਕੋਰੋਨਾ ਵਾਇਰਸ ਸਬੰਧੀ ਐਨ ਆਰ ਆਈਜ਼ ਦੀ ਕੀਤੀ ਜਾ ਰਹੀ ਪਛਾਣ ਦੇ ਕਾਰਜ ’ਤੇ ਤਨਦੇਹੀ ਨਾਲ ਕੰਮ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ 14 ਦਿਨ ਦੇ ਕੁਆਰਨਟਾਈਨ ਪੀਰੀਅਡ ਤੋਂ ਬਾਅਦ ਅਗਲੇ 14 ਦਿਨ ਵੀ ਰੋਜ਼ਾਨਾ ਆਂਗਨਵਾੜੀ ਵਰਕਰਾਂ ਤੇ ਸੁਪਰਵਾਈਜ਼ਰਾਂ ਇਸ ਕਾਰਜ ’ਚ ਲੱਗੇ ਰਹਿਣਗੇ ਤਾਂ ਜੋ ਉਨ੍ਹਾਂ ’ਚ ਕਿਸੇ ਵੀ ਤਰ੍ਹਾਂ ਦਾ ਕੋਰੋਨਾ ਵਾਇਰਸ ਦਾ ਕੋਈ ਲੱਛਣ ਪਾਏ ਜਾਣ ’ਤੇ ਮੈਡੀਕਲ ਟੀਮ ਨੂੰ ਬੁਲਾਇਆ ਜਾ ਸਕੇ।