ਅਸ਼ੋਕ ਵਰਮਾ
- ਵਾਤਾਵਰਣ ਸਬੰਧੀ ਚੇਤਨਾ ਮੁਹਿੰਮ ਚਲਾਉਣ ਦਾ ਫੈਸਲਾ
ਮਾਨਸਾ, 9 ਮਈ 2020 - ਖੇਡ ਮੈਦਾਨਾਂ 'ਚ ਆਪਣੀ ਖੇਡ ਕਲਾ ਨਾਲ ਲੋਹਾ ਮਨਵਾਉਣ ਵਾਲੇ ਮਾਨਸਾ ਜ਼ਿਲ੍ਹੇ ਦੇ ਖੇਤੀਬਾੜੀ ਨਾਲ ਜੁੜੇ ਪੰਜ ਸਰੀਰਕ ਸਿੱਖਿਆ ਅਧਿਆਪਕਾਂ ਨੇ ਇਸ ਵਾਰ ਤੋਂ ਨਾੜ ਨੂੰ ਅੱਗ ਨਾ ਲਗਾਉਣ ਅਤੇ ਇਸ ਸਬੰਧੀ ਚੇਤਨਾ ਮੁਹਿੰਮ ਵੀ ਚਲਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਹੋਰ ਅਧਿਆਪਕਾਂ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਰੋਨਾ ਦੇ ਕਹਿਰ ਨੂੰ ਦੇਖਦਿਆਂ ਸਾਨੂੰ ਹੁਣ ਕੁਦਰਤ ਨਾਲ ਛੇੜਛਾੜ ਬੰਦ ਕਰ ਦੇਣ ਨਹੀੰ ਸਮੇਂ ਸਮੇਂ ਸਾਨੂੰ ਹੋਰ ਗੰਭੀਰ ਨਤੀਜੇ ਭੁਗਤਣ ਪੈ ਸਕਦੇ ਹਨ।
ਇਨ੍ਹਾਂ ਅਧਿਆਪਕਾਂ ਵਿੱਚ ਸ਼ਾਮਲ ਲੈਕਚਰਾਰ ਅਮਨਦੀਪ ਸਿੰਘ ਝੰਡਾ ਕਲਾਂ ਸਰਕਾਰੀ ਸੈਕੰਡਰੀ ਸਕੂਲ ਕੁਸਲਾ ਜੋ ਨੈਸ਼ਨਲ ਅਤੇ ਅੰਤਰਰਾਸ਼ਟਰੀ ਪੱਧਰ ਤੇ ਐਥਲੈਟਿਕਸ ਦੇ ਖੇਤਰ ਵਿੱਚ ਲਗਾਤਾਰ ਚੰਗੇ ਕੀਰਤੀਮਾਨ ਹਾਸਲ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਕੋਰੋਨਾ ਵਰਗੇ ਭਿਆਨਕ ਵਰਤਾਰੇ ਤੋਂ ਬਾਅਦ ਵੀ ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਰਹੇ ਤਾਂ ਫਿਰ ਸਾਡੀ ਖੈਰ ਨਹੀਂ। ਉਨ੍ਹਾਂ ਕਿਹਾ ਦੇਸ਼ ਦੀਆਂ ਹਕੂਮਤਾਂ ਨੂੰ ਵੀ ਇਸ ਬਾਰੇ ਗੰਭੀਰ ਹੋਣਾ ਪਵੇਗਾ ਅਤੇ ਸਾਨੂੰ ਵੀ ਬਣਦੇ ਨਿਯਮਾਂ ਦੀ ਪਾਲਣ ਕਰਨੀ ਪਵੇਗੀ।
ਕ੍ਰਿਕਟ ਖੇਤਰ 'ਚ ਚੰਗਾ ਨਾਮਣਾ ਖੱਟਣ ਵਾਲੇ ਸਰਕਾਰੀ ਸੈਕੰਡਰੀ ਸਕੂਲ ਭੈਣੀ ਬਾਘਾ ਦੇ ਸਰੀਰਕ ਸਿੱਖਿਆ ਅਧਿਆਪਕ ਨਿਰਮਲ ਸਿੰਘ ਰਣਜੀਤਗੜ ਬਾਂਦਰਾਂ ਜੋ ਤੰਦਰੁਸਤ ਮਿਸ਼ਨ ਪੰਜਾਬ ਅਤੇ ਨਵੀਂ ਖੇਡ ਨੀਤੀ ਦੇ ਜ਼ਿਲ੍ਹਾ ਇੰਚਾਰਜ ਵੀ ਹਨ ਦਾ ਕਹਿਣਾ ਹੈ ਕਿ ਬੇਸ਼ੱਕ ਹਰ ਵਰੇ ਕਣਕ,ਝੋਨਾ ਦੇ ਸੀਜਨ ਮੌਕੇ ਨਾੜ ਕਿਸਾਨਾਂ ਲਈ ਵੱਡੀ ਸਮੱਸਿਆ ਹੈ, ਪਰ ਹੁਣ ਜਦੋ ਵੱਧ ਰਹੇ ਪ੍ਰਦੂਸ਼ਣ ਅਤੇ ਕੁਦਰਤ ਨਾਲ ਹੋਰ ਅਨੇਕਾਂ ਪੱਖੋਂ ਤੋਂ ਮਨੁੱਖੀ ਜ਼ਿਦਗੀਆਂ ਦਾਅ ਤੇ ਲੱਗ ਰਹੀਆਂ ਹਨ,ਤਾਂ ਸਾਨੂੰ ਖੁਦ ਵੀ ਸਖਤ ਫੈਸਲੇ ਲੈਣੇ ਪੈਣਗੇ।
