ਰਜਨੀਸ਼ ਸਰੀਨ
- ਹਰੇਕ ਵਿਅਕਤੀ ਨੂੰ ਮੋਬਾਇਲ ਸੁਨੇਹੇ ਤੇ ਫ਼ੋਨ ਕਾਲ ਰਾਹੀਂ ਨੇੜਲੇ ਸੇਵਾ ਕੇਂਦਰ ’ਚ ਸੱਦਿਆ ਜਾਵੇਗਾ
- ਜ਼ਿਲ੍ਹੇ ’ਚ 3000 ਲੋਕਾਂ ਨੇ ਆਪਣੇ ਗ੍ਰਹਿ ਰਾਜ ਜਾਣ ਦੀ ਇੱਛਾ ਪ੍ਰਗਟਾਈ
ਨਵਾਂਸ਼ਹਿਰ, 3 ਮਈ 2020 - ਪੰਜਾਬ ਸਰਕਾਰ ਵੱਲੋਂ ਆਪਣੇ ਪਿੱਤਰੀ ਰਾਜਾਂ ਨੂੰ ਜਾਣ ਦੇ ਚਾਹਵਾਨਾਂ ਲਈ ਖੋਲ੍ਹੀ ਗਈ ਰਜਿਸਟ੍ਰੇਸ਼ਨ ਪ੍ਰਕਿਰਿਆ ਤਹਿਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ 3000 ਪ੍ਰਵਾਸੀਆਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ, ਜਿਨ੍ਹਾਂ ਦੀ ਮੈਡੀਕਲ ਸਕ੍ਰੀਨਿੰਗ 4 ਮਈ ਤੋਂ 5 ਮਈ ਤੱਕ ਨੇੜਲੇ ਸੇਵਾ ਕੇਂਦਰਾਂ ’ਚ ਕਰਵਾਈ ਜਾ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਸੇਵਾ ਕੇਂਦਰਾਂ ’ਚ ਬੁਲਾ ਕੇ, ਮੈਡੀਕਲ ਟੀਮ ਰਾਹੀਂ ਟੈਸਟ ਕਰਵਾ ਕੇ ਫ਼ਾਰਮ ਐਫ਼ ਜਾਰੀ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਹੀ ਉਹ ਆਪਣੇ ਪਿੱਤਰੀ ਰਾਜ ਜਾ ਸਕਣਗੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਵਿਅਕਤੀਆਂ ਨੂੰ ਕੋਈ ਮੁਸ਼ਕਿਲ ਨਾ ਆਉਣ ਦੇਣ ਲਈ ਜਿੱਥੇ ਤਿੰਨਾਂ ਭਾਸ਼ਾਵਾਂ ’ਤੇ ਇਨ੍ਹਾਂ ਵੱਲੋਂ ਰਜਿਸਟ੍ਰੇਸ਼ਨ ਮੌਕੇ ਭਰੇ ਗਏ ਮੋਬਾਇਲ ਨੰਬਰਾਂ ’ਤੇ ਮੈਡੀਕਲ ਸਕ੍ਰੀਨਿੰਗ ਲਈ ਸਮਾਂ, ਸੇਵਾ ਕੇਂਦਰ ਦਾ ਨਾਮ ਦੇ ਕੇ ਸੁਨੇਹੇ ਭੇਜੇ ਜਾ ਰਹੇ ਹਨ, ਉੱਥੇ ਨਾਲ ਹੀ ਜ਼ਿਲ੍ਹਾ ਕੰਟਰੋਲ ਰੂਮ ਤੋਂ ਵੀ ਇਨ੍ਹਾਂ ’ਤੇ ਮੋਬਾਇਲ ’ਤੇ ਫ਼ੋਨ ਕਰਕੇ ਉਨ੍ਹਾਂ ਨੂੰ ਆਪਣੇ ਨੇੜਲੇ ਸੇਵਾ ਕੇਂਦਰ ’ਤੇ ਜਾਣ ਲਈ ਦੱਸਿਆ ਜਾਵੇਗਾ।
ਡਿਪਟੀ ਕਮਿਸ਼ਨਰ ਅਨੁਸਾਰ ਸਹਾਇਕ ਕਮਿਸ਼ਨਰ ਦੀਪਜੋਤ ਕੌਰ ਵੱਲੋਂ ਇਸ ਸਬੰਧੀ ਸਮੁੱਚੇ ਪ੍ਰਬੰਧ ਕਰ ਲਏ ਗਏ ਹਨ, ਜਿਸ ਤਹਿਤ ਔੜ, ਜਗੋਤਿਆਂ ਮੁਹੱਲਾ ਰਾਹੋਂ, ਮੁਕੰਦਪੁਰ, ਬਹਿਰਾਮ, ਕਾਠਗੜ੍ਹ, ਸੁਵਿਧਾ ਕੇਂਦਰ ਬੰਗਾ, ਸੁਵਿਧਾ ਕੇਂਦਰ ਨਵਾਂਸ਼ਹਿਰ ਅਤੇ ਸੁਵਿਧਾ ਕੇਂਦਰ ਬਲਾਚੌਰ ਵਿਖੇ ਸੇਵਾ ਕੇਂਦਰਾਂ ਦਾ ਸਟਾਫ਼ ਇਨ੍ਹਾਂ ਦੀ ਮੱਦਦ ਕਰੇਗਾ।
ਉਨ੍ਹਾਂ ਦੱਸਿਆ ਕਿ ਮੈਡੀਕਲ ਸਕ੍ਰੀਨਿੰਗ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਕੇਵਲ ਦੋ ਦਿਨ 4 ਅਤੇ 5 ਮਈ ਨੂੰ ਹੀ ਹੋਵੇਗੀ। ਉਨ੍ਹਾਂ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਫ਼ੋਨ ’ਤੇ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ’ਚ ਆਉਣ ਵਾਲੇ ਮੈਸੇਜ ਮੁਤਾਬਕ ਜਾਂ ਫ਼ਿਰ ਜ਼ਿਲ੍ਹਾ ਕੰਟਰੋਲ ਰੂਮ ਤੋਂ ਆਉਣ ਵਾਲੀ ਫ਼ੋਨ ਕਾਲ ਮੁਤਾਬਕ ਆਪਣੇ ਨੇੜਲੇ ਉਕਤ ਸੂਚੀ ’ਚ ਦਰਜ ਸੇਵਾ ਕੇਂਦਰ ’ਤੇ ਆਪਣੇ ਵਾਪਸ ਜਾਣ ਵਾਲੇ ਪਰਿਵਾਰਿਕ ਮੈਂਬਰਾਂ ਸਮੇਤ ਪਹੁੰਚ ਕਰਨ ਅਤੇ ਹਰੇਕ ਮੈਂਬਰ ਦਾ ਸਰਟੀਫ਼ਿਕੇਟ ਐਫ਼ ਵੱਖਰੇ ਤੌਰ ’ਤੇ ਪ੍ਰਾਪਤ ਕਰਨ।