ਅਸ਼ੋਕ ਵਰਮਾ
ਮਾਨਸਾ, 22 ਅਪ੍ਰੈਲ 2020 - ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਪਿਛਲੇ ਲੰਮੇ ਸਮੇਂ ਤੋਂ ਪਿੰਡਾਂ ਅਤੇ ਸ਼ਹਿਰਾਂ ਦੀਆਂ ਗਰੀਬ ਬਸਤੀਆਂ ਅੰਦਰ ਮੁਢੱਲੀ ਕਿਸਮ ਦੀਆਂ ਸਿਹਤ ਸੇਵਾਵਾਂ ਦਿੰਦੇ ਆ ਰਹੇ ਪੇਂਡੂ ਡਾਕਟਰਾਂ ਵਜੋਂ ਜਾਣੇ ਜਾਂਦੇ ਮੈਡੀਕਲ ਪ੍ਰੈਕਟੀਸਨਰਾਂ ਵੱਲੋਂ ਸਮਾਜ ਅੰਦਰ ਨਿਭਾਏ ਜਾ ਰਹੇ ਅਹਿਮ ਰੋਲ ਨੂੰ ਦੇਖਦਿਆਂ ਸਿਹਤ ਸੇਵਾਵਾਂ ਐਕਟ ’ਚ ਲੋੜੀਂਦੀ ਸੋਧ ਕਰਕੇ ਪੇਂਡੂ ਡਾਕਟਰਾਂ ਨੂੰ ਪ੍ਰਮਾਣ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਇਹ ਲੋਕ ਬਿਨਾਂ ਕਿਸੇ ਰੁਕਾਵਟ ਦੇ ਸਿਹਤ ਸਹੂਲਤਾਂ ਦੇ ਸਕਣ। ਇੱਕ ਪ੍ਰੈਸ ਬਿਆਨ ਰਾਹੀਂ ਹਲਾ ਬੁਢਲਾਡਾ ਦੇ ਵਿਧਾਇਕ ਨੇ ਕਿਹਾ ਕਿ ਜਦੋਂ ਵੀ ਕੋਈ ਸੰਕਟ ਦੀ ਘੜੀ ਆਈ ਹੈ ਉਸ ਸਮੇਂ ਮੈਡੀਕਲ ਪ੍ਰੈਕਟੀਸਨਰਾਂ ਵੱਲੋਂ ਸਮਾਜ ਨੂੰ ਆਪਣੀ ਯੋਗਤਾ ਅਨੁਸਾਰ ਸੇਵਾਵਾਂ ਨਿਰ ਵਿਘਨ ਜਾਰੀ ਰੱਖੀਆਂ ਜਾਂਦੀਆਂ ਰਹੀਆਂ ਹਨ ਭਾਵੇਂ ਅੱਤਵਾਦ ਦੇ ਕਾਲੇ ਦੌਰ ਦਾ ਸਮਾਂ ਹੋਵੇ,ਭਾਵੇਂ ਹੜ ਪੀੜਤਾਂ ਦੀ ਮਦੱਦ ਕਰਨ ਦੀ ਜਰੂਰਤ ਹੋਵੇ ।
ਉਨਾਂ ਕਿਹਾ ਕਿ ਹੁਣ ਵੀ ਇਹ ਪੇਂਡੂ ਡਾਕਟਰ ਕਰੋਨਾ ਵਾਇਰਸ ਕਾਰਨ ਆਈ ਬਿਪਤਾ ਦੀ ਘੜੀ ਵਿੱਚ ਵੀ ਲੋਕਾਂ ਦੇ ਮੋਢੇ ਨਾਲ ਮੋਢਾ ਜੋੜਦੇ ਹੋਏ ਮਹਾਂਮਾਰੀ ਤੋਂ ਬਚਾਅ ਦੇ ਢੰਗ ਤਰੀਕਿਆਂ ਨੂੰ ਅਪਨਾਉਂਣ , ਇਸ ਦੀ ਕੜੀ ਨੂੰ ਤੋੜਣ ਲਈ ਘਰਾਂ ਅੰਦਰ ਹੀ ਰਹਿਣ ਅਤੇ ਇਸ ਨਾਮੁਰਾਦ ਬਿਮਾਰੀ ਦੇ ਲੱਛਣਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲੇ ਲੋੜਵੰਦ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਵੀ ਦੇ ਰਹੇ ਹਨ । ਉਨਾਂ ਨੇ ਕਿਹਾ ਕਿ ਪੰਜਾਬ ’ਚ ਸਰਕਾਰੀ ਸਿਹਤ ਸੇਵਾਵਾਂ ਦੀ ਰੜਕਵੀਂ ਘਾਟ ਹੈ ਅਤੇ ਪ੍ਰਾਈਵੇਟ ਸੈਕਟਰ ਦੀਆਂ ਸਿਹਤ ਸੇਵਾਵਾਂ ਅਤੀ ਮਹਿੰਗੀਆਂ ਹਨ ਜੋ ਹਰ ਆਦਮੀ ਦੀ ਪਹੁੰਚ ਤੋਂ ਬਾਹਰ ਹਨ ਜਦੋਂ ਕਿ ਵੱਡੀ ਗਿਣਤੀ ਆਬਾਦੀ ਦੀ ਆਰਥਿਕ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈ। ਉਨਾਂ ਦੱਸਿਆ ਕਿ 30 ਫੀਸਦੀ ਤਾਂ ਗਰੀਬੀ ਰੇਖਾ ਤੋਂ ਵੀ ਹੇਠਾਂ ਗੁਜਰ ਬਸਰ ਕਰ ਰਹੀ ਹੈ ਜਿਸ ਨੂੰ ਦੇਖਦਿਆਂ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ ।
ਵਿਧਾਇਕ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਸਰਕਾਰ ਵੱਲੋਂ ਉਲੀਕੇ ਜਾਂਦੇ ਪ੍ਰੋਗਰਾਮਾਂ ਵਿੱਚ ਵੀ ਸਮਰੱਥਾ ਅਨੁਸਾਰ ਯੋਗਦਾਨ ਪਾਉਂਦੇ ਰਹਿੰਦੇ ਹਨ, ਖਾਸ ਤੌਰ ਤੇ ਨਸ਼ਿਆਂ ਅਤੇ ਮਾਦਾ ਭਰੂਣ ਹਤਿੱਆਵਾਂ ਦੇ ਵਿਰੋਧ ਵਿੱਚ ਵੀ ਸਮੇਂ ਸਮੇਂ ਸੈਮੀਨਾਰ ਕਰਕੇ ਲੋਕਾਂ ਨੂੰ ਚੇਤਨ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਮਹੱਤਵਪੂਰਨ ਤੱਥ ਹੈ ਕਿ ਸਰਕਾਰ ਵੱਲੋਂ ਹਰ ਇੱਕ ਨਾਗਰਿਕ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਦੇ ਟੀਚੇ ਦੀ ਵੀ ਪੂਰਤੀ ਇੰਨਾਂ ਵੱਲੋਂ ਕੀਤੀ ਜਾ ਰਹੀ ਹੈ ।
ਉਨਾਂ ਆਖਿਆ ਕਿ ਸਮੇਂ ਸਮੇਂ ਆਈਆਂ ਸਰਕਾਰਾਂ ਨੇ ਵੀ ਇਸ ਸਮੱਸਿਆ ਦੇ ਹੱਲ ਲਈ ਕਈ ਵਾਰ ਨੀਤੀਆਂ ਬਣਾੲਂਆਂ ਗਈਆਂ ਜਿੰਨਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਸਕਿਆ ਹੈ। ਉਨਾਂ ਸਮਾਜਿਕ ਲੋੜ ਵਿੱਚੋਂ ਪੈਦਾ ਹੋਏ ਤੇ ਸਮਾਜ ਅੰਦਰ ਅਹਿਮ ਰੋਲ ਅਦਾ ਕਰ ਰਹੇ ਇਨਾਂ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਹੱਤਵ ਅਤੇ ਸੰਕਟ ਨੂੰ ਮੁੱਖ ਰੱਖਦਿਆਂ ਉਨਾਂ ਨੂੰ ਕੋਈ ਪਾਰਟ ਟਾਇਮ ਸਿੱਖਿਆ ਦੇਕੇ ਮੁੱਢਲੀ ਕਿਸਮ ਦੀਆਂ ਸਿਹਤ ਸੇਵਾਵਾਂ ਦੇਣ ਵਾਰੇ ਪ੍ਰਮਾਣ ਪੱਤਰ ਜਾਰੀ ਕਰਨ ਦੀ ਪੁਰਜੋਰ ਅਪੀਲ ਕੀਤੀ ਹੈ।