ਹਾਕੀ 'ਚ ਨੈਸ਼ਨਲ ਪੱਧਰ ਤੇ ਵੱਡਾ ਨਾਮਣਾ ਖੱਟਣ ਵਾਲੇ ਸਰੀਰਕ ਸਿੱਖਿਆ ਅਧਿਆਪਕ ਯਾਦਵਿੰਦਰ ਸਿੰਘ ਸ਼ੇਰ ਖਾਂ ਸਰਕਾਰੀ ਸੈਕੰਡਰੀ ਸਕੂਲ ਰਿਉਂਦ ਕਲਾਂ ਅਤੇ ਜਸਵੰਤ ਸਿੰਘ ਝੁਨੀਰ ਸਰਕਾਰੀ ਮਿਡਲ ਸਕੂਲ ਦਾਨੇਵਾਲਾ ਨੇ ਵੀ ਅਪਣੇ ਖੇਤਾਂ ਵਿਚਲੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦਾ ਫੈਸਲਾ ਕੀਤਾ ਹੈ,ਅਤੇ ਭਵਿੱਖ ਵੀ ਇਸ ਚੰਗੇ ਕਦਮਾਂ ਤੇ ਕਾਇਮ ਰਹਿਣ ਦਾ ਪ੍ਰਣ ਲਿਆ ਹੈ।
ਜ਼ਿਲ੍ਹਾ ਪੱਧਰ ਤੇ ਸੈਕੰਡਰੀ ਖੇਡਾਂ ਦੀ ਅਗਵਾਈ ਕਰਨ ਵਾਲੇ ਅਤੇ ਫੁਟਬਾਲ ਖੇਡ ਨਾਲ ਜੁੜੇ ਰਹੇ ਬਲਵੰਤ ਰਾਮ ਸਰਕਾਰੀ ਸੈਕੰਡਰੀ ਸਕੂਲ ਸੰਘਾ ਵੀ ਅਪਣੇ ਦੇ ਖੇਤਾਂ ਵਿਚਲੇ ਨਾੜ ਨੂੰ ਅੱਗ ਨਹੀ ਲਾਉਣਗੇ।ਉਨਾਂ ਜ਼ਿਲਾ ਪ੍ਰਸ਼ਾਸਨ ਵੱਲੋ ਕਿਸਾਨ ਧਿਰਾਂ ਦੇ ਸਹਿਯੋਗ ਨਾਲ ਖੇਤਾਂ ਚ ਅੱਗ ਨਾ ਲਾਉਣ ਦੀ ਮੁਹਿੰਮ ਚ ਸਭਨਾਂ ਨੂੰ ਡਟਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਸਭਨਾਂ ਧਿਰਾਂ ਨੂੰ ਇਕਜੁੱਟ ਹੋਕੇ ਲੋਕ ਲਹਿਰ ਬਣਾਉਣ ਦੀ ਲੋੜ ਹੈ।
ਹੋਰ ਵਰਗ ਵੀ ਇਸ ਰਾਹ ਤੇ ਤੁਰਨ
ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ ਹਰਦੀਪ ਸਿੱਧੂ ਅਤੇ ਜਨਰਲ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਦਾ ਕਹਿਣਾ ਸੀ ਕਿ ਹਰ ਤਰਾਂ ਦੇ ਯਤਨਾਂ ਦੇ ਬਾਵਜੂਦ ਸ਼ਰੇਆਮ ਸਾੜੀ ਜਾ ਰਹੀ ਪਰਾਲੀ ਅਤੇ ਨਾੜ ਦੇ ਧੂੰਏਂ ਨੇ ਵਾਤਾਵਰਣ ਨੂੰ ਇਸ ਹੱਦ ਤੱਕ ਪਲੀਤ ਕਰ ਦਿੱਤਾ ਹੈ ਕਿ ਲੋਕਾਂ ਨੂੰ ਨਾ ਸਿਰਫ ਸਾਹ ਲੈਣਾ ਔਖਾ ਹੋ ਜਾਂਦਾ ਹੈ ਸਗੋਂ ਹੋਰ ਵੀ ਕਈ ਘਾਤਕ ਬਿਮਾਰੀਆਂ ਘੇਰ ਲੈਂਦੀਆਂ ਹਨ। ਅਧਿਆਪਕ ਆਗੂਆਂ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਇਲਾਵਾ ਕਿਸਾਨ ਜੱਥੇਬੰਦੀਆਂ ਨੂੰ ਮਿਲ ਬੈਠਕੇ ਮਸਲੇ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ। ਉਨਾਂ ਆਖਿਆ ਕਿ ਜੇਕਰ ਹੁਣ ਵੀ ਦੇਰੀ ਹੋ ਗਈ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਵੀ ਮੁਆਫ ਨਹੀਂ ਕਰਨਗੀਆਂ। ਆਗੂਆਂ ਨੇ ਸਰੀਰਕ ਸਿੱਖਿਆ ਅਧਿਆਪਕਾਂ ਦੇ ਉਪਰਾਲੇ ਨੂੰ ਸ਼ਲਾਘਾਯੋਗ ਕਰਾਰ ਦਿੰੰਦਿਆਂ ਹਰ ਵਰਗ ਨੂੰ ਇਸ ਰਾਹ ਤੇ ਤੁਰਨ ਦਾ ਸੱਦਾ ਦਿੱਤਾ ਹੈ।