ਡਾ. ਪਰਮਜੀਤ ਮਾਨ ਨੇ ਪਠਲਾਵਾ ਵਿਖੇ ਬੱਚਿਆਂ ਦੀ ਅਤੇ ਕੁਲਵਿੰਦਰ ਮਾਨ ਨੇ ਨਾਕਿਆਂ ਤੇ ਕੀਤੀ ਪੁਲਿਸ ਕਰਮਚਾਰੀਆਂ ਦੀ ਜਾਂਚ :
ਨਵਾਂਸ਼ਹਿਰ, 8 ਮਈ 2020 -ਵਿਸ਼ਵ ਵਿਆਪੀ ਮਹਾਂਮਾਰੀ ਕਰੋਨਾ ਵਿਰੁੱਧ ਚੱਲ ਰਹੀ ਜੰਗ ਵਿੱਚ ਆਪਣੇ ਸਹਿਯੋਗ ਦੀ ਵਚਨਬੱਧਤਾ ਨੂੰ ਅਮਲੀ ਜਾਮਾ ਪਹਿਨਾਦੇ ਹੋਏ ਆਈ.ਐਮ.ਏ ਪੰਜਾਬ ਦੇ ਜਨਰਲ ਸਕੱਤਰ ਡਾ. ਪਰਮਜੀਤ ਮਾਨ (ਬੱਚਿਆਂ ਦੇ ਮਾਹਿਰ) ਵਲੋਂ ਪੰਜਾਬ ਵਿੱਚ ਕਰੋਨਾ ਮਹਾਂਮਾਰੀ ਦੇ ਪਹਿਲੇ ਹਾਟਸਪੋਟ ਪਿੰਡ ਪਠਲਾਵਾ ਵਿਖੇ ਪਿੰਡ ਨਿਵਾਸੀਆਂ ਵਲੋਂ ਕੀਤੀ ਗਈ ਪੁਰਜ਼ੋਰ ਮੰਗ ਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ । ਇਸ ਵਿੱਚ ਸਮਾਜਵੇਵੀ ਸੰਸਥਾ “ਏਕ ਨੂਰ ਸੇਵਾ ਸੁਸਾਇਟੀ” ਵਲੋਂ ਸਹਿਯੋਗ ਦਿੱਤਾ ਗਿਆ । ਡਾ. ਪਰਮਜੀਤ ਮਾਨ ਵਲੋਂ ਇਸ ਕੈਂਪ ਦੌਰਾਨ 50 ਬੱਚਿਆਂ ਦੀ ਜਾਂਚ ਕੀਤੀ ਗਈ ਅਤੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ । ਇਸ ਤੋਂ ਇਲਾਵਾ ਉਨ੍ਹਾਂ ਨੇ ਪਿੰਡ ਨਿਵਾਸੀਆਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਜਾਗਰੂਕ ਕੀਤਾ ਤਾਂ ਜੋ ਬੱਚਿਆਂ ਨੂੰ ਇਸ ਮਹਾਂਮਾਰੀ ਦੌਰਾਨ ਸਿਹਤਮੰਦ ਅਤੇ ਸੁਰੱਅਿਤ ਰੱਖਿਆ ਜਾ ਸਕੇ ।
ਆਈ.ਐਮ.ਏ ਸਟੇਟ ਕੌਂਸਲ ਮੈਂਬਰ ਡਾ. ਕੁਲਵਿੰਦਰ ਮਾਨ ਵਲੋਂ ਕਰੋਨਾ ਮਹਾਂਮਾਰੀ ਦੌਰਾਨ ਜਿਲੇ ਦੇ ਮੁੱਖ ਦਫਤਰ, ਸਿਟੀ ਪੁਲਿਸ ਸਟੇਸ਼ਨ ਅਤੇ ਵੱਖ ਵੱਖ ਥਾਵਾਂ ਤੇ ਲਗਾਏ ਗਏ ਪੁਲਿਸ ਨਾਕਿਆਂ ਤੇ ਤਾਇਨਾਤ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ, ਜੋ ਕਿ ਫਰੰਟ ਲਾਈਨ ਵਾਰੀਅਰ ਸੇਵਾ ਨਿਭਾ ਰਹੇ ਹਨ, ਦੀ ਮੈਡੀਕਲ ਜਾਂਚ ਲਗਾਤਾਰ ਕਰ ਰਹੇ ਹਨ । ਡਾ. ਕੁਲਵਿੰਦਰ ਮਾਨ ਵਲੋਂ ਹੁਣ ਤੱਕ 200 ਤੋਂ ਵੱਧ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਾਂਚ ਉਨ੍ਹਾਂ ਦੇ ਡਿਊਟੀ ਸਥਾਨ ਤੇ ਜਾ ਕੇ ਕੀਤੀ ਜਾ ਚੁੱਕੀ ਹੈ ।