ਅਸ਼ੋਕ ਵਰਮਾ
ਬਠਿੰਡਾ, 16 ਮਈ 2020 - ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨ ਜਾਰੀ ਕੀਤੇ ਗਏ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਹਵਾਈ ਝੂਲਾ ਕਰਾਰ ਦਿੰਦਿਆਂ ਆਖਿਆ ਕਿ ਇਸ ਨਾਲ ਸੂਬੇ ਦੀ ਘਰੇਲੂ ਸਨਅਤ ਨੂੰ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦਿੰਦੀ ਅਤੇ ਸਨਅਤਕਾਰਾ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਆਮ ਆਦਮੀ ਪਾਰਟੀ ਦੇ ਵਪਾਰ ਇੰਡਸਟਰੀ ਟ੍ਰੇਡ ਵਿੰਗ ਦੀ ਸੂਬਾ ਪ੍ਰਧਾਨ ਨੀਨਾ ਮਿੱਤਲ ਅਤੇ ਵਾਈਸ ਪ੍ਰਧਾਨ ਅਨਿਲ ਠਾਕੁਰ ਨੇ ਕਿਹਾ ਕਿ ਘਰੇਲੂ ਉਦਯੋਗ ਇਸ ਚਿੰਤਾ ਵਿੱਚ ਹਨ ਕਿ ਉਨਾਂ ਨੂੰ ਕਰੋਨਾ ਵਾਇਰਸ ਦੇ ਲੌਕ ਡਾਊਨ ਦਾ ਆਰਥਿਕ ਬੋਝ ਝੱਲਣਾ ਪੈ ਰਿਹਾ ਹੈ ਜਦੋਂਕਿ ਕੇਂਦਰ ਸਰਕਾਰ ਨੂੰ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਸਨ ਕਿ ਮੰਦੀ ਦੀ ਸੱਟ ਝੱਲਣ ਤੋਂ ਬਾਅਦ ਹੁਣ ਇਹ ਨਵੀਂ ਮਾਰ ਸਹਿ ਰਹੇ ਇੰਡਸਟਰੀ ਮਾਲਕਾਂ, ਵਪਾਰੀਆਂ ਅਤੇ ਛੋਟੇ ਦੁਕਾਨਦਾਰਾਂ ਨੂੰ ਆਰਥਿਕ ਪੈਕੇਜ ਜਾਰੀ ਕਰਨ ਦੇ ਨਾਲ ਨਾਲ ਟੈਕਸਾਂ ਅਤੇ ਹੋਰ ਖ਼ਰਚਿਆਂ ਵਿੱਚ ਰਾਹਤ ਦਿੰਦੀ। ਆਗੂਆਂ ਨੇ ਕਿਹਾ ਕਿ ਸੂਬੇ ਦਾ ਉਦਯੋਗ ਪਹਿਲਾਂ ਹੀ ਵਿੱਤੀ ਬੋਝ ਦੇ ਥੱਲੇ ਹੈ ਅਤੇ ਹੁਣ ਲੇਬਰ ਦੀ ਘਾਟ ਕਾਰਨ ਵੀ ਉਹਨਾਂ ਨੂੰ ਦੁੱਗਣੀ ਮਾਰ ਪਵੇਗੀ।
ਨੀਨਾ ਮਿੱਤਲ ਨੇ ਕਿਹਾ ਕਿ ਇੰਡਸਟਰੀ ਅਤੇ ਮਜ਼ਦੂਰਾਂ ਦਾ ਆਪਸ ਵਿੱਚ ਨੂੰਹ ਮਾਸ ਦਾ ਰਿਸਤਾ ਹੁੰਦਾ ਹੈ ਪ੍ਰੰਤੂ ਪਿਛਲੇ ਲੰਮੇ ਸਮੇਂ ਤੋਂ ਹਾਲਾਤ ਸਹੀ ਨਹੀਂ ਰਹੇ ਕਿਉਂਕਿ ਕਰੋਨਾ ਵਾਇਰਸ ਨੇ ਚਾਰੋਂ ਤਰਫ ਤੋਂ ਸ਼ਿਕੰਜਾ ਕੱਸਿਆ ਹੋਇਆ ਹੈ ਜਿਸ ਦੇ ਸਿੱਟੇ ਵਜੋਂ 2 ਮਹੀਨਿਆਂ ਤੋਂ ਬੰਦ ਪਈ ਇੰਡਸਟਰੀ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਅਨਿਲ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਗਰੀਕਲਚਰ ਇੰਡਸਟਰੀ ਲਈ ਵੀ ਕੋਈ ਖਾਸ ਐਲਾਨ ਨਹੀਂ ਕੀਤਾ ਅਤੇ ਇਸ ਆਰਥਿਕ ਪੈਕੇਜ ਵਿੱਚ ਇੰਡਸਟਰੀ ਦੇ ਹੱਥ ਕੁਝ ਵੀ ਨਹੀਂ ਆਇਆ ਅਤੇ ਹੈਰਾਨਗੀ ਦੀ ਗੱਲ ਹੈ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਘਰੇਲੂ ਉਤਪਾਦਾਂ ਨੂੰ ਖਰੀਦਣ ਤੇ ਜੋਰ ਦੇ ਰਹੇ ਹਨ ਲੇਕਿਨ ਇੰਡਸਟਰੀ ਬਿਨਾਂ ਫਾਈਨਾਂਸ ਦੇ ਅੱਗੇ ਕਿਵੇਂ ਵਧੇਗੀ ਇਹ ਸੋਚਣਾ ਚਾਹੀਦਾ ਹੈ।
ਦੋਵਾਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਉਲਟਾ ਕਿਸਾਨਾਂ ਨੂੰ ਹੋਰ ਕਰਜੇ ਥੱਲੇ ਦੱਬਣ ਦੀ ਕੋਸ਼ਿਸ਼ ਕੀਤੀ ਹੈ । ਉਨਾਂ ਕਿਹਾ ਕਿ ਮਨਰੇਗਾ ਸਕੀਮ ਦੇ ਤਹਿਤ ਲੇਬਰ ਨੂੰ ਆਪਣੇ ਹੀ ਖੇਤਰ ਵਿੱਚ ਕੰਮ ਦੇਣ ਦੀ ਜੋ ਸਕੀਮ ਰੱਖੀ ਗਈ ਉਸ ਨਾਲ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਲੇਬਰ ਦੀ ਕਮੀ ਆ ਜਾਵੇਗੀ ਕਿਉਂਕਿ ਪ੍ਰਵਾਸੀ ਮਜਦੂਰ ਪਹਿਲਾਂ ਹੀ ਆਪਣੇ ਰਾਜਾਂ ਵਿੱਚ ਜਾਣ ਲਈ ਕਾਹਲੇ ਹਨ ਅਤੇ ਦਿਨ ਰਾਤ ਭੁੱਖਮਰੀ ਦਾ ਸ਼ਿਕਾਰ ਹੋ ਕੇ ਪੈਦਲ ਘਰਾਂ ਨੂੰ ਜਾ ਰਹੇ ਹਨ। ਆਪ ਆਗੂਆਂ ਨੇ ਕੇਂਦਰ ਸਰਕਾਰ ਅਤੇ ਖਾਸਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਇੰਡਸਟਰੀ, ਵਪਾਰੀ, ਛੋਟੇ ਦੁਕਾਨਦਾਰ ਅਤੇ ਆਮ ਲੋਕਾਂ ਲਈ ਰਾਹਤ ਭਰੇ ਆਰਥਿਕ ਪੈਕੇਜਾਂ ਦਾ ਐਲਾਨ ਕਰਨ ।