ਹਰੀਸ਼ ਕਾਲੜਾ
- ਵਿਸ਼ਵ 'ਚ ਹੋਰ ਵੀ ਚਮਕੇਗਾ ਆਰਟਿਸਟ ਸੁਖਵੀਰ ਸਿਘ ਦਾ ਨਾਮ
ਰੂਪਨਗਰ, 16 ਅਪ੍ਰੈਲ 2020 - ਜਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਕਾਬੂ ਕਰਨ ਲਈ ਕੀਤੇ ਜਾ ਰਹੇ ਮਿਆਰੀ ਪ੍ਰਬੰਧਾਂ ਤੋਂ ਪ੍ਰੇਰਿਤ ਹੋ ਕੇ ਪ੍ਰਸਿੱਧ ਆਰਟਿਸਟ ਸੁਖਵੀਰ ਸਿੰਘ ਨੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਦਾ ਉਨ੍ਹਾਂ ਦਾ ਹੱਥੀਂ ਬਣਾਇਆ ਪੋਰਟਰੇਟ ਭੇਂਟ ਕੀਤਾ।
ਸ੍ਰੀਮਤੀ ਸੋਨਾਲੀ ਗਿਰੀ ਨੇ ਆਰਟਿਸਟ ਸੁਖਵੀਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਵਿਰੁੱਧ ਚਲਾਈ ਗਈ ਇਸ ਮੁਹਿੰਮ ਵਿਚ ਜਿਥੇ ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਸਹਿਯੋਗ ਦੇ ਰਿਹਾ ਹੈ ਉਥੇ ਹੀ ਆਰਟਿਸਟ ਸੁਖਵੀਰ ਸਿੰਘ ਨੇ ਵੀ ਆਪਣੀ ਕਲਾ ਅਤੇ ਸੰਗੀਤ ਰਾਹੀਂ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਚੱਲ ਰਹੀ ਜਾਗਰੂਕਤਾ ਮੁਹਿੰਮ ਵਿਚ ਅਹਿਮ ਯੋਗਦਾਨ ਦਿੱਤਾ ਹੈ।
ਡਿਪਟੀ ਕਮਿਸ਼ਨਰ ਨੇ ਆਰਟਿਸਟ ਸੁਖਵੀਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬਹੁੱਤ ਹੀ ਸੁੰਦਰ ਪੋਰਟਰੇਟ ਬਣਾ ਕੇ ਭੇਂਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਖਵੀਰ ਸਿੰਘ ਹੋਰ ਲੋਕਾਂ ਲਈ ਵੀ ਇਕ ਮਿਸਾਲ ਹਨ। ਉਨ੍ਹਾਂ ਨੇ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਇਨ੍ਹਾਂ ਦੀ ਪੂਰੀ ਦੁਨਿਆ ਦੇ ਵਿਚ ਹੋਰ ਪ੍ਰਸਿੱਧੀ ਹਾਸਲ ਕਰੇ ਤੇ ਉਨ੍ਹਾਂ ਦਾ ਨਾ ਵੀ ਹੋਰ ਕਲਾਕਾਰਾਂ ਦੀ ਤਰ੍ਹਾਂ ਚਮਕਦਾ ਰਹੇ।
ਇਸ ਮੌਕੇ ਡਿਪਟੀ ਕਮਿਸ਼ਨਰ ਦਫਤਰ ਪਹੁੰਚੇ ਪੋਟਰੇਟ ਆਰਟਿਸਟ ਸੁਖਵੀਰ ਸਿੰਘ ਨੇ ਦੱਸਿਆ ਕਿ ਉਹ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਫੈਲਾਅ ਦੇ ਸਦਕਾ ਪਿਛਲੇ ਮਹੀਨੇ ਚੰਡੀਗੜ੍ਹ ਤੋਂ ਆਕੇ ਆਪਣੇ ਜੱਦੀ ਘਰ ਰੋਪੜ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰਫਿਊ ਲੱਗਣ ਸਮੇਂ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਰੋਜਾਨਾ ਦੀ ਵਰਤੋਂ ਦੀ ਜ਼ਰੂਰੀ ਘਰੇਲੂ ਲੋੜਾਂ ਦੀ ਪੂਰਤੀ ਲਈ ਜ਼ੱਦੋ ਜਹਿਦ ਕਰਨੀ ਪਵੇਗੀ।
ਜਿਸ ਕਾਰਣ ਸਾਰੇ ਪਾਸੇ ਡਰ ਦਾ ਮਾਹੌਲ ਬਣ ਗਿਆ ਪਰ ਡਿਪਟੀ ਕਮਿਸ਼ਨਰ ਵਲੋਂ ਕੀਤੇ ਗਏ ਪੁੱਖਤਾ ਇੰਤਜਾਮਾਂ ਕਾਰਣ ਇਲਾਕਾ ਨਿਵਾਸੀਆਂ ਨੂੰ ਸਾਰੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਨਵਾਂਸ਼ਹਿਰ ਦੇ ਵਿਚ ਲਗਾਤਾਰ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੋਹਾਲੀ ਜਿਲ੍ਹੇ ਵਿਚ ਵੀ ਮਾਮਲਿਆਂ ਦੀ ਪੁਸ਼ਟੀ ਹੋਈ ਤਾਂ ਲੱਗ ਰਿਹਾ ਸੀ ਕਿ ਬਹੁੱਤ ਜਲਦ ਸਾਡਾ ਜਿਲ੍ਹਾ ਵੀ ਇਸ ਬਿਮਾਰੀ ਦੀ ਲਪੇਟ ਵਿਚ ਆ ਜਾਵੇਗਾ ਪਰ ਸੁਚਾਰੂ ਪ੍ਰਸ਼ਾਸਨਿਕ ਪ੍ਰਬੰਧਾਂ ਸਦਕਾ ਇਸ ਬਿਮਾਰੀ ਨੂੰ ਕਾਬੂ ਕੀਤਾ ਗਿਆ। ਜਿਸ ਤੋਂ ਪ੍ਰੇਰਤ ਹੋ ਕੇ ਉਨ੍ਹਾਂ ਨੇ ਸਤਿਕਾਰਯੋਗ ਡੀ.ਸੀ. ਸਾਹਿਬ ਨੂੰ ਨਿਜੀ ਤੌਰ 'ਤੇ ਸ਼ੁੱਕਰਾਨਾ ਕਰਨ ਲਈ ਇਨ੍ਹਾਂ ਦਾ ਪੋਟਰੇਟ ਬਣਾਕੇ ਭੇਂਟ ਕੀਤਾ ਹੈ।
ਜ਼ਿਕਰਯੋਗ ਹੈ ਕਿ ਸੁਖਵੀਰ ਸਿੰਘ ਵਲੋਂ ਜਦੋਂ ਡਿਪਟੀ ਕਮਿਸ਼ਨਰ ਦੇ ਪੋਟਰੇਟ ਦੀ ਲਾਈਵ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਤਾਂ ਪੰਜਾਬ ਸਮੇਤ ਵਿਦੇਸ਼ਾਂ ਤੋਂ ਵੀ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਗਈ ਜਿਸਨੂੰ ਹਜ਼ਾਰਾਂ ਦੀ ਗਿਣਤੀ ਵਿਚ ਦੇਖਿਆ ਵੀ ਜਾ ਰਿਹਾ ਹੈ।